ਗਾਰਸੈਟੀ ਵੱਲੋਂ ਏਆਈ ਰੈਗੂਲੇਟਰੀ ਢਾਂਚੇ ਬਾਰੇ ਭਾਰਤ-ਅਮਰੀਕਾ ਵਾਰਤਾ ਦੀ ਵਕਾਲਤ

ਗਾਰਸੈਟੀ ਵੱਲੋਂ ਏਆਈ ਰੈਗੂਲੇਟਰੀ ਢਾਂਚੇ ਬਾਰੇ ਭਾਰਤ-ਅਮਰੀਕਾ ਵਾਰਤਾ ਦੀ ਵਕਾਲਤ

ਨਵੀਂ ਦਿੱਲੀ- ਭਾਰਤ ’ਚ ਅਮਰੀਕੀ ਸਫ਼ੀਰ ਐਰਿਕ ਗਾਰਸੈਟੀ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਰੈਗੂਲੇਟਰੀ ਢਾਂਚੇ ਬਾਰੇ ਨਵੀਂ ਦਿੱਲੀ ਅਤੇ ਵਾਸ਼ਿੰਗਟਨ ਵਿਚਕਾਰ ਗੂੜ੍ਹੀ ਵਾਰਤਾ ਦੀ ਵਕਾਲਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਦੋ ਲੋਕਤੰਤਰਾਂ ਵਿਚਕਾਰ ‘ਗੁਣਾਤਮਕ ਸਬੰਧ’ ਦੀ ਇੱਕ ਮਿਸਾਲ ਹੋ ਸਕਦੀ ਹੈ। ਆਬਜ਼ਰਵਰ ਰਿਸਰਚ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਸੈਸ਼ਨ ’ਚ ਗਾਰਸੈਟੀ ਨੇ ਏਆਈ ਦੇ ਤਹਾਬਕੁਨ ਸਿੱਟਿਆਂ ਤੋਂ ਬਚਣ ਲਈ ਉਸ ਤੋਂ ਅਗਾਂਹ ਜਾਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਰਤ ਨਾਲ ਇਸ ਮੁੱਦੇ ’ਤੇ ਡੂੰਘਾਈ ਨਾਲ ਗੱਲਬਾਤ ਹੋਈ ਹੈ ਪਰ ਦੋਵੇਂ ਮੁਲਕਾਂ ਵੱਲੋਂ ਕੋਈ ਰਸਮੀ ਤਜਵੀਜ਼ ਪੇਸ਼ ਨਹੀਂ ਕੀਤੀ ਗਈ ਹੈ। ਗਾਰਸੈਟੀ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਮੁੱਦੇ ’ਤੇ ਮਜ਼ਬੂਤੀ ਨਾਲ ਆਵਾਜ਼ ਉਠਾਈ ਹੈ। ਪਿਛਲੇ ਹਫ਼ਤੇ ਭਾਰਤ-ਅਮਰੀਕਾ ਵਿਚਕਾਰ 2+2 ਵਾਰਤਾ ਬਾਰੇ ਗਾਰਸੈਟੀ ਨੇ ਕਿਹਾ ਕਿ ਦੋਵੇਂ ਮੁਲਕਾਂ ਨੇ ਰੱਖਿਆ ਭਾਈਵਾਲੀ ਮਜ਼ਬੂਤ ਕਰਨ ਲਈ ਅਹਿਮ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਨਵੀਂ ਦਿੱਲੀ ਅਤੇ ਵਾਸ਼ਿੰਗਟਨ ਨੂੰ ਏਆਈ ਵਾਰਤਾ ’ਤੇ ਡੂੰਘਾਈ ਨਾਲ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਨੂੰ ਵਿਗਿਆਨ ਅਤੇ ਤਕਨਾਲੋਜੀ ਭਾਈਵਾਲੀ ਹੋਰ ਗੂੜ੍ਹਾ ਕਰਨ ਦੇ ਰਾਹ ਵਿਚਾਰਨੇ ਚਾਹੀਦੇ ਹਨ। ਅਮਰੀਕੀ ਸਫ਼ੀਰ ਨੇ ਕਿਹਾ ਕਿ 2+2 ਵਾਰਤਾ ਮਗਰੋਂ ਜਾਰੀ ਸਾਂਝੇ ਬਿਆਨ ’ਚ ਭਾਰਤ ਅਤੇ ਅਮਰੀਕਾ ਦੀ ਕੁਆਡ ਰਾਹੀਂ ਹਿੰਦ-ਪ੍ਰਸ਼ਾਂਤ ਖ਼ਿੱਤੇ ਦੀ ਸੁਰੱਖਿਆ ਲਈ ਲਚਕੀਲੇ ਨਿਯਮਾਂ ’ਤੇ ਆਧਾਰਿਤ ਅੰਤਰਰਾਸ਼ਟਰੀ ਵਿਵਸਥਾ ਨੂੰ ਉਤਸ਼ਾਹਿਤ ਕਰਨ ਦਾ ਅਹਿਦ ਦਰਸਾਉਂਦਾ ਹੈ।