ਲੋਕ-ਬੋਲੀਆਂ ਦਾ ਵਾਰਤਾਲਾਪੀ ਰੰਗ

ਲੋਕ-ਬੋਲੀਆਂ ਦਾ ਵਾਰਤਾਲਾਪੀ ਰੰਗ

ਭੋਲਾ ਸਿੰਘ ਸ਼ਮੀਰੀਆ

ਗਿੱਧਾ ਸਾਡੇ ਸੱਭਿਆਚਾਰ ਦੀ ਅਜਿਹੀ ਵਿਧਾ ਹੈ ਜੋ ਜ਼ੁਬਾਨ, ਹੱਥਾਂ ਤੇ ਪੈਰਾਂ ਦੀ ਤਾਲ ਦੇ ਨਾਲ ਪੂਰ ਚੜ੍ਹਦਾ ਹੈ। ਗਿੱਧਾ ਤਿੰਨ ਅਦਾਵਾਂ ਦੇ ਸੰਗਮ ਤੋਂ ਬਣਦਾ ਹੈ। ਇਹ ਹੱਥਾਂ ਨਾਲ ਪਾਇਆ ਜਾਂਦਾ ਹੈ, ਜ਼ੁਬਾਨ ਨਾਲ ਗਾਇਆ ਜਾਂਦਾ ਹੈ ਅਤੇ ਪੈਰਾਂ ਨਾਲ ਨੱਚਿਆ ਜਾਂਦਾ ਹੈ। ਇਨ੍ਹਾਂ ਤਿੰਨਾਂ ਵਿਧਾਵਾਂ ਨੂੰ ਨਖਰੇ ਦੀ ਪੁੱਠ ਦੇ ਕੇ ਮਾਹੌਲ ਨੂੰ ਚਰਮ ਸੀਮਾ ’ਤੇ ਪਹੁੰਚਾਇਆ ਜਾਂਦਾ ਹੈ।

ਗਿੱਧੇ ਲਈ ਕਿਸੇ ਵਿਸ਼ੇਸ਼ ਥਾਂ ਦੀ ਲੋੜ ਨਹੀਂ ਹੁੰਦੀ। ਜਦੋਂ ਵੀ ਕਤਿੇ ਕਿਸੇ ਖੁਸ਼ੀ ਦੇ ਮੌਕੇ ਔਰਤਾਂ ਜੁੜਦੀਆਂ ਹਨ ਤਾਂ ਗਿੱਧੇ ਦੀ ਥਾਂ ਉਹੀ ਮੁੱਕਰਰ ਕਰ ਲਈ ਜਾਂਦੀ ਹੈ, ਜਿੱਥੇ ਔਰਤਾਂ ਖੁਸ਼ੀ ਦੇ ਮੌਕੇ ਜੁੜਦੀਆਂ ਹਨ। ਪੁਰਾਣੇ ਸਮਿਆਂ ਵਿੱਚ ਇਹ ਨਾਚ ਕਿਸੇ ਨਿਯਮਾਂਵਲੀ ਤੋਂ ਮੁਕਤ ਹੋਇਆ ਕਰਦਾ ਸੀ। ਜਦੋਂ ਗਿੱਧਾ ਪਿੜਾਂ ਤੋਂ ਸਟੇਜ ’ਤੇ ਚੜ੍ਹਿਆ ਤਾਂ ਇਸ ਦੇ ਵੀ ਕੁਝ ਨਿਯਮ ਤੈਅ ਕਰ ਲਏ ਗਏ। ਸ਼ੁਰੂ-ਸ਼ੁਰੂ ਵਿੱਚ ਇਸ ਦੇ ਦਰਸ਼ਕ ਨੱਚਣ ਵਾਲੀਆਂ ਔਰਤਾਂ ਖ਼ੁਦ ਹੀ ਹੋਇਆ ਕਰਦੀਆਂ ਸਨ। ਜਦੋਂ ਇਸ ਦੇ ਨਿਯਮ ਬਣ ਗਏ ਤਾਂ ਇਹ ਨਾਚ ‘ਸਵੈ-ਨਾਚ’ ਤੋਂ ‘ਲੋਕ-ਨਾਚ’ ਬਣ ਗਿਆ। ਫਿਰ ਇਸ ਨਾਚ ਦੇ ਗੋਲ ਘੇਰੇ ਨੇ ਤੀਜ ਦੇ ਚੰਦ ਵਰਗੀ ਸ਼ਕਲ ਅਖਤਿਆਰ ਕਰ ਲਈ ਤਾਂ ਕਿ ਨਾਚ ਦੀਆਂ ਅਦਾਵਾਂ ਨੂੰ ਦਰਸ਼ਕ ਵੀ ਦੇਖ ਸਕਣ।

ਗਿੱਧੇ ਵਿੱਚ ਪੈਣ ਵਾਲੀਆਂ ਬੋਲੀਆਂ ਜ਼ਿੰਦਗੀ ਦੇ ਸਾਰੇ ਰੰਗਾਂ ਨੂੰ ਆਪਣੇ ਕਲਾਵੇ ਵਿੱਚ ਲੈਂਦੀਆਂ ਹਨ। ਜ਼ਿੰਦਗੀ ਦੇ ਹੁਲਾਸ, ਰੁਮਾਂਸ, ਤਾਅਨੇ, ਮਿਹਣੇ, ਨਿਹੋਰੇ, ਨਖਰੇ, ਰਿਸ਼ਤੇ ਅਤੇ ਦੱਬੇ-ਘੁੱਟੇ ਜਜ਼ਬਾਤ ਬੋਲੀਆਂ ਰਾਹੀਂ ਬੁੱਲ੍ਹਾਂ ਦੀ ਦੇਹਲੀ ਲੰਘ ਕੇ ਸਮਾਜਿਕ-ਸੱਚ ਬਣਦੇ ਹਨ। ਗਿੱਧਾ ਇੱਕ ਅਜਿਹਾ ਪਿੜ ਹੁੰਦਾ ਹੈ ਜਿੱਥੇ ਸਾਰੀਆਂ ਸਮਾਜਿਕ ਮਾਨਤਾਵਾਂ ਅਤੇ ਰਿਸ਼ਤਿਆਂ ਦੇ ਨਿਯਮ ਕੁਝ ਸਮੇਂ ਲਈ ਭੰਗ ਹੋ ਜਾਂਦੇ ਹਨ। ਵਰਜਤਿ ਰਿਸ਼ਤਿਆਂ ਦੀ ਸੀਮਾ ਵੀ ਲੰਘੀ ਜਾਂਦੀ ਹੈ। ਨੂੰਹ-ਸੱਸ, ਨਣਦ-ਭਰਜਾਈ, ਜੇਠ-ਭਰਜਾਈ ਅਤੇ ਨੂੰਹ-ਸਹੁਰੇ ਵਾਲੇ ਰਿਸ਼ਤੇ ਵਿਚਲੇ ਸੂਖਮ ਭਾਵ ਵੀ ਵਿਅੰਗਮਈ ਖੰਭਾਂ ਨਾਲ ਅੰਗੜਾਈਆਂ ਲੈਂਦੇ ਹਨ। ਅੱਲ੍ਹੜਾਂ ਦੇ ਨਪੀੜੇ ਗਏ ਅਰਮਾਨ ਉੱਡਣ ਲੱਗਦੇ ਹਨ। ਗਿੱਧੇ ਦੀਆਂ ਬੋਲੀਆਂ ਰਾਹੀਂ ਸਮਾਜੀ ਬੰਦਸ਼ਾਂ ਵਿੱਚੋਂ ਜ਼ਿੰਦਗੀ ਦਾ ਹਕੀਕੀ ਰੰਗ ਵੀ ਉੱਘੜਦਾ ਹੈ। ਸਮਾਜਿਕ ਮਰਿਆਦਾ ਦੇ ਸੰਵਿਧਾਨ ਵਿੱਚ ਇਹ ਰੰਗ ‘ਕੌੜਾ-ਸੱਚ’ ਬਣ ਕੇ ਇੱਕ ਜੁਝਾਰੂ ਧਿਰ ਵਜੋਂ ਰੂਪਮਾਨ ਹੁੰਦਾ ਹੈ। ਸਵਾਂਗਾਂ ਜਾਂ ਤਮਾਸ਼ਿਆਂ ਰਾਹੀਂ ਗਿੱਧੇ ਨੂੰ ਹੋਰ ਰੌਚਿਕ ਅਤੇ ਸਚਾਈ ਦੇ ਹੋਰ ਨੇੜੇ ਕਰ ਲਿਆ ਜਾਂਦਾ ਹੈ। ਗਿੱਧਿਆਂ ਵਿੱਚ ਨਾਨਕਾ ਮੇਲ ਅਤੇ ਦਾਦਕਾ ਮੇਲ, ਦਿਉਰ- ਭਰਜਾਈ ਜਾਂ ਆਸ਼ਕ-ਮਸ਼ੂਕ ਬਣਕੇ ਨਾਟਕੀ ਅੰਦਾਜ਼ ਵਿੱਚ ਮੇਹਣੋ-ਮੇਹਣੀ ਹੁੰਦੇ ਹਨ। ਬੇਸ਼ੱਕ ਗਿੱਧੇ ਵਿੱਚ ਜ਼ਿੰਦਗੀ ਦੇ ਸਾਰੇ ਰੰਗ ਦੇਖਣ ਨੂੰ ਮਿਲਦੇ ਹਨ, ਪਰ ਮੋੜ ਦੇਣ ਵਾਲੀਆਂ ਬੋਲੀਆਂ ਜਾਂ ਵਾਰਤਾਲਾਪੀ ਬੋਲੀਆਂ ਨਾਲ ਗਿੱਧਾ ਆਪਣਾ ਪੂਰਾ ਜਲੌਅ ਦਿਖਾ ਜਾਂਦਾ ਹੈ। ਇਸ ਤਰ੍ਹਾਂ ਬੋਲੀਆਂ ਵਿਚਲੇ ਸੁਆਲ-ਜੁਆਬ ਗਿੱਧੇ ਨੂੰ ਰੌਚਿਕ ਤੇ ਦਿਲਚਸਪ ਬਣਾ ਦਿੰਦੇ ਹਨ। ਬੇਸ਼ੱਕ ਇਹ ਔਰਤਾਂ ਦਾ ਨਾਚ ਹੈ, ਪਰ ਅੱਜਕੱਲ੍ਹ ਇਸ ਵਿੱਚ ਮਰਦਾਂ ਦੀ ਸ਼ਮੂਲੀਅਤ ਵੀ ਹੋਣੀ ਸ਼ੁਰੂ ਹੋ ਗਈ ਹੈ। ਜਦੋਂ ਕੋਈ ਔਰਤ ਆਪਣੇ ਕਿਸੇ ਜੇਠ ਜਾਂ ਦਿਉਰ ਨੂੰ ਮੁਖਾਤਬਿ ਹੋ ਕੇ ਬੋਲੀ ਪਾਉਂਦੀ ਹੈ ਤਾਂ ਜੇਠ ਜਾਂ ਦਿਉਰ ਦੀ ਗੈਰਹਾਜ਼ਰੀ ਵਿੱਚ ਕੋਈ ਦੂਸਰੀ ਔਰਤ ਆਪਣੀਆਂ ਸਰੀਰਕ ਮੁਦਰਾਵਾਂ ਨੂੰ ਮਰਦਾਊ ਰੂਪ ਵਿੱਚ ਪੇਸ਼ ਕਰਕੇ ਉਸ ਦਾ ਜੁਆਬ ਦਿੰਦੀ ਹੈ। ਇਸ ਤਰ੍ਹਾਂ ਇਹ ਵਾਰਤਾਲਾਪੀ ਬੋਲੀਆਂ ਨਾਲ ਗਿੱਧਾ ਆਪਣੀ ਚਰਮ ਸੀਮਾ ’ਤੇ ਪੁੱਜ ਜਾਂਦਾ ਹੈ। ਅੱਕਜੱਲ੍ਹ ਗਿੱਧੇ ਵਿੱਚ ਪੁਰਸ਼ ਵੀ ਸ਼ਮੂਲੀਅਤ ਕਰਨ ਲੱਗ ਪਏ ਹਨ। ਜਦੋਂ ਕੋਈ ਪੁਰਸ਼ ਗਿੱਧੇ ਵਿੱਚ ਆ ਕੇ ਬੋਲੀ ਪਾਉਂਦਾ ਹੋਇਆ ਕਹਿੰਦਾ ਹੈ;

ਨਾਲੇ ਹੂੰ ਕਰਕੇ ਨਾਲੇ ਹਾਂ ਕਰਕੇ,

ਗੇੜਾ ਦੇ ਦੇ ਨੀਂ ਮੁਟਿਆਰੇ, ਲੰਮੀ ਬਾਂਹ ਕਰਕੇ।

ਇਸ ਬੋਲੀ ਤੋਂ ਖਫ਼ਾ ਹੁੰਦੀ ਹੋਈ ਕੋਈ ਮੁਟਿਆਰ ਬੋਲੀ ਪਾਉਣ ਵਾਲੇ ਮਰਦ ਨੂੰ ਮੁਖਾਤਬਿ ਹੁੰਦੀ ਹੋਈ ਗਿੱਧੇ ਦੇ ਪਿੜ ਵਿੱਚ ਆ ਕੇ ਉਸ ਨੂੰ ਵੰਗਾਰਦੀ ਹੈ;

ਪਾ ਲੈ ਚੂੜੀਆਂ, ਲਾ ਲੈ ਸੁਰਖੀ,

ਲਾਹ ਕੇ ਸੁੱਟ ਪਜਾਮਾ।

ਕੀ ਤੈਨੂੰ ਭੀੜ ਪਈ, ਮਰਦੋਂ ਬਣੇ ਜਨਾਨਾ।

ਨੂੰਹ ਤੇ ਸੱਸ ਦਾ ਰਿਸ਼ਤਾ ਸਾਡੇ ਗੀਤਾਂ ਜਾਂ ਲੋਕ-ਗੀਤਾਂ ਵਿੱਚ ਮੁੱਢ-ਕਦੀਮੋਂ ਹੀ ਟਕਰਾਅ ਵਾਲੀ ਸਥਤਿੀ ਵਿੱਚ ਰਿਹਾ ਹੈ। ਨੂੰਹ ਤੇ ਸੱਸ ਦੀਆਂ ਬੋਲੀਆਂ ਤੋਂ ਬਿਨਾਂ ਗਿੱਧਾ ਵੀ ਇੰਝ ਲੱਗਦਾ ਹੈ ਜਿਵੇਂ ਕੋਈ ਚੰਗੀ ਪੁਸਤਕ ਭੂਮਿਕਾ ਜਾਂ ਮੁੱਢਲੀ ਜਾਣਕਾਰੀ ਤੋਂ ਬਿਨਾਂ ਸੱਖਣੀ ਰਹਿ ਗਈ ਹੋਵੇ। ਨੂੰਹ ਆਪਣੇ ਘੁੱਟੇ ਹੋਏ ਵਲਵਲਿਆਂ ਦੇ ਸੀਤੇ ਹੋਏ ਬੁੱਲ੍ਹਾਂ ਨੂੰ ਗਿੱਧੇ ਦੇ ਪਿੜ ਵਿੱਚ ਬੋਲੀਆਂ ਰਾਹੀਂ ਖੋਲ੍ਹਦੀ ਹੋਈ ਕਹਿੰਦੀ ਹੈ;

ਬਾਹਰ ਜਾਂਦਾ ਗੰਢੇ ਲਿਆਉਂਦਾ,

ਤੋੜ ਲਿਆਉਂਦਾ ਭੂਕਾਂ।

ਨੀਂ ਮੈਂ ਪੇਕੀਂ ਸੁਣਦੀ ਸਾਂ,

ਸੱਸੇ ਤੇਰੀਆਂ ਕਰਤੂਤਾਂ।

ਇਸ ਦੇ ਜੁਆਬ ਵਿੱਚ ਦੂਸਰੀ ਔਰਤ ਸੱਸ ਦਾ ਬਦਲ ਬਣ ਕੇ ਆਪਣੀਆਂ ਭਵਨਾਵਾਂ ਦਾ ਪ੍ਰਗਟਾਵਾ ਇਉਂ ਕਰਦੀ ਹੈ;

ਲੀੜੇ ਧੋਵਾਂ, ਕੱਪੜੇ ਧੋਵਾਂ,

ਮਾਂਜਦੀ ਪਰਾਂਤ।

ਨੀਂ ਮੈਂ ਨਿੱਜ ਵਿਆਹੁੰਦੀ ਨਾ,

ਨੂੰਹੇਂ ਤੇਰੀ ਜੇਹੀ ਕਮਜਾਤ।

ਗਿੱਧੇ ਦੀਆਂ ਇਹ ਵਾਰਤਾਲਾਪੀ ਬੋਲੀਆਂ ਕਈ ਵਾਰੀ ਲੰਮੀਆਂ ਤੇ ਵਿਸਥਾਰਤ ਵੀ ਹੋ ਜਾਂਦੀਆਂ ਹਨ। ਕਈ ਵਾਰੀ ਇਨ੍ਹਾਂ ਬੋਲੀਆਂ ਵਿੱਚ ਕਿਸੇ ਗੁੰਝਲ ਇਤਿਹਾਸਕ ਵਿਵਰਣ ਨੂੰ ਦੱਸਣ ਦੀ ਕੋਸ਼ਿਸ਼ ਵੀ ਹੁੰਦੀ ਹੈ। ਇੱਕ ਔਰਤ ਆਪਣੇ ਸ਼ਰੀਕੇ ’ਚੋਂ ਲੱਗਦੇ ਜੇਠ ਨੂੰ ਆਪਣੇ ਪੇਕਿਆਂ ਤੋਂ ਰਿਸ਼ਤਾ ਕਰਵਾ ਦਿੰਦੀ ਹੈ। ਕਿਸੇ ਕਾਰਨ ਇਹ ਰਿਸ਼ਤਾ ਟੁੱਟ ਜਾਂਦਾ ਹੈ। ਜੇਠ ਇਸ ‘ਟੁੱਟ-ਫੁੱਟ’ ਦਾ ਦੋਸ਼ ਆਪਣੀ ਭਰਜਾਈ ਸਿਰ ਮੜ੍ਹਦਾ ਹੋਇਆ ਕਹਿੰਦਾ ਹੈ;

ਸਾਕ ਮੇਰੇ ਦੀ ਭਾਨੀ ਮਾਰ ਕੇ,

ਚੰਗੀ ਨਹੀਂ ਤੂੰ ਕੀਤੀ।

ਮਾਹੀ ਤੇਰੇ ਨੂੰ ਪਾਈ ਮੁੰਦਰੀ,

ਤੈਨੂੰ ਪਾਈ ਤਵੀਤੀ।

ਝਾਕ ਸਾਹਮਣੇ ਮੇਰੇ ਹੁਣ ਤੂੰ,

ਕਿਉਂ ਬੈਠੀ ਚੁੱਪ ਕੀਤੀ।

ਤੂੰ ਕੁਲਵਿੰਦਰ ਕੁਰੇ,

ਜੱਗੋਂ ਤੇਰਵੀਂ ਕੀਤੀ।

ਇਸ ਬੋਲੀ ਦਾ ਮੋੜਵਾਂ ਜੁਆਬ ਦੂਜੀ ਔਰਤ ਘੁੰਢ ਕੱਢ ਕੇ ਦਿੰਦੀ ਹੈ। ਉਹ ਇੱਕ ਹੱਥ ਨਾਲ ਘੁੰਢ ਫੜਦੀ ਹੈ ਤੇ ਦੂਜੇ ਹੱਥ ਦੀ ਉਂਗਲ ਮਾਰ ਕੇ ਆਪਣੇ ਆਪ ਨੂੰ ਠੀਕ ਦਰਸਾਉਣ ਦੀ ਕੋਸ਼ਿਸ਼ ਕਰਦੀ ਹੈ;

ਇਹ ਕੰਮ ਜੇਠਾ ਮੈਂ ਨ੍ਹੀਂ ਕੀਤਾ,

ਨਾ ਲਹਿੰਦੇ ਨਾ ਚੜ੍ਹਦੇ।

ਨਿੱਤ ਸ਼ਰਾਬਾਂ ਪੀਂਦਾ ਰਹਿੰਨੈ,

ਲਾਉਂਦਾ ਰਹਿੰਨੈ ਜਰਦੇ।

ਏਸ ਤਰ੍ਹਾਂ ਦੇ ਸਾਕ ਵੇ ਜੇਠਾ,

ਕਦੋਂ ਨੇਪਰੇ ਚੜ੍ਹਦੇ।

ਜੀਹਨੇ ਧੀ ਦੇਣੀ,

ਸੌ ਫੋਲਣਗੇ ਪੜਦੇ।

ਜੇਠ ਤੇ ਭਰਜਾਈ ਦਾ ਸੰਕੋਚਵਾਂ ਰਿਸ਼ਤਾ ਗਿੱਧੇ ਦੇ ਪਿੜ ਵਿੱਚ ਬਾਘੀਆਂ ਪਾ ਉੱਠਦਾ ਹੈ। ਇੱਕ ਵੇਲਾ ਸੀ ਜਦੋਂ ਲਿੰਗ ਅਨੁਪਾਤ ਦੇ ਵਿਗਾੜ ਕਰਕੇ ਚਾਰਾਂ ਜਾਂ ਪੰਜਾਂ ਭਰਾਵਾਂ ਵਿੱਚੋਂ ਸਿਰਫ਼ ਇੱਕ ਜਾਂ ਦੋ ਹੀ ਵਿਆਹੇ ਜਾਂਦੇ ਸਨ। ਆਮ ਕਰਕੇ ਹਰ ਘਰ ਵਿੱਚ ਕੋਈ ਨਾ ਕੋਈ ਛੜਾ ਜ਼ਰੂੂਰ ਹੁੰਦਾ ਸੀ। ਛੜਾ ਕਾਮੁਕ ਪੱਖ ਤੋਂ

ਬੰਜਰ ਰਹਿਣ ਕਰਕੇ ਗੀਤਾਂ ਜਾਂ ਲੋਕ-ਗੀਤਾਂ ਵਿੱਚ ਇੱਕ ਮਜ਼ਾਕ ਦਾ ਪਾਤਰ ਬਣ ਕੇ ਰਹਿ ਗਿਆ। ਗਿੱਧੇ ਦੇ ਪਿੜ ਵਿੱਚ ਜੇਠ-ਭਰਜਾਈ ਦੀ ਨੋਕ-ਝੋਕ ਅਕਸਰ ਹੁੰਦੀ ਰਹਿੰਦੀ ਹੈ। ਛੜੇ ਜੇਠ ਦੀ ਪਾਤਰਤਾ ਮਜ਼ਾਕੀਏ ਲਹਜਿੇ ਵਿੱਚ ਗਿੱਧਿਆਂ ਦੇ ਰੰਗਾਂ ਵਿੱਚ ਵੀ ਪ੍ਰਵੇਸ਼ ਕਰਦੀ ਹੈ। ਇੱਕ ਔਰਤ ਆਪਣੇ ਖੱਬੇ ਹੱਥ ਦੀ ਤਲੀ ਨੂੰ ਆਪਣੇ ਸੱਜੇ ਹੱਥ ਦੀ ਤਲੀ ਨਾਲ ਆਪਣੀਆਂ ਸਰੀਰਕ ਮੁਦਰਾਵਾਂ ਰਾਹੀਂ ਇਉਂ ਕੁੱਟਦੀ ਹੈ ਜਿਵੇਂ ਕਿਸੇ ਚੀਜ਼ ਨੂੰ ਕੁੱਟ ਰਹੀ ਹੋਵੇ। ਨੱਚਦੀ ਹੋਈ ਇਉਂ ਬੋਲੀ ਪਾਉਂਦੀ ਹੈ;

ਖੱਟੀ ਚੁੰਨੀ ਨੀਂ ਮੈਂ ਧਾਰ ਚੋਣ ਗਈ ਸਾਂ,

ਖੱਟੀ ਚੁੰਨੀ ਨੇ ਮੇਰਾ ਗਲ ਘੁੱਟਤਾ।

ਨੀਂ ਮੈਂ ਕੱਟੇ ਦੇ ਭੁਲੇਖੇ, ਛੜਾ ਜੇਠ ਕੁੱਟਤਾ।

‘ਦੇਰ ਆਏ,ਦਰੁਸਤ ਆਏ’ ਦੀ ਭਾਵਨਾ ਅਨੁਸਾਰ ਛੜਾ ਜੇਠ ਇਸ ਅਣਹੋਣੀ ਵਿੱਚੋਂ ਵੀ ਸੁਆਦ ਲੈਂਦਾ ਹੋਇਆ ਬੇਸ਼ਰਮ ਜਿਹਾ ਬਣ ਕੇ ਆਖ ਉੱਠਦਾ ਹੈ;

ਡੰਗਰਾਂ ਦੇ ਵਾੜੇ ਕੱਲ੍ਹ ਧਾਰ ਚੋਣ ਗਈ ਸੀ ਤੂੰ,

ਮੈਂ ਵੀ ਤੇਰੇ ਨਾਲ ਭਾਬੀ ਮਾਰ ਗਿਆ ਠੱਗੀ।

ਤੇਰੇ ਕੂਲਿਆਂ ਹੱਥਾਂ ਦੀ, ਭੋਰਾ ਪੀੜ ਨਾ ਲੱਗੀ।

ਛੜੇ ਦੀ ਭੂਮਿਕਾ ਤੋਂ ਬਿਨਾਂ ਵੀ ਗਿੱਧਾ ਅਧੂਰਾ ਦਿਖਾਈ ਦਿੰਦਾ ਹੈ। ਇੱਕ ਮੁਟਿਆਰ ਛੜੇ ਦੇ ਗੁਸੈਲੇ ਸੁਭਾਅ ’ਤੇ ਵਿਅੰਗ ਕਰਦੀ ਹੋਈ ਬੋਲੀ ਪਾਉਂਦੀ ਹੈ;

ਗੇੜ-ਗੇੜ ਕੇ ਪਾਣੀ ਛੜੇ ਨੇ,

ਸਿਰ ’ਤੇ ਘੜਾ ਟਿਕਾਇਆ।

ਭਾਲ-ਭਾਲ ਕੇ ਬਾਲਣ ਖੇਤੋਂ,

ਆਣ ਤੰਦੂਰ ਤਪਾਇਆ।

ਅੱਗ ਛੜੇ ਦੇ ਮੂੰਹ ਨੂੰ ਪੈਗੀ,

ਭੱਜਿਆ ਬਾਹਰ ਨੂੰ ਆਇਆ।

ਲੱਤ ਮਾਰ ਕੇ ਢਾਹਤਾ ਚੁੱਲ੍ਹਾ,

ਆਟਾ ਰੇਤ ਰੁਲਾਇਆ।

ਐਡੇ ਹਰਖੀ ਨੇ, ਵਿਆਹ ਕਿਉਂ ਨਾ ਕਰਵਾਇਆ।

ਛੜਾ ਵੀ ਅੱਗੋਂ ਘੱਟ ਨਹੀਂ। ਉਹ ਵੀ ਉਸ ਨੂੰ ਉਸੇ ਅੰਦਾਜ਼ ਵਿੱਚ ਜੁਆਬ ਦਿੰਦਾ ਹੈ;

ਤੈਨੂੰ ਕਾਹਦਾ ਸੰਸਾ ਰਕਾਨੇ,

ਮੈਂ ਹਾਂ ਰੱਬ ਦਾ ਲਾੜਾ।

ਖਸਖਸ ਵਿੱਚ ਬਦਾਮ ਘੋਟਕੇ,

ਰੋਜ਼ ਛਕੀਦੈ ਕਾੜ੍ਹਾ।

ਘਰੇ ਆਪਣੇ ਚੁੱਲ੍ਹਾ ਭੰਨਾ,

ਚਾਹੇ ਭੰਨਾ ਮੈਂ ਹਾਰਾ।

ਮਾਲਕ ਮਰਜ਼ੀ ਦਾ,

ਤੈਨੂੰ ਕਾਸਦਾ ਸਾੜਾ।

ਇਹ ਲੋਕ ਬੋਲੀਆਂ ਕਈ ਵਾਰ ਕਾਮੁਕ ਭੁੱਖ ਵਿੱਚੋਂ ਚੰਗੇਰੇ ਭਵਿੱਖ ਦੀ ਲਾਲਸਾ ਵੀ ਪ੍ਰਗਟਾਅ ਜਾਂਦੀਆਂ ਹਨ ਜਾਂ ਇੰਝ ਕਹਿ ਲਓ ਕਿ ਚੰਗੇਰੇ ਭਵਿੱਖ ਦੀ ਆੜ ਵਿੱਚ ਇਹ ਲੋਕ ਬੋਲੀਆਂ ਕਾਮੁਕ ਰੁਚੀਆਂ ਨੂੰ ਸ਼ਾਂਤ ਕਰਨ ਦਾ ਵਸੀਲਾ ਬਣਦੀਆਂ ਹਨ। ਘਰ ਦੀ ਟੁੱਟੀ ਹੋਈ ਆਰਥਿਕਤਾ ਦੇ ਸੰਦਰਭ ਵਿੱਚੋਂ ਇੱਕ ਨਵੀਂ

ਵਿਆਹੀ ਔਰਤ ਆਪਣੇ ਪਤੀ ਨੂੰ ਇੱਕ ਮਰੋੜਾ ਜਿਹਾ ਦਿੰਦੀ ਕਹਿੰਦੀ ਹੈ;

ਜੇਠ-ਜੇਠਾਣੀ ਅੰਦਰ ਸੌਂਦੇ,

ਤੇਰਾ ਮੰਜਾ ਬਾਹਰ।

ਵੇ ਜੈ ਵੱਢੀ ਦਿਆ,

ਕਿਵੇਂ ਵਧੂ ਪਰਿਵਾਰ।

ਇਹ ਬਹੁ-ਅਰਥੀ ਬੋਲੀ ਸਰੀਰਕ, ਆਰਥਿਕ ਅਤੇ ਭਵਿੱਖੀ ਚਿੰਤਾ ਦੇ ਸੁਮੇਲ ਵਜੋਂ ਰੂਪਮਾਨ ਹੁੰਦੀ ਹੈ। ਉਸ ਔਰਤ ਦਾ ਪਤੀ ਘਰ ਦੀ ਗੰਢੀ-ਤੁੱਪੀ ਆਰਥਿਕਤਾ ਨੂੰ ਧਿਆਨ ਵਿੱਚ ਰੱਖਦਿਆਂ ਮੋੜ ਦਿੰਦਾ ਹੈ;

ਪਿਛਲੇ ਸਾਲ ਝਲਾਨੀ ਪਾਈ,

ਲੈ ਲਿਆ ਐਤਕੀ ਬੋਤਾ

ਨੀਂ ਆਉਂਦੀ ਸਰਦੀ ਨੂੰ

ਪੈੈ ਜੂ ਆਪਣਾ ਕੋਠਾ।

ਗਿੱਧੇ ਦੇ ਪਿੜ ਅੰਦਰਲਾ ਵਿਧਾਨ ਕਿਸੇ ਨੂੰ ਵੀ ਨਹੀਂ ਬਖਸ਼ਦਾ। ਨਾ ਇਹ ਕਿਸੇ ਦੀ ਉਮਰ ਦਾ ਲਿਹਾਜ ਕਰਦਾ ਹੈ ਤੇ ਨਾ ਹੀ ਇਹ ਕਿਸੇ ਰਿਸ਼ਤੇ ਦੀ ਪਰਵਾਹ ਕਰਦਾ ਹੈ। ਕਈ ਵਾਰ ਗਿੱਧੇ ਵਿੱਚ ਕਿਸੇ ਰਾਹ ਜਾਂਦੇ ਖਚਰੇ ਤੇ ਰੁਮਾਂਟਿਕ ਕਿਸਮ ਦੇ ਬੁੱਢੇ ਨੂੰ ਵੀ ਵੰਗਾਰਿਆ ਤੇ ਲਲਕਾਰਿਆ ਜਾਂਦਾ ਹੈ;

ਦਾੜ੍ਹੀ ਵਾਲਿਆ ਟੇਢਾ ਝਾਕਦੈਂ,

ਇਹ ਤੇਰਾ ਕੰਮ ਮਾੜਾ।

ਤੇਰੇ ਨਾਲ ਦੇ ਪੜ੍ਹਨ ਪੋਥੀਆਂ,

ਤੜਕੇ ਫੇਰਦੇ ਮਾਲਾ।

ਨੇੜੇ ਹੋ ਕੇ ਦੱਸ ਕਹਾਣੀ,

ਕਾਹਤੋਂ ਕਰੇ ਇਸ਼ਾਰਾ।

ਮੇਰੀ ਬੋਲੀ ਦਾ, ਮੋੜ ਕਰੀਂ ਸਰਦਾਰਾ।

ਦੂਸਰੀ ਔਰਤ ਸਿਰ ’ਤੇ ਚੁੰਨੀ ਦਾ ਮੜਾਸਾ ਮਾਰ ਕੇ ਬਜ਼ੁਰਗ ਦਾ ਭੇਸ ਧਾਰਨ ਕਰਦੀ ਹੋਈ ਮੁੱਛਾਂ ਨੂੰ ਤਾਅ ਦਿੰਦੀ ਹੋਈ ਬੋਲੀ ਪਾਉਂਦੀ ਹੈ;

ਸੁਣ ਲੈ ਕੁੜੀਏ ਮੈਂ ਵੀ ਪੀਤੈ,

ਘਾਟ-ਘਾਟ ਦਾ ਪਾਣੀ।

ਸੁਰਗਾਂ ਵਿੱਚ ਕਈ ਜਾ ਕੇ ਬਹਿਗੇ,

ਹਾਣ ਮੇਰੇ ਦੇ ਹਾਣੀ।

ਮੈਂ ਹਾਂ ਤੇਰੇ ਬਾਪੂ ਹਾਣ ਦਾ,

ਤੂੰ ਹੈਂ ਅਜੇ ਨਿਆਣੀ।

ਪੁੱਛ ਲੈ ਜੋ ਪੁੱਛਣਾ, ਭੌਂਦੂ ਬੁੜ੍ਹਾ ਨਾ ਜਾਣੀ।

ਸੰਪਰਕ: 95010-12199