ਨੌਜਵਾਨਾਂ ਵੱਲੋਂ ਨਸ਼ਿਆਂ ਵਿਰੁੱਧ ਲੜਨ ਦਾ ਅਹਿਦ

ਨੌਜਵਾਨਾਂ ਵੱਲੋਂ ਨਸ਼ਿਆਂ ਵਿਰੁੱਧ ਲੜਨ ਦਾ ਅਹਿਦ

ਪਟਿਆਲਾ- ਨੌਜਵਾਨਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਪਟਿਆਲਾ ਪੁਲੀਸ ਵੱਲੋਂ ਅੱਜ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇੱਥੇ ਥਾਪਰ ਇੰਸਟੀਚਿਊਟ ਵਿੱਚ ਕਰਵਾਏ ਗਏ ਇਸ ਸੈਮੀਨਾਰ ਦੌਰਾਨ ‘ਪਾਵਰ ਹਾਊਸ ਯੂਥ ਕਲੱਬ’ ਅਤੇ ‘ਯੂਥ ਫੈਡਰੇਸ਼ਨ ਆਫ ਇੰਡੀਆ’ ਦਾ ਵੀ ਸਹਿਯੋਗ ਰਿਹਾ। ਸੈਮੀਨਾਰ ’ਚ ਸ਼ਾਮਲ ਨੌਜਵਾਨਾਂ ਨੇ ਨਸ਼ਿਆਂ ਦੀ ਮੰਗ ਦੇ ਖ਼ਾਤਮੇ ਲਈ ਯਤਨ ਜੁਟਾਉਣ ਦਾ ਅਹਿਦ ਲਿਆ। ‘ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਜੇਤੂ’ ਪਰਮਿੰਦਰ ਭਲਵਾਨ ਨੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਡਟਣ ਦੀ ਸਹੁੰ ਚੁਕਵਾਈ। ਕਮਿਊਨਿਟੀ ਪੁਲੀਸਿੰਗ ਦੇ ਹਿੱਸੇ ਵਜੋਂ ਕਰਵਾਏ ਗਏ ਇਸ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਐੱਸਐੱਸਪੀ ਵਰੁਣ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਅਤੇ ਡੀਜੀਪੀ ਗੌਰਵ ਯਾਦਵ ਦੀ ਅਗਵਾਈ ਹੇਠਾਂ ਵਿੱਢੀ ਗਈ ਮੁਹਿੰਮ ਤਹਿਤ ਪੁਲੀਸ ਵੱਲੋਂ ਨਸ਼ਿਆਂ ਦੀ ਸਪਲਾਈ ਲਾਈਨ ਤੋੜ ਦਿੱਤੀ ਗਈ ਹੈ। ਵਰੁਣ ਸ਼ਰਮਾ ਨੇ ਕਿਹਾ ਕਿ ਹੁਣ ਨਸ਼ਿਆਂ ਦੀ ਮੰਗ ਘਟਾਉਣ ਲਈ ਸਮਾਜ ਦੇ ਸਾਰੇ ਵਰਗਾਂ ਨੂੰ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ। ਉਨ੍ਹਾਂ ਨਸ਼ਾ ਤਸਕਰਾਂ ਦੀ ਸੂਚਨਾ ਪੁਲੀਸ ਨੂੰ ਦੇਣ ਲਈ ਪ੍ਰੇਰਿਆ।

ਇਸ ਮੌਕੇ ਜਨਹਿਤ ਸੰਮਤੀ ਵੱਲੋਂ ਨਸ਼ਿਆਂ ਵਿਰੁੱਧ 3 ਦਸੰਬਰ ਨੂੰ ਕਰਵਾਈ ਜਾਣ ਵਾਲੀ ਹਾਫ ਮੈਰਾਥਨ ਦਾ ਪੋਸਟਰ ਤੇ ਪਾਵਰ ਹਾਊਸ ਯੂਥ ਕਲੱਬ ਤੇ ਫਾਊਂਡੇਸ਼ਨ ਫਾਰ ਡਰੱਗ ਫਰੀ ਵਰਲਡ ਦਾ ਨਸ਼ਿਆਂ ਵਿਰੁੱਧ ਜਾਗਰੂਕਤਾ ਕਿਤਾਬਚਾ ਵੀ ਜਾਰੀ ਕੀਤਾ ਗਿਆ। ਐੱਸਪੀ (ਸਿਟੀ) ਸਰਫ਼ਰਾਜ ਆਲਮ, ਥਾਪਰ ਇੰਸਟੀਚਿਊਟ ਦੇ ਡਿਪਟੀ ਡਾਇਰੈਕਟਰ ਡਾ. ਅਜੇ ਬਾਤਿਸ਼, ਡੀਨ ਡਾ. ਇੰਦਰਵੀਰ ਚਾਨਾ, ਰਜਿਸਟਰਾਰ ਡਾ. ਗੁਰਬਿੰਦਰ ਸਿੰਘ, ਡੀ.ਐੱਸ.ਪੀ. ਸੰਜੀਵ ਸਿੰਗਲਾ ਨੇ ਸੈਮੀਨਾਰ ਲਈ ਭਰਪੂਰ ਸਹਿਯੋਗ ਦਿੱਤਾ।