ਨਿਊਯਾਰਕ ਦੇ ਸਰਕਾਰੀ ਸਕੂਲਾਂ ’ਚ ਦੀਵਾਲੀ ’ਤੇ ਹੋਵੇਗੀ ਛੁੱਟੀ, ਗਵਰਨਰ ਨੇ ਕਾਨੂੰਨ ’ਤੇ ਦਸਤਖ਼ਤ ਕੀਤੇ

ਨਿਊਯਾਰਕ ਦੇ ਸਰਕਾਰੀ ਸਕੂਲਾਂ ’ਚ ਦੀਵਾਲੀ ’ਤੇ ਹੋਵੇਗੀ ਛੁੱਟੀ, ਗਵਰਨਰ ਨੇ ਕਾਨੂੰਨ ’ਤੇ ਦਸਤਖ਼ਤ ਕੀਤੇ

ਨਿਊਯਾਰਕ : ਅਮਰੀਕਾ ਦੇ ਨਿਊਯਾਰਕ ਸ਼ਹਿਰ ਦੀ ਗਵਰਨਰ ਕੈਥੀ ਹੋਚੁਲ ਨੇ ਇਕ ਇਤਿਹਾਸਕ ਕਦਮ ਚੁੱਕਦੇ ਹੋਏ ਨਿਊਯਾਰਕ ਸਿਟੀ ਦੇ ਪਬਲਿਕ ਸਕੂਲਾਂ ਵਿਚ ਦੀਵਾਲੀ ਦੀ ਛੁੱਟੀ ਘੋਸ਼ਿਤ ਕਰਨ ਦੇ ਬਿੱਲ ’ਤੇ ਦਸਤਖ਼ਤ ਕੀਤੇ। ਹੋਚੁਲ ਨੇ ਮੰਗਲਵਾਰ ਨੂੰ ਕਿਹਾ ਕਿ ਨਿਊਯਾਰਕ ਸ਼ਹਿਰ ਵਿਭਿੰਨ ਧਰਮਾਂ ਤੇ ਸੱਭਿਆਚਾਰਾਂ ਨਾਲ ਭਰਪੂਰ ਹੈ ਅਤੇ ਅਸੀਂ ਇਸ ਨੂੰ ਪਛਾਣਨ ਅਤੇ ਇਸ ਵਿਭਿੰਨਤਾ ਨੂੰ ਮਨਾਉਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਣ ਜਾ ਰਹੇ ਹਾਂ। ਹੋਚੁਲ ਨੇ ਗਵਰਨਰ ਦੇ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਕਿਹਾ, ‘ਨਿਊਯਾਰਕ ਸਿਟੀ ਦੇ ਸਾਰੇ ਪਬਲਿਕ ਸਕੂਲ ਹਰ ਸਾਲ ਭਾਰਤੀ ਕੈਲੰਡਰ ਦੇ ਅੱਠਵੇਂ ਮਹੀਨੇ ਦੇ 15ਵੇਂ ਦਿਨ ਬੰਦ ਰਹਿਣਗੇ, ਜਿਸ ਨੂੰ ਦੀਵਾਲੀ ਵਜੋਂ ਜਾਣਿਆ ਜਾਂਦਾ ਹੈ।’
ਹੋਚੁਲ ਨੇ ਕਿਹਾ ਦੀਵਾਲੀ ਨੂੰ ਨਿਊਯਾਰਕ ਸਿਟੀ ਸਕੂਲ ਦੀ ਛੁੱਟੀ ਵਜੋਂ ਮਨੋਨੀਤ ਕਰਨਾ ‘ਸਾਡੇ ਬੱਚਿਆਂ ਲਈ ਦੁਨੀਆ ਭਰ ਦੀਆਂ ਪਰੰਪਰਾਵਾਂ ਬਾਰੇ ਸਿੱਖਣ ਅਤੇ ਮਨਾਉਣ ਦਾ ਇੱਕ ਮੌਕਾ ਹੈ।’ ਇਸ ਬਿੱਲ ’ਤੇ ਟੈਂਪਲ ਸੋਸਾਇਟੀ ਆਫ ਉੱਤਰੀ ਅਮਰੀਕਾ ਵਿਖੇ ਇੱਕ ਵਿਸ਼ੇਸ਼ ਸਵਾਗਤ ਦੌਰਾਨ ਦਸਤਖ਼ਤ ਕੀਤੇ ਗਏ ਸਨ। ਨਿਊਯਾਰਕ ਸਿਟੀ ਡਿਪਾਰਟਮੈਂਟ ਆਫ਼ ਐਜੂਕੇਸ਼ਨ ਅਨੁਸਾਰ ਸਾਲ 2022-23 ਵਿੱਚ NY3 ਸਕੂਲ ਪ੍ਰਣਾਲੀ ਵਿੱਚ 1,047,895 ਵਿਦਿਆਰਥੀ ਹਨ। ਇਨ੍ਹਾਂ ਵਿੱਚੋਂ 16.5 ਫੀਸਦੀ ਵਿਦਿਆਰਥੀ ਏਸ਼ੀਅਨ ਹਨ।
ਨਿਊਯਾਰਕ ਸਟੇਟ ਅਸੈਂਬਲੀਵੁਮੈਨ’ ਜੈਨੀਫਰ ਰਾਜਕੁਮਾਰ ਨੇ ਸਕੂਲਾਂ ’ਚ ਦੀਵਾਲੀ ਦੀ ਛੁੱਟੀ ਨੂੰ ਲੈ ਕੇ ਪਹਿਲ ਕੀਤੀ ਸੀ। ਜੈਨੀਫਰ ਰਾਜਕੁਮਾਰ ਨੇ ਕਿਹਾ, ‘ਨਿਊਯਾਰਕ ਦੇ ਲੋਕਾਂ ਦੀਆਂ ਪੀੜ੍ਹੀਆਂ ਹੁਣ ਦੀਵਾਲੀ, ਰੌਸ਼ਨੀਆਂ ਦਾ ਤਿਉਹਾਰ ਮਨਾਉਣਗੀਆਂ।’ ਬਿੱਲ ’ਤੇ ਦਸਤਖ਼ਤ ਕਰਕੇ ਅਸੀਂ ਨਿਊਯਾਰਕ ਦੇ 600,000 ਤੋਂ ਵੱਧ ਹਿੰਦੂਆਂ, ਸਿੱਖਾਂ, ਜੈਨੀਆਂ ਅਤੇ ਬੋਧੀਆਂ ਨੂੰ ਮਾਨਤਾ ਦਿੰਦੇ ਹਾਂ।’’ ਨਿਊ ਅਮਰੀਕਨ ਵੋਟਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਦਿਲੀਪ ਨਾਥ ਨੇ ਇੱਕ ਰਿਲੀਜ਼ ਵਿੱਚ ਕਿਹਾ ਕਿ ਉਨ੍ਹਾਂ ਨੂੰ ਇਹ ਦੇਖ ਕੇ ਮਾਣ ਹੈ ਕਿ ਹੋਚੁਲ ਨੇ ਦੀਵਾਲੀ ਦੀ ਛੁੱਟੀ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ’ਤੇ ਆਖਰਕਾਰ ਕਾਰਵਾਈ ਕਰਦਿਆਂ ਇਸ ਨੂੰ ਕਾਨੂੰਨ ਦਾ ਰੂਪ ਦਿੱਤਾ ਹੈ।