ਤਿਲੰਗਾਨਾ ’ਚ ਕਾਂਗਰਸ ਨੂੰ ਮਿਲ ਰਿਹੈ ਭਰਵਾਂ ਸਮਰਥਨ: ਰਾਹੁਲ

ਤਿਲੰਗਾਨਾ ’ਚ ਕਾਂਗਰਸ ਨੂੰ ਮਿਲ ਰਿਹੈ ਭਰਵਾਂ ਸਮਰਥਨ: ਰਾਹੁਲ

ਕੇਂਦਰ ’ਚੋਂ ਭਾਜਪਾ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਦਾਅਵਾ
ਹੈਦਰਾਬਾਦ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਇੱਥੇ ਕਿਹਾ ਕਿ ਤਿਲੰਗਾਨਾ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਲਈ ਸਮਰਥਨ ਦਾ ‘ਤੂਫ਼ਾਨ’ ਆਉਣ ਵਾਲਾ ਹੈ ਅਤੇ ਸੂਬੇ ਵਿੱਚ ਸੱਤਾਧਾਰੀ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਬੁਰੀ ਤਰ੍ਹਾਂ ਹਾਰੇਗੀ।

ਖਾਮਮ ਜ਼ਿਲ੍ਹੇ ਦੇ ਪਿਨਾਪਾਕਾ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਦੋਸ਼ ਲਾਇਆ ਕਿ ਬੀਆਰਐੱਸ ਦਾ ਭ੍ਰਿਸ਼ਟਾਚਾਰ ਪੂਰੇ ਸੂਬੇ ਵਿੱਚ ਦੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਪਹਿਲਾਂ ਉਦੇਸ਼ ‘ਤਿਲੰਗਾਨਾ ਵਿੱਚ ਲੋਕਾਂ ਦੀ ਸਰਕਾਰ ਬਣਾਉਣਾ’ ਅਤੇ ਇਸ ਮਗਰੋਂ ਕੇਂਦਰ ਵਿੱਚ ਨਰਿੰਦਰ ਮੋਦੀ ਸਰਕਾਰ ਨੂੰ ‘ਸੱਤਾ ਤੋਂ ਹਟਾਉਣਾ’ ਹੈ।

ਰਾਹੁਲ ਨੇ ਕਿਹਾ, ‘‘ਕੇਸੀਆਰ ਨੂੰ ਪਤਾ ਲੱਗ ਗਿਆ ਹੈ ਕਿ ਤਿਲੰਗਾਨਾ ਵਿੱਚ ਕਾਂਗਰਸ ਦਾ ‘ਤੂਫ਼ਾਨ’ ਆਉਣ ਵਾਲਾ ਹੈ… ਅਜਿਹਾ ਤੂਫ਼ਾਨ ਆਉਣ ਵਾਲਾ ਹੈ ਕਿ ਕੇਸੀਆਰ ਅਤੇ ਉਨ੍ਹਾਂ ਦੀ ਪਾਰਟੀ ਤਿਲੰਗਾਨਾ ਵਿੱਚ ਨਜ਼ਰ ਨਹੀਂ ਆਵੇਗੀ।’’ ਉਨ੍ਹਾਂ ਕਿਹਾ, ‘‘ਮੁੱਖ ਮੰਤਰੀ (ਕੇ. ਚੰਦਰਸ਼ੇਖਰ ਰਾਓ) ਪੁੱਛਦੇ ਹਨ ਕਿ ਕਾਂਗਰਸ ਪਾਰਟੀ ਨੇ ਕੀ ਕੀਤਾ ਹੈ? ਮੁੱਖ ਮੰਤਰੀ ਸਾਹਬ, ਜਿਸ ਸਕੂਲ ਅਤੇ ਕਾਲਜ ਵਿੱਚ ਤੁਸੀਂ ਪੜ੍ਹਾਈ ਕੀਤੀ, ਉਸ ਨੂੰ ਕਾਂਗਰਸ ਨੇ ਬਣਾਇਆ। ਜਿਨ੍ਹਾਂ ਸੜਕਾਂ ’ਤੇ ਤੁਸੀਂ ਯਾਤਰਾ ਕਰਦੇ ਹੋ, ਉਹ ਸੜਕਾਂ ਕਾਂਗਰਸ ਨੇ ਬਣਾਈਆਂ ਹਨ।’’

ਰਾਹੁਲ ਨੇ ਕਿਹਾ ਕਿ ਕਾਂਗਰਸ ਨੇ ਤਿਲੰਗਾਨਾ ਵਿੱਚ ਨੌਜਵਾਨਾਂ ਦੇ ਹੱਕ ਵਿੱਚ ਵਿਕਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਹੀ ਸੀ, ਜਿਸ ਨੇ ਤਿਲੰਗਾਨਾ ਸੂਬਾ ਬਣਾਉਣ ਦਾ ਵਾਅਦਾ ਪੂਰਾ ਕੀਤਾ ਅਤੇ ਹੈਦਰਾਬਾਦ ਨੂੰ ‘ਦੁਨੀਆ ਦੀ ਆਈਟੀ ਰਾਜਧਾਨੀ’ ਬਣਾਇਆ। ਉਨ੍ਹਾਂ ਕਿਹਾ, ‘‘ਮੁਕਾਬਲਾ ‘ਦੋਰਾਲਾ’ (ਜਾਗੀਰਦਾਰ) ਤਿਲੰਗਾਨਾ ਅਤੇ ‘ਪ੍ਰਜਾਲਾ’ (ਲੋਕਾਂ) ਤਿਲੰਗਾਨਾ ਦਰਮਿਆਨ ਹੈ।’’ ਉਨ੍ਹਾਂ ਦੋਸ਼ ਲਾਇਆ ਕਿ ਸ਼ਰਾਬ ਅਤੇ ਰੇਤ ਸਣੇ ਸਾਰੇ ਵਿਭਾਗ ‘ਜਿੱਥੋਂ ਪੈਸਾ ਬਣਦਾ ਹੈ’, ਮੁੱਖ ਮੰਤਰੀ ਦੇ ਪਰਿਵਾਰ ਦੇ ਹੱਥਾਂ ਵਿੱਚ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਲੋਕ ਜਦੋਂ ਇੱਕ ਵੱਖਰਾ ਸੂਬਾ ਚਾਹੁੰਦੇ ਸਨ ਉਦੋਂ ਉਨ੍ਹਾਂ ‘ਲੋਕਾਂ ਦੇ ਤਿਲੰਗਾਨਾ’ ਦਾ ਸੁਫ਼ਨਾ ਦੇਖਿਆ ਸੀ ਪਰ ‘ਕੇਸੀਆਰ’ ਸਿਰਫ਼ ਇੱਕ ਪਰਿਵਾਰ ਦੇ ਸੁਫ਼ਨੇ ਨੂੰ ਪੂਰਾ ਕਰ ਰਹੇ ਹਨ।

ਉਨ੍ਹਾਂ ਦੋਸ਼ ਲਾਇਆ ਕਿ ਬੀਆਰਐੱਸ, ਭਾਜਪਾ ਅਤੇ ਅਸਦੂਦੀਨ ਓਵਾਇਸੀ ਦੀ ਅਗਵਾਈ ਵਾਲੀ ਏਆਈਐੱਮਆਈਐੱਮ ਦੀ ਆਪਸ ’ਚ ਮਿਲੀਭੁਗਤ ਹੈ। ਉਨ੍ਹਾਂ ਚੇਤੇ ਕਰਵਾਇਆ ਕਿ ਬੀਆਰਐੱਸ ਨੇ ਲੋਕ ਸਭਾ ਵਿੱਚ ਨਰਿੰਦਰ ਮੋਦੀ ਸਰਕਾਰ ਦਾ ਸਮਰਥਨ ਕੀਤਾ ਸੀ। ਰਾਹੁਲ ਨੇ ਏਆਈਐੱਮਆਈਐੱਮ ’ਤੇ ਭਾਜਪਾ ਦੀ ਮਦਦ ਕਰਵਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਜਿੱਥੇ ਵੀ ਕਾਂਗਰਸ ਚੋਣਾਂ ਲੜਦੀ ਹੈ, ਉੱਥੇ ਉਹ (ਏਆਈਐੱਮਆਈਐੱਮ) ਆਪਣੇ ਉਮੀਦਵਾਰ ਉਤਾਰਦੀ ਹੈ। ਉਨ੍ਹਾਂ ਕਿਹਾ ਕਿ ਚੋਣ ਮੁਕਾਬਲਾ ਕਾਂਗਰਸ ਅਤੇ ਬੀਆਰਐੱਸ ਵਿਚਾਲੇ ਹੈ। ਰਾਹੁਲ ਨੇ ਕਿਹਾ ਕਿ ਏਆਈਐੱਮਆਈਐੱਸ ਅਤੇ ਭਾਜਪਾ ਚੋਣਾਂ ਵਿੱਚ ਬੀਆਰਐੱਸ ਦੀ ਮਦਦ ਕਰ ਰਹੀ ਹੈ।

ਤਿਲੰਗਾਨਾ ਦੇ ਲੋਕਾਂ ਲਈ ਕਾਂਗਰਸ ਦੀਆਂ ਛੇ ਗਾਰੰਟੀਆਂ ਦੇ ਵਾਅਦੇ ’ਤੇ ਉਨ੍ਹਾਂ ਕਿਹਾ ਕਿ ਇਹ ਕੇਸੀਆਰ ਅਤੇ ਨਰਿੰਦਰ ਮੋਦੀ ਦੇ ਵਾਅਦਿਆਂ ਦੀ ਤਰ੍ਹਾਂ ਖੋਖਲੇ ਨਹੀਂ ਹਨ।

ਕਾਂਗਰਸ ਨੇਤਾ ਨੇ ਕਿਹਾ, ‘‘ਸਾਡਾ ਪਹਿਲਾ ਉਦੇਸ਼ ਤਿਲੰਗਾਨਾ ਵਿੱਚ ਲੋਕਾਂ ਦੀ ਸਰਕਾਰ ਬਣਾਉਣਾ ਹੈ। ਇਸ ਮਗਰੋਂ ਅਸੀਂ ਦਿੱਲੀ (ਕੇਂਦਰ) ਵਿੱਚ ਨਰਿੰਦਰ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰ ਦਿਆਂਗੇ।’’