ਟਰੂਡੋ ਨੇ ਨਿੱਝਰ ਕਾਂਡ ’ਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ ਦੁਹਰਾਏ

ਟਰੂਡੋ ਨੇ ਨਿੱਝਰ ਕਾਂਡ ’ਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ ਦੁਹਰਾਏ

‘ਭਾਰਤ ਨੇ 40 ਡਿਪਲੋਮੈਟ ਕੱਢ ਕੇ ਵੀਏਨਾ ਸੰਧੀ ਦੀ ਉਲੰਘਣਾ ਕੀਤੀ’
ਭਾਰਤ ਨਾਲ ਉਸਾਰੂ ਢੰਗ ਨਾਲ ਕੰਮ ਕਰਨ ਦੀ ਇੱਛਾ ਵੀ ਪ੍ਰਗਟਾਈ

ਨਵੀਂ ਦਿੱਲੀ- ਗਰਮਖ਼ਿਆਲੀ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ’ਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ ਦੁਹਰਾਉਂਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਨਵੀਂ ਦਿੱਲੀ ਨੇ 40 ਡਿਪਲੋਮੈਟਾਂ ਨੂੰ ਮੁਲਕ ’ਚੋਂ ਬਾਹਰ ਕੱਢ ਕੇ ਵੀਏਨਾ ਸੰਧੀ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਜਦੋਂ ਭਾਰਤ ਅਤੇ ਹੋਰ ਮੁਲਕਾਂ ਨਾਲ ਹੱਤਿਆ ਦੀ ਗੁੱਥੀ ਸੁਲਝਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਸੀ ਤਾਂ ਕੂਟਨੀਤਕ ਪੱਧਰ ’ਤੇ ਅਜਿਹਾ ਕਦਮ ਉਠਾਉਣਾ ਗਲਤ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਵੱਡੇ ਮੁਲਕ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰ ਸਕਦੇ ਹਨ ਤਾਂ ਇਸ ਨਾਲ ਦੁਨੀਆ ਦੇ ਹੋਰ ਮੁਲਕਾਂ ਲਈ ਵਧੇਰੇ ਖ਼ਤਰਾ ਪੈਦਾ ਹੋ ਜਾਵੇਗਾ। ਉਂਜ ਉਨ੍ਹਾਂ ਕਿਹਾ ਕਿ ਕੈਨੇਡਾ ਦਾ ਭਾਰਤ ਨਾਲ ਕੋਈ ਝਗੜਾ ਨਹੀਂ ਹੈ ਅਤੇ ਉਹ ਉਸਾਰੂ ਢੰਗ ਨਾਲ ਕੰਮ ਕਰਨਾ ਚਾਹੁੰਦੇ ਹਨ।

ਓਟਵਾ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਭਾਰਤ ਸਰਕਾਰ ਦੇ ਏਜੰਟ ਕੈਨੇਡੀਅਨ ਨਾਗਰਿਕ ਦੀ ਕੈਨੇਡਾ ਦੀ ਧਰਤੀ ’ਤੇ ਹੱਤਿਆ ’ਚ ਸ਼ਾਮਲ ਹਨ ਤਾਂ ਉਨ੍ਹਾਂ ਭਾਰਤ ਕੋਲ ਪਹੁੰਚ ਕਰਕੇ ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਰਲ ਕੇ ਕੰਮ ਕਰਨ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਕੈਨੇਡਾ ਨੇ ਆਪਣੇ ਅਮਰੀਕਾ ਵਰਗੇ ਭਾਈਵਾਲਾਂ ਅਤੇ ਹੋਰਾਂ ਕੋਲ ਵੀ ਪਹੁੰਚ ਬਣਾਈ ਤਾਂ ਜੋ ਕੌਮਾਂਤਰੀ ਕਾਨੂੰਨ ਦੀ ਗੰਭੀਰ ਉਲੰਘਣਾ ਦੇ ਮਾਮਲੇ ਦੀ ਤਹਿਕੀਕਾਤ ਕੀਤੀ ਜਾ ਸਕੇ। ਟਰੂਡੋ ਨੇ ਕਿਹਾ,‘‘ਅਸੀਂ ਇਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲੈ ਰਹੇ ਹਾਂ। ਅਸੀਂ ਆਪਣੇ ਸਾਰੇ ਭਾਈਵਾਲਾਂ ਨਾਲ ਕੰਮ ਕਰਨਾ ਜਾਰੀ ਰੱਖਾਂਗੇ ਕਿਉਂਕਿ ਜਾਂਚ ਏਜੰਸੀਆਂ ਆਪਣਾ ਕੰਮ ਕਰ ਰਹੀਆਂ ਹਨ। ਕੈਨੇਡਾ ਹਮੇਸ਼ਾ ਕਾਨੂੰਨ ਦਾ ਪਾਲਣ ਕਰਦਾ ਰਹੇਗਾ ਕਿਉਂਕਿ ਜੇਕਰ ਤਾਕਤਵਰ ਅਤੇ ਵੱਡੇ ਮੁਲਕ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰ ਸਕਦੇ ਹਨ ਤਾਂ ਫਿਰ ਪੂਰੀ ਦੁਨੀਆ ਹਰ ਕਿਸੇ ਲਈ ਵਧੇਰੇ ਖ਼ਤਰਨਾਕ ਹੋ ਜਾਵੇਗੀ।’’ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਸੀ ਕਿ ਵਾਸ਼ਿੰਗਟਨ ਨਿੱਝਰ ਮਾਮਲੇ ’ਚ ਜਾਂਚ ਅੱਗੇ ਵਧਦੀ ਦੇਖਣਾ ਚਾਹੁੰਦਾ ਹੈ ਅਤੇ ਭਾਰਤ ਨੂੰ ਇਸ ’ਚ ਸਹਿਯੋਗ ਕਰਨਾ ਚਾਹੀਦਾ ਹੈ। ਉਧਰ ਭਾਰਤੀ ਵਿਦੇਸ਼ ਮੰਤਰਾਲੇ ਨੇ ਨਿੱਝਰ ਮਾਮਲੇ ’ਚ ਕੈਨੇਡਾ ਵੱਲੋਂ ਲਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਡਿਪਲੋਮੈਟ ਹਟਾਉਣ ਦੇ ਮਾਮਲੇ ’ਚ ਕਿਹਾ ਸੀ ਕਿ ਇਸ ਨਾਲ ਕੌਮਾਂਤਰੀ ਨੇਮਾਂ ਦੀ ਕੋਈ ਉਲੰਘਣਾ ਨਹੀਂ ਹੋਈ ਹੈ ਕਿਉਂਕਿ ਉਹ ਚਾਹੁੰਦਾ ਸੀ ਕਿ ਭਾਰਤ ਅਤੇ ਕੈਨੇਡਾ ਦੇ ਇਕ-ਦੂਜੇ ਦੇ ਮੁਲਕ ’ਚ ਡਿਪਲੋਮੈਟਾਂ ਦੀ ਗਿਣਤੀ ਬਰਾਬਰ ਹੋਵੇ।