ਗਾਜ਼ਾ: ਈਂਧਣ ਦੀ ਕਮੀ ਕਾਰਨ ਰਾਹਤ ਸਮੱਗਰੀ ਦੀ ਆਮਦ ਰੁਕੀ

ਗਾਜ਼ਾ: ਈਂਧਣ ਦੀ ਕਮੀ ਕਾਰਨ ਰਾਹਤ ਸਮੱਗਰੀ ਦੀ ਆਮਦ ਰੁਕੀ

ਹਮਾਸ ਵੱਲੋਂ ਬੰਧਕ ਬਣਾਈ ਗਈ ਇਕ ਹੋਰ ਸੈਨਿਕ ਦੀ ਲਾਸ਼ ਮਿਲੀ
ਰਾਫ਼ਾਹ-
ਇੰਟਰਨੈੱਟ ਅਤੇ ਫੋਨ ਨੈੱਟਵਰਕ ਲਈ ਲੋੜੀਂਦਾ ਈਂਧਣ ਨਾ ਹੋਣ ਕਾਰਨ ਗਾਜ਼ਾ ਪੱਟੀ ’ਚ ਸੰਚਾਰ ਪ੍ਰਣਾਲੀਆਂ ਲਗਾਤਾਰ ਦੂਜੇ ਦਿਨ ਠੱਪ ਰਹੀਆਂ। ਈਂਂਧਣ ਦੀ ਕਮੀ ਕਾਰਨ ਸਰਹੱਦ ਪਾਰੋਂ ਰਾਹਤ ਸਮੱਗਰੀ ਦੀ ਆਮਦ ’ਤੇ ਰੋਕ ਲੱਗ ਗਈ ਹੈ। ਰਾਹਤ ਏਜੰਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਛੇਤੀ ਹੀ ਭੁੱਖਮਰੀ ਫੈਲ ਸਕਦੀ ਹੈ। ਇਜ਼ਰਾਈਲ ਫ਼ੌਜ ਵੱਲੋਂ ਜਦੋਂ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਸ਼ਿਫ਼ਾ ਦੀ ਤਲਾਸ਼ੀ ਲਈ ਜਾ ਰਹੀ ਹੈ ਤਾਂ ਉਸ ਨੂੰ ਹਮਾਸ ਵੱਲੋਂ ਬੰਧਕ ਬਣਾਈ ਗਈ ਆਪਣੀ ਇਕ ਹੋਰ ਜਵਾਨ ਕਾਰਪੋਰਲ ਨੋਆ ਮਾਰਸਿਆਨੋ ਦੀ ਲਾਸ਼ ਮਿਲੀ ਹੈ। ਫ਼ੌਜ ਨੇ ਕਿਹਾ ਕਿ ਮਾਰਿਆਨੋ ਦੀ ਲਾਸ਼ ਵੀ ਸ਼ਿਫ਼ਾ ਹਸਪਤਾਲ ਨੇੜਲੀ ਇਮਾਰਤ ’ਚੋਂ ਮਿਲੀ ਹੈ ਜਿਥੋਂ ਵੀਰਵਾਰ ਨੂੰ ਇਕ ਹੋਰ ਬੰਧਕ ਯੇਹੁਦਿਤ ਵੀਜ਼ (65) ਦੀ ਲਾਸ਼ ਮਿਲੀ ਸੀ।

ਹਮਾਸ ਵੱਲੋਂ ਬੰਧਕ ਬਣਾਏ ਗਏ ਕਰੀਬ 240 ਵਿਅਕਤੀਆਂ ’ਚੋਂ ਹੁਣ ਤੱਕ ਚਾਰ ਬੰਧਕਾਂ ਦੀ ਹਮਲੇ ’ਚ ਮੌਤ ਹੋ ਚੁੱਕੀ ਹੈ ਜਦਕਿ ਚਾਰ ਹੋਰ ਨੂੰ ਆਜ਼ਾਦ ਕਰ ਦਿੱਤਾ ਗਿਆ ਸੀ ਅਤੇ ਇਕ ਹੋਰ ਨੂੰ ਬਚਾਇਆ ਜਾ ਚੁੱਕਾ ਹੈ। ਸੰਯੁਕਤ ਰਾਸ਼ਟਰ ਦੇ ਵਰਲਡ ਫੂਡ ਪ੍ਰੋਗਰਾਮ ਦੀ ਮੱਧ-ਪੂਰਬ ਖੇਤਰੀ ਤਰਜਮਾਨ ਅਬੀਰ ਇਤੇਫਾ ਨੇ ਕਾਹਿਰਾ ’ਚ ਕਿਹਾ ਕਿ ਗਾਜ਼ਾ ਨੂੰ ਹੁਣ ਰੋਜ਼ਾਨਾ ਸਿਰਫ਼ 10 ਫ਼ੀਸਦ ਹੀ ਭੋਜਨ ਦੀ ਸਪਲਾਈ ਹੋ ਰਹੀ ਹੈ। ਉਸ ਨੇ ਕਿਹਾ ਕਿ ਗਾਜ਼ਾ ’ਚ ਕੁਝ ਹੀ ਟਰੱਕਾਂ ਦੇ ਦਾਖ਼ਲ ਹੋਣ ਅਤੇ ਭੋਜਨ ਵੰਡਣ ਲਈ ਈਂਧਣ ਦਾ ਕੋਈ ਹੀਲਾ ਨਾ ਹੋਣ ਕਾਰਨ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਸਕਦੇ ਹਨ। ਫਲਸਤੀਨੀ ਸ਼ਰਨਾਰਥੀਆਂ ਬਾਰੇ ਸੰਯੁਕਤ ਰਾਸ਼ਟਰ ਏਜੰਸੀ ਨੇ ਕਿਹਾ ਕਿ ਈਂਧਣ, ਪਾਣੀ ਅਤੇ ਮਾਨਵੀ ਸਹਾਇਤਾ ਨੂੰ ਜੰਗ ਦੇ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ। ਉਧਰ ਇਜ਼ਰਾਇਲੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਸ਼ਿਫ਼ਾ ਹਸਪਤਾਲ ਅੰਦਰ ਇਕ ਖੁੱਡ ਮਿਲੀ ਹੈ ਜਿਸ ਨੂੰ ਉਹ ਸੁਰੰਗ ਦਾ ਰਾਹ ਦੱਸ ਰਹੇ ਹਨ। ਇਜ਼ਰਾਈਲ ਕਈ ਵਰ੍ਹਿਆਂ ਤੋਂ ਆਖਦਾ ਆ ਰਿਹਾ ਹੈ ਕਿ ਹਸਪਤਾਲ ਅੰਦਰ ਹਮਾਸ ਦਾ ਹੈੱਡਕੁਆਰਟਰ ਹੈ ਪਰ ਹੁਣ ਤਲਾਸ਼ੀ ਦੌਰਾਨ ਅਜਿਹੇ ਕੋਈ ਪੁਖ਼ਤਾ ਸਬੂਤ ਹੱਥ ਨਹੀਂ ਲੱਗੇ ਹਨ।