ਵਪਾਰ ਸਮਝੌਤਾ ਭਾਰਤ ਤੇ ਬਰਤਾਨੀਆ ਦੇ ਰਿਸ਼ਤਿਆਂ ਦਾ ਕੇਂਦਰ: ਜੈਸ਼ੰਕਰ

ਵਪਾਰ ਸਮਝੌਤਾ ਭਾਰਤ ਤੇ ਬਰਤਾਨੀਆ ਦੇ ਰਿਸ਼ਤਿਆਂ ਦਾ ਕੇਂਦਰ: ਜੈਸ਼ੰਕਰ

ਵਿਦੇਸ਼ ਮੰਤਰੀ ਮੁਤਾਬਕ ਮੁਕਤ ਵਪਾਰ ਸਮਝੌਤੇ (ਐਫਟੀਏ) ’ਤੇ ਦੋਵਾਂ ਦੇਸ਼ਾਂ ਵਿਚਾਲੇ ਫਾਇਦੇਮੰਦ ਸਹਿਮਤੀ ਬਣਨ ਦੀ ਉਮੀਦ
ਲੰਡਨ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਇਸ ਵੇਲੇ ਮੁਕਤ ਵਪਾਰ ਸਮਝੌਤਾ (ਐਫਟੀਏ) ਭਾਰਤ ਤੇ ਬਰਤਾਨੀਆ ਦੇ ਸਬੰਧਾਂ ਦੇ ਕੇਂਦਰ ’ਚ ਹੈ ਤੇ ਭਾਰਤ ਨੂੰ ਉਮੀਦ ਹੈ ਕਿ ਇਸ ਉਤੇ ਜਾਰੀ ਵਾਰਤਾ ’ਚ ਦੋਵੇਂ ਧਿਰਾਂ ਇਕ-ਦੂਜੇ ਲਈ ਫ਼ਾਇਦੇਮੰਦ ਸਹਿਮਤੀ ਉਤੇ ਪਹੁੰਚ ਜਾਣਗੀਆਂ। ਜੈਸ਼ੰਕਰ ਨੇ ਇੱਥੇ ਸੋਮਵਾਰ ਸ਼ਾਮ ਬਰਤਾਨਵੀ ਸੰਸਦ ਲਾਗੇ ਵੈਸਟਮਿੰਸਟਰ ਹਾਲ ਵਿਚ ਭਾਰਤੀ ਹਾਈ ਕਮਿਸ਼ਨ ਵੱਲੋਂ ਕਰਵਾਏ ਗਏ ਵਿਸ਼ੇਸ਼ ਦੀਵਾਲੀ ਸਮਾਰੋਹ ’ਚ ਮੌਜੂਦ ਭਾਰਤੀ ਮੂਲ ਦੇ ਵੱਡੀ ਗਿਣਤੀ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਦੁਵੱਲੇ ਸਬੰਧਾਂ ਨੂੰ ਦੁਨੀਆ ਲਈ ‘ਸਕਾਰਾਤਮਕ ਸ਼ਕਤੀ’ ਕਰਾਰ ਦਿੱਤਾ। ਉਨ੍ਹਾਂ ਭਾਰਤ ਵਿਚ ਤੇਜ਼ੀ ਨਾਲ ਹੋ ਰਹੇ ਤਕਨੀਕ ਸਬੰਧੀ ਬਦਲਾਅ ਤੇ ਸਮਾਜਿਕ-ਆਰਥਿਕ ਵਿਕਾਸ ਬਾਰੇ ਵੀ ਵਿਚਾਰ ਸਾਂਝੇ ਕੀਤੇ। ਜ਼ਿਕਰਯੋਗ ਹੈ ਕਿ ਜੈਸ਼ੰਕਰ ਦੁਵੱਲੇ ਸਬੰਧਾਂ ਦੇ ਵੱਖ-ਵੱਖ ਪਹਿਲੂਆਂ ਦੀ ਸਮੀਖਿਆ ਕਰਨ ਤੇ ‘ਦੋਸਤਾਨਾ ਸਬੰਧਾਂ ਨੂੰ ਨਵੀਂ ਰਫ਼ਤਾਰ’ ਦੇਣ ਦੇ ਮੰਤਵ ਨਾਲ ਬਰਤਾਨੀਆ ਦੇ ਪੰਜ ਦਿਨਾ ਦੌਰੇ ਉਤੇ ਆਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਏਜੰਡਾ-2030 ਵਿਚ ਸੰਪਰਕ, ਵਪਾਰ, ਰੱਖਿਆ ਤੇ ਸੁਰੱਖਿਆ, ਸਿਹਤ ਤੇ ਜਲਵਾਯੂ ਤਬਦੀਲੀ ਉਤੇ ਮਿਲ ਕੇ ਕੰਮ ਕਰਨ ਦੀ ਲੋੜ ਹੈ। ਜੈਸ਼ੰਕਰ ਨੇ ਕਿਹਾ ਕਿ ਏਜੰਡਾ-2030 ਨੂੰ ਸੱਚ ਕਰਨ ਲਈ ਅੱਜ ਉਸ ਪੱਖ ਉਤੇ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ ਜਿਸ ਨੂੰ ਅਧਿਕਾਰਤ ਤੌਰ ’ਤੇ ਵਪਾਰਕ ਭਾਈਵਾਲੀ ਵਿਚ ਵਾਧੇ ਦਾ ਨਾਂ ਦਿੱਤਾ ਗਿਆ ਹੈ, ਆਮ ਸ਼ਬਦਾਂ ਵਿਚ ਇਸ ਨੂੰ ਮੁਕਤ ਵਪਾਰ ਸਮਝੌਤਾ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਭਾਰਤ ਤੇ ਬਰਤਾਨੀਆ ਦੀਆਂ ਸਰਕਾਰਾਂ ਇਸ ਉਤੇ ਗੱਲਬਾਤ ਕਰ ਰਹੀਆਂ ਹਨ ਤੇ ‘ਸਾਨੂੰ ਉਮੀਦ ਹੈ ਕਿ ਅਸੀਂ ਅਜਿਹੀ ਸਹਿਮਤੀ ਉਤੇ ਪਹੁੰਚ ਜਾਵਾਂਗੇ ਜੋ ਸਾਡੇ ਦੋਵਾਂ ਲਈ ਕਾਰਗਰ ਹੋਵੇਗੀ।’ ਐਫਟੀਏ ’ਤੇ ਦੋਵਾਂ ਦੇਸ਼ਾਂ ਵਿਚਾਲੇ 13 ਦੌਰ ਦੀ ਗੱਲਬਾਤ ਹੋ ਚੁੱਕੀ ਹੈ ਤੇ ਉਮੀਦ ਹੈ ਕਿ 2024 ਦੀਆਂ ਆਮ ਚੋਣਾਂ ਤੋਂ ਪਹਿਲਾਂ ਸਮਝੌਤੇ ਨੂੰ ਆਖਰੀ ਰੂਪ ਦੇ ਦਿੱਤਾ ਜਾਵੇਗਾ। ਜੈਸ਼ੰਕਰ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ’ਚ ਐਤਵਾਰ ਨੂੰ ਦੀਵਾਲੀ ਦੇ ਰੁਝੇਵਿਆਂ ’ਚ ਆਪਣੀ ਰਿਹਾਇਸ਼ ‘10 ਡਾਊਨਿੰਗ ਸਟ੍ਰੀਟ’ ਲਜਿਾਣ ਲਈ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਦਾ ਧੰਨਵਾਦ ਕੀਤਾ। ਜੈਸ਼ੰਕਰ ਨੇ ਇਸ ਮੌਕੇ ਨਵ-ਨਿਯੁਕਤ ਵਿਦੇਸ਼ ਮੰਤਰੀ ਡੇਵਿਡ ਕੈਮਰੋਨ ਤੇ ਗ੍ਰਹਿ ਮੰਤਰੀ ਜੇਮਜ਼ ਕਲੈਵਰਲੀ ਨਾਲ ਹੋਈ ਮੁਲਾਕਾਤ ਦਾ ਵੀ ਜ਼ਿਕਰ ਕੀਤਾ ਤੇ ਵੇਰਵੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਮਜ਼ਬੂਤ ਭਾਰਤ-ਬਰਤਾਨੀਆ ਸਬੰਧਾਂ ਦਾ ਆਲਮੀ ਮਹੱਤਵ ਹੈ। ਜੈਸ਼ੰਕਰ ਨੇ ਇਸ ਮੌਕੇ ਭਾਰਤ ਦੀ ਮੋਦੀ ਸਰਕਾਰ ਦੀਆਂ ਕਈ ਪ੍ਰਾਪਤੀਆਂ ਦਾ ਜ਼ਿਕਰ ਵੀ ਕੀਤਾ।