ਇਜ਼ਰਾਈਲ ਵੱਲੋਂ ਲਾਂਘਾ ਦੇਣ ਮਗਰੋਂ ਹਜ਼ਾਰਾਂ ਲੋਕ ਸ਼ਾਹਰਾਹ ’ਤੇ ਆਏ

ਇਜ਼ਰਾਈਲ ਵੱਲੋਂ ਲਾਂਘਾ ਦੇਣ ਮਗਰੋਂ ਹਜ਼ਾਰਾਂ ਲੋਕ ਸ਼ਾਹਰਾਹ ’ਤੇ ਆਏ

ਜੰਗ ਵਿੱਚ ਮਰਨ ਵਾਲੇ ਫਲਸਤੀਨੀਆਂ ਦੀ ਗਿਣਤੀ 11,000 ਤੋਂ ਟੱਪੀ
ਯੂਨਿਸ- ਇਜ਼ਰਾਈਲ ਵੱਲੋਂ ਸੁਰੱਖਿਅਤ ਲਾਂਘੇ ਲਈ ਸਮਾਂ ਐਲਾਨੇ ਜਾਣ ਤੋਂ ਬਾਅਦ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਫਲਸਤੀਨੀ ਗਾਜ਼ਾ ਦੇ ਇੱਕੋ-ਇੱਕ ਸ਼ਾਹਰਾਹ ’ਤੇ ਆ ਗਏ ਅਤੇ ਉਨ੍ਹਾਂ ਉੱਤਰੀ ਗਾਜ਼ਾ ਤੋਂ ਦੱਖਣ ਵੱਲ ਨੂੰ ਚਾਲੇ ਪਾ ਦਿੱਤੇ ਹਨ। ਉੱਧਰ, ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਜੰਗ ਵਿੱਚ ਹੁਣ ਤੱਕ ਮਰਨ ਵਾਲੇ ਫਲਸਤੀਨੀਆਂ ਦੀ ਗਿਣਤੀ 11,000 ਤੋਂ ਟੱਪ ਚੁੱਕੀ ਹੈ। ਗਾਜ਼ਾ ਸ਼ਹਿਰ ਵਿੱਚ ਹਵਾਈ ਹਮਲਿਆਂ ਤੇ ਮੈਦਾਨੀ ਜੰਗ ਵਿਚਾਲੇ ਹਜ਼ਾਰਾਂ ਲੋਕ ਸੁਰੱਖਿਅਤ ਥਾਂ ਦੀ ਭਾਲ ਵਿੱਚ ਉੱਤਰੀ ਗਾਜ਼ਾ ਤੋਂ ਦੱਖਣ ਵੱਲ ਨੂੰ ਨਿਕਲ ਚੁੱਕੇ ਹਨ। ਉੱਤਰੀ ਗਾਜ਼ਾ ਵਿੱਚ ਇਨ੍ਹਾਂ ਫਲਸਤੀਨੀਆਂ ਨੂੰ ਬੰਬਾਰੀ ਅਤੇ ਹੋਰ ਮੁਸ਼ਕਿਲ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਹੋਰ ਲੋਕ ਹਸਪਤਾਲਾਂ ਵਿੱਚ ਅਪਰੇਸ਼ਨ ਥੀਏਟਰਾਂ ਤੇ ਵਾਰਡਾਂ ਤੋਂ ਇਲਾਵਾ ਹਸਪਤਾਲਾਂ ਦੇ ਆਲੇ-ਦੁਆਲੇ ਰਹਿ ਰਹੇ ਹਨ।

ਗਾਜ਼ਾ ਦੇ ਮੈਡੀਕਲ ਅਧਿਕਾਰੀਆਂ ਨੇ ਇਜ਼ਰਾਈਲ ’ਤੇ ਅੱਜ ਹਸਪਤਾਲਾਂ ਨੇੜੇ ਹਮਲੇ ਕਰਨ ਦਾ ਦੋਸ਼ ਲਾਇਆ, ਹਾਲਾਂਕਿ ਇਜ਼ਰਾਈਲ ਦਾ ਕਹਿਣਾ ਹੈ ਕਿ ਹਸਪਤਾਲ ਨੇੜੇ ਧਮਾਕਾ ਫਲਸਤੀਨੀ ਰਾਕੇਟ ਦੇ ਗ਼ਲਤ ਦਿਸ਼ਾ ਵਿੱਚ ਡਿੱਗਣ ਕਾਰਨ ਹੋਇਆ ਸੀ। ਸਭ ਤੋਂ ਵੱਡਾ ਸ਼ਹਿਰ ਹੋਣ ਕਾਰਨ ਗਾਜ਼ਾ ਇਜ਼ਰਾਈਲ ਦੇ ਮੁੱਖ ਨਿਸ਼ਾਨੇ ’ਤੇ ਹੈ। ਗਾਜ਼ਾ ਦੇ ਸਿਹਤ ਮੰਤਰਾਲੇ ਦੇ ਤਰਜਮਾਨ ਅਸ਼ਰਫ-ਅਲ-ਕਿਦਰਾ ਨੇ ਦੱਸਿਆ ਕਿ ਅੱਜ ਸਵੇਰੇ ਇਜ਼ਰਾਈਲ ਵੱਲੋਂ ਸ਼ਿਫਾ ਹਸਪਤਾਲ ਦੇ ਵਿਹੜੇ ਅਤੇ ਪ੍ਰਸੂਤੀ ਵਿਭਾਗ ’ਤੇ ਹਮਲਾ ਕੀਤਾ ਗਿਆ, ਜਿੱਥੇ ਕਿ ਹਜ਼ਾਰਾਂ ਲੋਕ ਰਹਿ ਰਹੇ ਹਨ। ਉੱਧਰ, ਇਜ਼ਰਾਇਲੀ ਫੌਜ ਦਾ ਦੋਸ਼ ਹੈ ਕਿ ਹਮਾਸ ਦੇ ਅਤਿਵਾਦੀ ਹਸਪਤਾਲਾਂ ਦੇ ਅੰਦਰ ਛੁਪੇ ਹੋਏ ਹਨ ਅਤੇ ਉਨ੍ਹਾਂ ਨੇ ਸ਼ਿਫਾ ਹਸਪਤਾਲ ਵਿੱਚ ਕਮਾਂਡ ਸੈਂਟਰ ਬਣਾਇਆ ਹੋਇਆ ਹੈ ਜਦਕਿ ਹਸਪਤਾਲ ਦੇ ਸਟਾਫ ਤੇ ਹਮਾਸ ਨੇ ਇਸ ਦਾਅਵੇ ਨੂੰ ਖਾਰਜ ਕੀਤਾ ਹੈ।