ਭਾਜਪਾ ਨੇ ਬੁੰਦੇਲਖੰਡ ਪੈਕੇਜ ਦਾ ਇੱਕ ਵੀ ਪੈਸਾ ਲੋਕਾਂ ’ਤੇ ਨਹੀਂ ਖਰਚਿਆ: ਰਾਹੁਲ

ਭਾਜਪਾ ਨੇ ਬੁੰਦੇਲਖੰਡ ਪੈਕੇਜ ਦਾ ਇੱਕ ਵੀ ਪੈਸਾ ਲੋਕਾਂ ’ਤੇ ਨਹੀਂ ਖਰਚਿਆ: ਰਾਹੁਲ

ਭੁਪਾਲ- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਭਾਜਪਾ ’ਤੇ ਯੂਪੀਏ ਸਰਕਾਰ ਦੌਰਾਨ ਬੁੰਦੇਲਖੰਡ ਖੇਤਰ ਲਈ ਮਨਜ਼ੂਰ ਹੋਏ 7,000 ਕਰੋੜ ਰੁਪਏ ਦੇ ਪੈਕੇਜ ਵਿੱਚ ਭ੍ਰਿਸ਼ਟਾਚਾਰ ਹੋਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ’ਚੋਂ ਇੱਕ ਵੀ ਰੁਪੱਈਆ ਲੋਕਾਂ ’ਤੇ ਨਹੀਂ ਖਰਚਿਆ ਗਿਆ। ਰਾਹੁਲ ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਜ਼ਿਲ੍ਹੇ ’ਚ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਸੂਬੇ ਵਿੱਚ 17 ਨਵੰਬਰ ਨੂੰ ਵਿਧਾਨ ਸਭਾ ਚੋਣਾਂ ਹੋਣਗੀਆਂ।

ਰਾਹੁਲ ਨੇ ਕਿਹਾ, ‘‘ਯੂਪੀਏ ਸਰਕਾਰ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ 7,000 ਕਰੋੜ ਰੁਪਏ ਦਾ ਬੁੰਦੇਲਖੰਡ ਪੈਕੇਜ ਲੈ ਕੇ ਆਈ ਸੀ ਪਰ ਤੁਹਾਨੂੰ (ਜਨਤਾ) ਇਸ ’ਚੋਂ ਇੱਕ ਰੁਪਿਆ ਵੀ ਨਹੀਂ ਮਿਲਿਆ। ਸਿੰਜਾਈ, ਕਿਸਾਨਾਂ ਅਤੇ ਮਜ਼ਦੂਰਾਂ ’ਤੇ ਖਰਚ ਕਰਨ ਦੀ ਜਗ੍ਹਾ ਸਾਰਾ ਪੈਸਾ ਭਾਜਪਾ ਵਾਲਿਆਂ ਨੇ ਖੋਹ ਲਿਆ।’’ ਮੱਧ ਪ੍ਰਦੇਸ਼ ਅਤੇ ਕੇਂਦਰ ਦੀਆਂ ਭਾਜਪਾ ਸਰਕਾਰਾਂ ’ਤੇ ‘ਸੂਟ-ਬੂਟ’ ਪਹਿਨਣ ਵਾਲਿਆਂ ਲਈ ਕੰਮ ਕਰਨ ਦਾ ਦੋਸ਼ ਲਗਾਉਂਦਿਆਂ ਰਾਹੁਲ ਨੇ ਕਿਹਾ ਕਿ ਲੋਕਾਂ ਕੋਲ ਦੋ ਬਦਲ ਹਨ; ਪਹਿਲਾ ਅਰਬਪਤੀਆਂ ਦੀ ਸਰਕਾਰ ਜੋ ਸਿਰਫ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੈ ਅਤੇ ਦੂਜਾ ਕਾਂਗਰਸ, ਜੋ ਕਿਸਾਨਾਂ, ਮਜ਼ਦੂਰਾਂ ਛੋਟੇ ਵਪਾਰੀਆਂ ਅਤੇ ਨੌਜਵਾਨਾਂ ਲਈ ਕੰਮ ਕਰਦੀ ਹੈ। ਉਨ੍ਹਾਂ ਲੋਕਾਂ ਤੋਂ ਪੁੱਛਿਆ ਕਿ ਕੀ ਉਨ੍ਹਾਂ ਨੇ ਕੇਂਦਰੀ ਮੰਤਰੀ (ਨਰਿੰਦਰ ਸਿੰਘ ਤੋਮਰ) ਦੇ ਪੁੱਤਰ ਦੀ ਵੀਡੀਓ ਦੇਖੀ ਹੈ। ਉਨ੍ਹਾਂ ਕਿਹਾ ਕਿ ਤੋਮਰ ਦਾ ਪੁੱਤਰ ਵਾਇਰਲ ਵੀਡੀਓ ਵਿੱਚ 15 ਕਰੋੜ ਤੋਂ 100 ਕਰੋੜ ਰੁਪਏ ਦੇ ਲੈਣ-ਦੇਣ ਦੀ ਗੱਲ ਕਰ ਰਿਹਾ ਹੈ। ਰਾਹੁਲ ਨੇ ਕਿਹਾ, ‘‘ਇਹ ਲੋਕਾਂ ਦਾ ਪੈਸਾ ਹੈ। ਇਹ ਮੱਧ ਪ੍ਰਦੇਸ਼ ਵਾਸੀਆਂ ਦਾ ਪੈਸਾ ਹੈ।’’ ਉਧਰ ਕੇਂਦਰੀ ਮੰਤਰੀ ਦੇ ਪੁੱਤਰ ਨੇ ਇਹ ਵੀਡੀਓ ਫਰਜ਼ੀ ਹੋਣ ਦਾ ਦਾਅਵਾ ਕੀਤਾ ਹੈ।