ਗਾਜ਼ਾ: ਸ਼ਿਫ਼ਾ ਹਸਪਤਾਲ ਖਾਲੀ ਕਰਨ ਦੇ ਹੁਕਮ

ਗਾਜ਼ਾ: ਸ਼ਿਫ਼ਾ ਹਸਪਤਾਲ ਖਾਲੀ ਕਰਨ ਦੇ ਹੁਕਮ

ਮਰੀਜ਼ ਤੇ ਡਾਕਟਰੀ ਅਮਲਾ ਹਸਪਤਾਲ ਛੱਡਣ ਲਈ ਮਜਬੂਰ
ਖ਼ਾਨ ਯੂਨਿਸ- ਇਜ਼ਰਾਇਲੀ ਫ਼ੌਜ ਵੱਲੋਂ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ’ਤੇ ਕਬਜ਼ੇ ਮਗਰੋਂ ਉਥੋਂ ਮਰੀਜ਼ਾਂ ਸਣੇ ਆਮ ਲੋਕ ਦੂਜੀਆਂ ਥਾਵਾਂ ’ਤੇ ਜਾਣ ਲਈ ਮਜਬੂਰ ਹੋ ਗਏ ਹਨ। ਗਾਜ਼ਾ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਕਈ ਮਰੀਜ਼ਾਂ, ਮੈਡੀਕਲ ਅਮਲੇ ਅਤੇ ਸ਼ਰਨਾਰਥੀਆਂ ਨੇ ਸ਼ਿਫ਼ਾ ਹਸਪਤਾਲ ਛੱਡ ਦਿੱਤਾ ਹੈ। ਫਲਸਤੀਨੀ ਅਧਿਕਾਰੀਆਂ ਅਤੇ ਇਜ਼ਰਾਇਲੀ ਫ਼ੌਜ ਨੇ ਸ਼ਿਫ਼ਾ ਹਸਪਤਾਲ ਤੋਂ ਹਿਜਰਤ ਬਾਰੇ ਵੱਖ ਵੱਖ ਬਿਆਨ ਦਿੱਤੇ ਹਨ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਫ਼ੌਜ ਤੋਂ ਹਸਪਤਾਲ ਖਾਲੀ ਕਰਨ ਦੇ ਹੁਕਮ ਮਿਲੇ ਹਨ ਜਦਕਿ ਫ਼ੌਜ ਨੇ ਕਿਹਾ ਕਿ ਜਿਹੜੇ ਹਸਪਤਾਲ ਛੱਡ ਕੇ ਜਾਣਾ ਚਾਹੁੰਦੇ ਸਨ ਉਨ੍ਹਾਂ ਨੂੰ ਸੁਰੱਖਿਅਤ ਰਾਹ ਦੀ ਪੇਸ਼ਕਸ਼ ਕੀਤੀ ਗਈ ਹੈ। ਉਧਰ ਗਾਜ਼ਾ ਪੱਟੀ ’ਚ ਇੰਟਰਨੈੱਟ ਅਤੇ ਫੋਨ ਸੇਵਾਵਾਂ ਅੰਸ਼ਕ ਤੌਰ ’ਤੇ ਬਹਾਲ ਕਰ ਦਿੱਤੀਆਂ ਗਈਆਂ ਹਨ। ਇਸ ਦੌਰਾਨ ਖ਼ਾਨ ਯੂਨਿਸ ਦੇ ਬਾਹਰਵਾਰ ਪੈਂਦੇ ਹਮਾਦ ਸਿਟੀ ਦੀ ਇਕ ਰਿਹਾਇਸ਼ੀ ਇਮਾਰਤ ’ਤੇ ਇਜ਼ਰਾਇਲੀ ਹਵਾਈ ਹਮਲੇ ’ਚ 26 ਫਲਸਤੀਨੀ ਮਾਰੇ ਗਏ। ਜਿਹੜੇ ਹਸਪਤਾਲ ’ਚ ਲਾਸ਼ਾਂ ਭੇਜੀਆਂ ਗਈਆਂ ਹਨ, ਉਥੋਂ ਦੇ ਇਕ ਡਾਕਟਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਹਮਲੇ ’ਚ 20 ਜਣੇ ਹੋਰ ਜ਼ਖ਼ਮੀ ਹੋਏ ਹਨ। ਇਜ਼ਰਾਇਲੀ ਫ਼ੌਜ ਨੇ ਪਹਿਲਾਂ ਆਮ ਲੋਕਾਂ ਨੂੰ ਉੱਤਰੀ ਗਾਜ਼ਾ ਛੱਡਣ ਦੇ ਹੁਕਮ ਦਿੱਤੇ ਸਨ ਪਰ ਉਨ੍ਹਾਂ ਦੱਖਣੀ ਜ਼ੋਨ ’ਚ ਵੀ ਬੰਬਾਰੀ ਜਾਰੀ ਰੱਖੀ ਹੈ ਜਿਥੇ ਖ਼ਾਨ ਯੂਨਿਸ ਪੈਂਦਾ ਹੈ। ਇਕ ਦਿਨ ਪਹਿਲਾਂ ਨੁਸਰਤ ਸ਼ਰਨਾਰਥੀ ਕੈਂਪ ’ਤੇ ਹੋਏ ਹਮਲੇ ’ਚ 41 ਵਿਅਕਤੀ ਮਾਰੇ ਗਏ ਸਨ। ਇਜ਼ਰਾਇਲੀ ਫ਼ੌਜ ਹਸਪਤਾਲ ਨੂੰ ਆਖਦੀ ਆ ਰਹੀ ਹੈ ਕਿ ਉਹ ਕਈ ਹਜ਼ਾਰ ਲੋਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਕਰੇ। ਉਨ੍ਹਾਂ ਹਸਪਤਾਲ ਦੇ ਡਾਇਰੈਕਟਰ ਨੂੰ ਕਿਹਾ ਹੈ ਕਿ ਜਿਹੜੇ ਲੋਕ ਸੁਰੱਖਿਅਤ ਰਾਹ ਰਾਹੀਂ ਹਸਪਤਾਲ ਛੱਡਣਾ ਚਾਹੁੰਦੇ ਹਨ, ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇ ਪਰ ਸਿਹਤ ਮੰਤਰਾਲੇ ਦੇ ਤਰਜਮਾਨ ਮੇਧਤ ਅੱਬਾਸ ਨੇ ਕਿਹਾ ਕਿ ਫ਼ੌਜ ਨੇ ਹਸਪਤਾਲ ਨੂੰ ਇਕ ਘੰਟੇ ਦੇ ਅੰਦਰ ਖਾਲੀ ਕਰਨ ਦੇ ਹੁਕਮ ਸੁਣਾਏ ਹਨ। ਉਂਜ ਫ਼ੌਜ ਨੇ ਕਿਹਾ ਕਿ ਉਸ ਨੇ ਹਸਪਤਾਲ ਖਾਲੀ ਕਰਨ ਦੇ ਕੋਈ ਹੁਕਮ ਨਹੀਂ ਦਿੱਤੇ ਹਨ ਅਤੇ ਜਿਹੜੇ ਮਰੀਜ਼ਾਂ ਦਾ ਉਥੋਂ ਨਿਕਲਣਾ ਮੁਸ਼ਕਲ ਹੈ, ਉਨ੍ਹਾਂ ਦੀ ਸਹਾਇਤਾ ਲਈ ਡਾਕਟਰੀ ਅਮਲੇ ਨੂੰ ਉਥੇ ਰਹਿਣ ਦੀ ਇਜਾਜ਼ਤ ਦਿੱਤੀ ਗਈ ਹੈ। ਈਂਧਣ ਦੀ ਕਮੀ ਕਾਰਨ ਲੋਕਾਂ ਲਈ ਰਾਹਤ ਸਮੱਗਰੀ ਨਾ ਪਹੁੰਚਣ ਦੇ ਇਕ ਦਿਨ ਬਾਅਦ ਇਜ਼ਰਾਈਲ ਨੇ ਕਿਹਾ ਕਿ ਉਹ ਸੰਚਾਰ ਸੇਵਾਵਾਂ ਲਈ ਰੋਜ਼ਾਨਾ 10 ਹਜ਼ਾਰ ਲਿਟਰ ਈਂਧਣ ਗਾਜ਼ਾ ਭੇਜੇਗਾ।