ਅਲ-ਸ਼ਿਫ਼ਾ ਹਸਪਤਾਲ ਦੇ ਅਹਾਤੇ ਵਿੱਚ 179 ਲਾਸ਼ਾਂ ਦਫ਼ਨਾਈਆਂ

ਅਲ-ਸ਼ਿਫ਼ਾ ਹਸਪਤਾਲ ਦੇ ਅਹਾਤੇ ਵਿੱਚ 179 ਲਾਸ਼ਾਂ ਦਫ਼ਨਾਈਆਂ

  • ਮ੍ਰਿਤਕਾਂ ’ਚ ਸੱਤ ਨਵਜੰਮੇ ਤੇ 29 ਆਈਸੀਯੂ ਮਰੀਜ਼ ਵੀ ਸ਼ਾਮਲ
  • ਲਾਸ਼ਾਂ ਸੜਨ ਕਰਕੇ ਲਿਆ ਫੈਸਲਾ
  • ਸ਼ਿਫਾ ਹਸਪਤਾਲ ਨੂੰ ਹਮਾਸ ਦੇ ਕਮਾਂਡ ਸੈਂਟਰ ਵਜੋਂ ਵਰਤਣ ਦਾ ਦਾਅਵਾ
  • ਅਮਰੀਕਾ ਵੱਲੋਂ ਹਮਾਸ ’ਤੇ ਤੀਜੇ ਗੇੜ ਦੀਆਂ ਪਾਬੰਦੀਆਂ ਆਇਦ

ਦੀਰ ਅਲ-ਬਾਲਾਹ/ਤਲ ਅਵੀਵ- ਇਜ਼ਰਾਈਲ ਵੱਲੋਂ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਅਲ-ਸ਼ਿਫ਼ਾ ਵਿਚ ਕੀਤੀ ਬੰਬਾਰੀ ਵਿੱਚ ਮਾਰੇ ਗਏ ਘੱਟੋ-ਘੱਟ 179 ਵਿਅਕਤੀਆਂ ਨੂੰ ਹਸਪਤਾਲ ਦੇ ਅਹਾਤੇ ਵਿੱਚ ਹੀ ਜ਼ਮੀਨ ਪੁੱਟ ਕੇ ਦਫ਼ਨਾ ਦਿੱਤਾ ਗਿਆ ਹੈ। ਹਸਪਤਾਲ ਦੇ ਡਾਇਰੈਕਟਰ ਮੁਹੰਮਦ ਅਬੂ ਸਲਮੀਆ ਨੇ ਕਿਹਾ ਕਿ ਮ੍ਰਿਤਕ ਦੇਹਾਂ, ਜਿਨ੍ਹਾਂ ਵਿੱਚ ਸੱਤ ਨਵਜੰਮੇ ਤੇ 29 ਆਈਸੀਯੂ ਮਰੀਜ਼ ਵੀ ਸਨ, ਖਰਾਬ ਹੋਣ ਲੱਗੀਆਂ ਸਨ, ਜਿਸ ਕਰਕੇ ਇਨ੍ਹਾਂ ਨੂੰ ਦਫਨਾਉਣਾ ਜ਼ਰੂਰੀ ਹੋ ਗਿਆ ਸੀ। ਸਲਮੀਆ ਨੇ ਕਿਹਾ ਕਿ ਕਈ ਮਰੀਜ਼ ਅਜਿਹੇ ਸਨ, ਜਿਨ੍ਹਾਂ ਦੀ ਸਰਜਰੀ ਐਨਸਥੀਸੀਆ ਤੋਂ ਬਗੈਰ ਤੇ ਬਿਨਾਂ ਬਜਿਲੀ ਦੇ ਕੀਤੀ ਗਈ ਤੇ ਇਨ੍ਹਾਂ ਨੂੰ ਜਿਹੜਾ ਦਰਦਾ ਹੋਇਆ ਉਹ ਬਿਆਨ ਕਰਨਾ ਮੁਸ਼ਕਲ ਸੀ। ਹਸਪਤਾਲ ਅਥਾਰਿਟੀਜ਼ ਮੁਤਾਬਕ ਇਜ਼ਰਾਇਲੀ ਫੌਜ ਕੌਮਾਂਤਰੀ ਰੈੱਡ ਕਰਾਸ ਕੌਂਸਲ ਦੇ ਦਖ਼ਲ ਮਗਰੋਂ ਸਮੇਂ ਤੋਂ ਪਹਿਲਾਂ ਜਨਮੇ ਕੁਝ ਬੱਚਿਆਂ ਨੂੰ ਹਸਪਤਾਲ ਤੋਂ ਬਾਹਰ ਤਬਦੀਲ ਕਰਨ ਲਈ ਰਾਜ਼ੀ ਹੋ ਗਈ ਹੈ। ਯੂਰੋ-ਮੈੱਡ ਮਨੁੱਖੀ ਹੱਕਾਂ ਬਾਰੇ ਨਿਗਰਾਨ ਮੁਤਾਬਕ ਇਜ਼ਰਾਈਲ 7 ਅਕਤੂਬਰ ਨੂੰ ਸ਼ੁਰੂ ਹੋਈ ਜੰਗ ਮਗਰੋਂ ਹੁਣ ਤੱਕ ਗਾਜ਼ਾ ’ਤੇ 25000 ਟਨ ਧਮਾਕਾਖੇਜ਼ ਸਮੱਗਰੀ ਸੁੱਟ ਚੁੱਕਾ ਹੈ, ਜੋ ਦੋ ਪ੍ਰਮਾਣੂ ਬੰਬਾਂ ਦੇ ਬਰਾਬਰ ਹੈ। ਇਸ ਦੌਰਾਨ ਅਮਰੀਕਾ ਨੇ ਹਮਾਸ ਸਮੂਹ ’ਤੇ ਅੱਜ ਤੀਜੇ ਗੇੜ ਦੀਆਂ ਪਾਬੰਦੀਆਂ ਤਹਿਤ ਇਰਾਨ ਤੋਂ ਗਾਜ਼ਾ ਨੂੰ ਹੁੰਦੇ ਪੈਸਿਆਂ ਦੇ ਲੈਣ-ਦੇਣ ’ਤੇ ਰੋਕ ਲਾ ਦਿੱਤੀ ਹੈ। ਇਹ ਪਾਬੰਦੀਆਂ ਯੂਕੇ ਦੇ ਸਹਿਯੋਗ ਨਾਲ ਲਾਈਆਂ ਗਈਆਂ ਹਨ।
ਅਲ-ਸ਼ਿਫਾ ਹਸਪਤਾਲ ਵਿਚ ਮਰੀਜ਼ ਤੇ ਨਵਜੰਮਿਆਂ ਤੋਂ ਇਲਾਵਾ ਮੈਡੀਕਲ ਸਟਾਫ਼ ਫਸਿਆ ਹੋਇਆ ਹੈ। ਹਸਪਤਾਲ ਦੀ ਬਜਿਲੀ ਬੰਦ ਹੈ ਅਤੇ ਈਂਧਣ ਤੇ ਆਕਸੀਜਨ ਸਣੇ ਹੋਰ ਜ਼ਰੂਰੀ ਸਪਲਾਈ ਦੀ ਵੱਡੀ ਕਮੀ ਕਰਕੇ ਮਰੀਜ਼ਾਂ ਦੀ ਜਾਨ ਖ਼ਤਰੇ ਵਿੱਚ ਹੈ। ਸ਼ਿਫਾ ਸਣੇ ਗਾਜ਼ਾ ਵਿਚਲੇ ਜ਼ਿਆਦਾਤਰ ਹਸਪਤਾਲ ਰੈਣ-ਬਸੇਰਿਆਂ ਵਿੱਚ ਤਬਦੀਲ ਹੋ ਗਏ ਹਨ, ਜਿੱਥੇ ਲੋਕ ਜਾਨ ਬਚਾਉਣ ਲਈ ਪਨਾਹ ਲਈ ਬੈਠੇ ਹਨ। ਸ਼ਿਫਾ ਹਸਪਤਾਲ ਵਿਚ ਇਨਕਿਊਬੇਟਰਾਂ ਨੂੰ ਬਜਿਲੀ ਸਪਲਾਈ ਨਾ ਮਿਲਣ ਕਰਕੇ 36 ਨਵਜੰਮਿਆਂ ਦੀ ਜਾਨ ਜੋਖ਼ਮ ਵਿੱਚ ਹੈ। ਜੰਗ ਦੌਰਾਨ ਜ਼ਖ਼ਮੀ ਹੋਏ ਮਰੀਜ਼ਾਂ, ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਹਨ, ਦੀ ਐਨਸਥੀਸੀਆ ਤੋਂ ਬਗੈਰ ਹੀ ਸਰਜਰੀ ਕੀਤੀ ਜਾ ਰਹੀ ਹੈ। ਸਟਾਫ ਮੈਂਬਰਾਂ ਨੇ ਕਿਹਾ ਕਿ ਸਿਰਕੇ ਨੂੰ ਐਂਟੀਸੈਪਟਿਕ ਵਜੋਂ ਵਰਤਿਆ ਜਾ ਰਿਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਸ਼ਨਿੱਚਰਵਾਰ ਨੂੰ ਐਮਰਜੈਂਸੀ ਜਨਰੇਟਰ ਦਾ ਈਂਧਣ ਮੁੱਕਣ ਮਗਰੋਂ ਤਿੰਨ ਨਵਜੰਮਿਆਂ ਸਣੇ 32 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ 36 ਨਵਜੰਮੇ ਤੇ ਹੋਰ ਮਰੀਜ਼ਾਂ ਦੀ ਜਾਨ ਨੂੰ ਖ਼ਤਰਾ ਹੈ।

ਗਾਜ਼ਾ ਵਿੱਚ ਲੋਕਾਂ ਨੂੰ ਰੋਟੀ ਪਾਣੀ ਲਈ ਘੰਟਿਆਂਬੱਧੀ ਕਤਾਰਾਂ ਵਿੱਚ ਖੜ੍ਹਨਾ ਪੈ ਰਿਹਾ ਹੈ। ਸੜਕਾਂ ਇਮਾਰਤਾਂ ਦੇ ਮਲਬੇ ਨਾਲ ਭਰੀਆਂ ਹਨ ਤੇ ਟੂਟੀਆਂ ਦਾ ਪਾਣੀ ਸੁੱਕ ਗਿਆ ਹੈ। ਪਾਣੀ ਦੇ ਪੰਪਾਂ ਜਾਂ ਟਰੀਟਮੈਂਟ ਪਲਾਂਟਾਂ ਲਈ ਈਂਧਣ ਨਹੀਂ ਹੈ। ਇਜ਼ਰਾਈਲ ਨੇ ਜੰਗ ਦੀ ਸ਼ੁਰੂਆਤ ਤੋਂ ਹੀ ਗਾਜ਼ਾ ਵਿੱਚ ਈਂਧਣ ਦੀ ਆਮਦ ’ਤੇ ਰੋਕ ਲਾ ਦਿੱਤੀ ਸੀ ਕਿਉਂਕਿ ਉਸ ਦਾ ਕਹਿਣਾ ਹੈ ਕਿ ਹਮਾਸ ਈਂਧਣ ਫੌਜੀ ਮੰਤਵਾਂ ਲਈ ਵਰਤ ਸਕਦਾ ਹੈ। ਉਪਰੋਂ ਮੀਂਹ ਤੇ ਠੰਢ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਮੀਂਹ ਕਰਕੇ ਕੇਂਦਰੀ ਕਸਬੇ ਦੀਰ ਅਲ-ਬਾਲਾਹ ਵਿੱਚ ਕੈਂਪ ’ਚ ਲੱਗੇ ਟੈਂਟ ਨੁਕਸਾਨੇ ਗਏ ਹਨ। ਫਲਸਤੀਨੀ ਸ਼ਰਨਾਰਥੀਆਂ ਲਈ ਯੂਐੱਨ ਏਜੰਸੀ ਨੇ ਕਿਹਾ ਕਿ ਸਕੂਲਾਂ ਤੇ ਗਾਜ਼ਾ ਦੇ ਦੱਖਣੀ ਹਿੱਸੇ ਵਿੱਚ ਪਨਾਹ ਲਈ ਬੈਠੇ 6 ਲੱਖ ਤੋਂ ਵੱਧ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣੀਆਂ ਔਖੀਆਂ ਹੋ ਗਈਆਂ ਹਨ। ਏਜੰਸੀ ਨੇ ਕਿਹਾ ਕਿ ਉਨ੍ਹਾਂ ਕੋਲ ਪਿਆ ਈਂਧਣ ਬੁੱਧਵਾਰ ਤੱਕ ਮੁੱਕ ਜਾਵੇਗਾ। ਇਸ ਦੌਰਾਨ ਇਜ਼ਰਾਈਲ ਨੇ ਹਮਾਸ ’ਤੇ ਦੋਸ਼ ਲਾਇਆ ਹੈ ਕਿ ਉਸ ਦੇ ਲੜਾਕੇ ਹਸਪਤਾਲ ਨੂੰ ਢਾਲ ਵਜੋਂ ਵਰਤ ਰਹੇ ਹਨ। ਇਜ਼ਰਾਈਲ ਦਾ ਦਾਅਵਾ ਹੈ ਕਿ ਹਮਾਸ ਨੇ ਸ਼ਿਫਾ ਹਸਪਤਾਲ ਵਿੱਚ ਆਪਣਾ ਪ੍ਰਮੁੱਖ ਕਮਾਂਡ ਸੈਂਟਰ ਬਣਾਇਆ ਹੈ। ਹਮਾਸ ਤੇ ਸ਼ਿਫਾ ਹਸਪਤਾਲ ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਇਜ਼ਰਾਈਲ ਵੱਲੋਂ ਸੋਮਵਾਰ ਨੂੰ ਜਾਰੀ ਵੀਡੀਓ ਵਿੱਚ ਬੇਸਮੈਂਟ ਦਿਖਾਈ ਗਈ ਹੈ, ਉਹ ਹਸਪਤਾਲ ਦਾ ਹੀ ਹਿੱਸਾ ਹੈ।