ਫ਼ਲਸਤੀਨੀਆਂ ਦੀ ਨਸਲਕੁਸ਼ੀ ਅਤੇ ਉਜਾੜਾ

ਫ਼ਲਸਤੀਨੀਆਂ ਦੀ ਨਸਲਕੁਸ਼ੀ ਅਤੇ ਉਜਾੜਾ

ਡਾ. ਬਲਜਿੰਦਰ

ਫਲਸਤੀਨ-ਇਜ਼ਰਾਈਲ ਲੜਾਈ ਨੂੰ ਇੱਕ ਮਹੀਨਾ ਹੋ ਗਿਆ ਹੈ। 7 ਅਕਤੂਬਰ 2023 ਨੂੰ ਗਾਜ਼ਾ ਪੱਟੀ ਦੇ ਇਲਾਕੇ ’ਚ ਸਰਗਰਮ ਕੱਟੜਪੰਥੀ ਗੁੱਟ ਹਮਾਸ ਨੇ ਇਜ਼ਰਾਈਲ ਦੇ ਨਾਲ ਲੱਗਦੇ ਸਰਹੱਦੀ ਖੇਤਰ ਅੰਦਰ ਜਾ ਕੇ ਕੀਤੇ ਹਮਲਿਆਂ ’ਚ ਇਜ਼ਰਾਇਲੀ ਫੌਜ ਦੇ ਕਾਫੀ ਜੁਆਨਾਂ ਸਮੇਤ ਸਿਵਲੀਅਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਦੋ ਸੌ ਤੋਂ ਵਧੇਰੇ ਇਜ਼ਰਾਇਲੀ ਬਸਿ਼ੰਦਿਆਂ ਨੂੰ ਬੰਦੀ ਬਣਾ ਲਿਆ ਸੀ। ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਇਲੀ ਫੌਜ ਨੇ ਆਪਣੇ ਮਿਲਟਰੀ ੳਪਰੇਸ਼ਨ ਰਾਹੀਂ ਫਲਸਤੀਨੀਆਂ ’ਤੇ ਬਹੁਤ ਵੱਡਾ ਹਮਲਾ ਵਿੱਢਿਆ ਹੋਇਆ ਹੈ।

ਮੁੱਦੇ ਦਾ ਇਤਿਹਾਸਕ ਪਿਛੋਕੜ

ਆਖ਼ਰ ਇਸ ਖਹਿਭੇੜ ਦਾ ਅਸਲ ਮੁੱਦਾ ਕੀ ਹੈ? ਇਹ ਦੇਖਣ ਲਈ ਸਾਨੂੰ ਇਜ਼ਰਾਈਲ ਦੇ ਇਤਿਹਾਸ ’ਤੇ ਝਾਤ ਮਾਰਨੀ ਪਵੇਗੀ। ਯਹੂਦੀਆਂ ਅੰਦਰ ਆਪਣੇ ਇਸ਼ਟ ਦੇ ਮੁਕੱਦਸ ਸਥਾਨ ਯੇਰੂਸ਼ਲਮ ਪ੍ਰਤੀ ਮੋਹ ਲਗਾਤਾਰ ਬਣਿਆ ਰਿਹਾ ਹੈ। ਉਨ੍ਹਾਂ ਆਪਣੀ ਮੁਕੱਦਸ ਕਤਿਾਬ ਬਾਈਬਲ ਦੇ ਹਵਾਲਿਆਂ (ਸਾਧਾਰਨ ਬੋਲੀ ’ਚ ਕਹਿਣਾ ਹੋਵੇ ਤਾਂ ਸਾਖੀਆਂ) ਮੁਤਾਬਕ ਆਪਣਾ ਮੁਲਕ ਬਣਾਉਣ ਲਈ ਕੋਸਿ਼ਸ਼ਾਂ ਜਾਰੀ ਰੱਖੀਆਂ। ਆਸਟਰੀਆ ਦੇ ਸ਼ਹਿਰ ਵੀਆਨਾ ਵਿਚ 19ਵੀਂ ਸਦੀ ਦੇ ਅੰਤਲੇ ਦਹਾਕਿਆਂ ਅੰਦਰ ਵੀਆਨਾ ਦੇ ਯਹੂਦੀਵਾਦੀ ਥਿਓਡਰ ਹਰਜ਼ਲ ਨੇ ਯਹੂਦੀ ਰਿਆਸਤ/ਸਟੇਟ ਇਜ਼ਰਾਈਲ ਦਾ ਵਿਚਾਰ ਰੱਖਿਆ। ਉਸ ਨੇ ਪੈਸੇ ਇਕੱਠੇ ਕਰ ਕੇ ਧਾਰਮਿਕ ਇਕੱਠ ਰੱਖਿਆ। ਇਸ ਇਕੱਤਰਤਾ ਨੇ ਇਹ ਫੈਸਲਾ ਕੀਤਾ ਕਿ ਵੀਆਨਾ ਦੇ ਸਾਰੇ ਯਹੂਦੀ ਪਾਦਰੀਆਂ (ਪ੍ਰਚਲਤਿ ਨਾਂ ਰੱਬੀ) ਨੂੰ ਇੱਕ ਥਾਂ ਇਕੱਠਾ ਕੀਤਾ ਜਾਵੇ। ਇਕੱਤਰਤਾ ਵਿਚ ਇਹ ਫ਼ੈਸਲਾ ਕੀਤਾ ਗਿਆ ਕਿ ਆਪਣਾ ਮੁਲਕ ਬਣਾਉਣ ਲਈ ਹਾਲਾਤ ਦਾ ਜਾਇਜ਼ਾ ਲੈਣ ਲਈ ਦੋ ਯਹੂਦੀ ਪਾਦਰੀਆਂ ਨੂੰ ਫ਼ਲਸਤੀਨ ਦਾ ਦੌਰਾ ਕਰਨ ਲਈ ਭੇਜਿਆ ਜਾਵੇ। ਫੈਸਲੇ ਮੂਜਬ ਦੋ ਯਹੂਦੀ ਪਾਦਰੀ ਫਲਸਤੀਨ ਗਏ ਅਤੇ ਉੱਥੇ ਅੱਪੜ ਕੇ ਉਨ੍ਹਾਂ ਵੀਆਨਾ ਵੱਲ ਤਾਰ ਜ਼ਰੀਏ ਸੁਨੇਹਾ ਭੇਜਿਆ ਕਿ “ਦੁਲਹਨ ਤਾਂ ਨਿਹਾਇਤ ਹੀ ਖੂਬਸੂਰਤ ਹੈ ਪਰ ਉਹ ਤਾਂ ਪਹਿਲਾਂ ਹੀ ਕਿਸੇ ਹੋਰ ਨਾਲ ਵਿਆਹੀ ਹੋਈ ਹੈ”, ਭਾਵ, ਉਨ੍ਹਾਂ ਕਿਹਾ ਕਿ ਫਲਸਤੀਨ ਤਾਂ ਬਹੁਤ ਹੀ ਦਿਲਕਸ਼ ਤੇ ਸੁੰਦਰ ਮੁਲਕ ਹੈ ਪਰ ਉੱਥੇ ਤਾਂ ਪਹਿਲਾਂ ਤੋਂ ਹੀ ਲੋਕ ਰਹਿ ਰਹੇ ਹਨ। ਇੱਥੇ ਇਹ ਚੇਤੇ ਕਰਨਾ ਵੀ ਕੁਥਾਂ ਨਹੀਂ ਕਿ ਓਟੋਮਾਨ ਬਾਦਸ਼ਾਹਤ (ਤੁਰਕੀ ਦੀ ਬਾਦਸ਼ਾਹਤ) ਦਾ ਖਾਤਮਾ ਹੋਣ ਤੋਂ ਬਾਅਦ ਤੋਂ ਲੈ ਕੇ ਫਲਸਤੀਨ ਅੰਗਰੇਜ਼ ਬਸਤੀਵਾਦੀਆਂ ਦੀ ਬਸਤੀ ਚਲਿਆ ਆ ਰਿਹਾ ਸੀ। ਇੱਕ ਹੋਰ ਪੱਖ ਵੀ ਧਿਆਨ ਦੇਣ ਵਾਲਾ ਹੈ ਕਿ ਯਹੂਦੀ ਧਰਮ ਦੇ ਪੈਰੋਕਾਰਾਂ ਦੇ ਬਹੁਤਾ ਕਰ ਕੇ ਕਾਰੋਬਾਰੀ ਹੋਣ ਕਰ ਕੇ ਜਿਨ੍ਹਾਂ ਵੀ ਮੁਲਕਾਂ ’ਚ ਉਹ ਰਹਿੰਦੇ ਸਨ, ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਅੰਦਰ ਤਕੜਾ ਪ੍ਰਭਾਵ ਰੱਖਦੇ ਸਨ/ਹਨ। 2 ਨਵੰਬਰ 1917 ਨੂੰ ਬਾਲਫੋਰ ਐਲਾਨਨਾਮੇ ਮੁਤਾਬਕ ਬਸਤੀਵਾਦੀ ਅੰਗਰੇਜ਼ ਹਾਕਮਾਂ ਨੇ ਆਪਣੀ ਬਸਤੀ ਫਲਸਤੀਨ ਅੰਦਰ ਯਹੂਦੀਆਂ ਨੂੰ ਵਸਾਉਣ ਲਈ ਇਜਾਜ਼ਤ ਦੇ ਦਿੱਤੀ। ਉਸ ਮੌਕੇ ਫਲਸਤੀਨ ਅੰਦਰ ਯਹੂਦੀ 10 ਫੀਸਦੀ ਸਨ ਅਤੇ ਅਰਬੀ ਲੋਕ 90 ਪ੍ਰਤੀਸ਼ਤ ਬਣਦੇ ਸਨ। ਯਹੂਦੀਆਂ ਕੋਲ 2 ਫੀਸਦੀ ਹੀ ਜ਼ਮੀਨ ਸੀ। ਇਸ ਤੋਂ ਬਾਅਦ ਵੀ 1922 ਤੋਂ 1948 ਤੱਕ ਇਜ਼ਰਾਈਲ ਦੀ ਸਥਾਪਨਾ ਲਈ ਕੀਤੀਆਂ ਵਾਰਤਾਲਾਪਾਂ ਲਈ ਇਹੋ ਐਲਾਨਨਾਮਾ ਆਧਾਰ ਬਣਿਆ ਰਿਹਾ। ਦੂਜੀ ਸੰਸਾਰ ਜੰਗ ਦੌਰਾਨ ਜਰਮਨੀ ਸਮੇਤ ਯੂਰੋਪ ਦੇ ਹੋਰਨਾਂ ਮੁਲਕਾਂ ਅੰਦਰ ਵੱਸਦੇ ਯਹੂਦੀਆਂ ਉੱਤੇ ਨਾਜ਼ੀਆਂ ਵੱਲੋਂ ਢਾਹੇ ਅੰਨ੍ਹੇ ਤਸ਼ੱਦਦ ਦੇ ਮੱਦੇਨਜ਼ਰ ਵੱਡੀ ਪੱਧਰ ’ਤੇ ਯੂਰੋਪੀਅਨ ਮੁਲਕਾਂ ’ਚੋਂ ਹੋਏ ਯਹੂਦੀਆਂ ਦੇ ਪਰਵਾਸ ਕਰ ਕੇ ਇਜ਼ਰਾਈਲ ਦੀ ਸਥਾਪਨਾ ਦਾ ਏਜੰਡਾ ਹੋਰ ਜ਼ੋਰ ਫੜ ਗਿਆ। ਅਖੀਰ ਯੂਐੱਨਓ ਦੇ ਇੱਕ ਮਤੇ ਰਾਹੀਂ 15 ਮਈ 1948 ਨੂੰ ਇਜ਼ਰਾਈਲ ਦੀ ਇੱਕ ਮੁਲਕ ਵਜੋਂ ਸਥਾਪਨਾ ਫਲਸਤੀਨ ਨੂੰ ਦੋ ਮੁਲਕਾਂ ’ਚ ਵੰਡ ਕੇ ਕੀਤੀ ਗਈ।

ਨਵੇਂ ਮੁਲਕ ਦੀ ਸਥਾਪਤੀ ਤੋਂ ਬਾਅਦ

1948-49 ਦੀ ਜੰਗ ਤੋਂ ਬਾਅਦ 1967 ’ਚ ਛੇ ਦਿਨ ਲੰਮੀ ਚੱਲੀ ਜੰਗ ਦੌਰਾਨ ਇਜ਼ਰਾਈਲ ਨੇ ਸੀਰੀਆ ਦੇ ਗੋਲਾਨ ਹਾਈਟਸ ਦਾ ਪਹਾੜੀ ਖੇਤਰ, ਜਾਰਡਨ ਦੇ ਪੱਛਮੀ ਕਿਨਾਰੇ (ਵੈਸਟ ਬੈਂਕ), ਫਲਸਤੀਨ ਦੇ ਗਾਜ਼ਾ ਪੱਟੀ ਅਤੇ ਮਿਸਰ ਦੇ ਸਿਨਈ ਪੈਨਿਨਸੁਲਾ ਇਲਾਕੇ ਹਥਿਆ ਲਏ। ਇਸ ਉਪਰੰਤ ਉਸ ਨੇ ਇਨ੍ਹਾਂ ਇਲਾਕਿਆਂ ਅੰਦਰ ਆਪਣੀਆਂ ਪੱਕੀਆਂ ਠਾਹਰਾਂ (ਬਸਤੀਆਂ) ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਅਰਬੀ ਲੋਕਾਂ ਨੂੰ ਉੱਥੋਂ ਖਦੇੜਨਾ ਜਾਰੀ ਰੱਖਿਆ। ਸੀਤ ਯੁੱਧ ਦਾ ਸਮਾਂ ਹੋਣ ਕਾਰਨ ਅਮਰੀਕਾ ਨੇ ਇਸ ਖੇਤਰ ਅੰਦਰ ਆਪਣੀ ਪੈਂਠ ਬਣਾਈ ਰੱਖਣ ਲਈ ਵਿਚ ਵਿਚਾਲੇ ਪੈ ਕੇ ਭਾਵੇਂ ਸਮਝੌਤਾ ਕਰਵਾ ਦਿੱਤਾ ਸੀ ਅਤੇ ਕੁੱਝ ਇਲਾਕੇ ਵਾਪਸ ਉਨ੍ਹਾਂ ਮੁਲਕਾਂ ਨੂੰ ਸੌਂਪ ਦਿੱਤੇ ਸਨ ਪਰ ਗੋਲਾਨ ਹਾਈਟਸ, ਪੱਛਮੀ ਕੰਢਾ ਤੇ ਗਾਜ਼ਾ ਪੱਟੀ ਦੇ ਇਲਾਕੇ ਇਜ਼ਰਾਈਲ ਦੇ ਕਬਜ਼ੇ ਹੇਠ ਹੀ ਰਹੇ ਤੇ ਅੱਜ ਤੱਕ ਵੀ ਹਨ।

ਫਲਸਤੀਨ ਅੰਦਰੋਂ ਇਜ਼ਰਾਈਲ ਦਾ ਵਿਰੋਧ

ਸਥਤਿੀ ਇਹ ਨਹੀਂ ਰਹੀ ਕਿ ਫਲਸਤੀਨੀਆਂ ਨੇ ਇਜ਼ਰਾਈਲ ਦੀ ਸਥਾਪਨਾ ਨੂੰ ਆਪਣੀ ਹੋਣੀ ਮੰਨ ਲਿਆ ਹੋਵੇ ਤੇ ਉਹ ਹੱਥ ’ਤੇ ਹੱਥ ਧਰ ਕੇ ਬੈਠੇ ਹੋਣ। ਉਨ੍ਹਾਂ ਆਪਣੇ ਹਮਖਿਆਲ ਮੁਲਕਾਂ ਦੀਆਂ ਸਰਕਾਰਾਂ ਅਤੇ ਲੋਕਾਂ ਦੀ ਇਮਦਾਦ ਨਾਲ ਹਰ ਪੱਧਰ ’ਤੇ ਇਜ਼ਰਾਈਲ ਦੇ ਵਿਰੋਧ ਦਾ ਝੰਡਾ ਬੁਲੰਦ ਕਰਨਾ ਜਾਰੀ ਰੱਖਿਆ। ਇਸੇ ਹੀ ਪ੍ਰਸੰਗ ’ਚ ਫਲਸਤੀਨ ਦੀ ਮੁਕਤੀ ਲਈ ਜਥੇਬੰਦ ਕੀਤੀ ਯਾਸਰ ਅਰਾਫਤ ਦੀ ਅਗਵਾਈ ਵਾਲੀ ਫਲਸਤੀਨੀ ਲਬਿਰੇਸ਼ਨ ਆਰਗੇਨਾਈਜ਼ੇਸ਼ਨ (ਪੀਐੱਲਓ) ਦੇ ਗਠਨ ਤੇ ਉਸ ਦੇ ਰੋਲ ਨੂੰ ਸਮਝਿਆ ਜਾ ਸਕਦਾ ਹੈ। ਜਮਹੂਰੀ ਢੰਗ-ਤਰੀਕਿਆਂ ’ਚ ਵਿਸ਼ਵਾਸ ਕਰਨ ਵਾਲੀ ਪੀਐੱਲਓ ਨੇ ਸੰਸਾਰ ਪਲੈਟਫਾਰਮਾਂ ’ਤੇ ਫਲਸਤੀਨ ’ਤੇ ਹੋ ਰਹੇ ਜਬਰ ਦੀ ਬਾਤ ਪਾਉਣ ’ਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ। ਦੂਜੇ ਪਾਸੇ ਇਜ਼ਰਾਇਲੀ ਹੁਕਮਰਾਨ ਪੀਐੱਲਓ ਨੂੰ ਅਤਿਵਾਦੀ ਜੱਥੇਬੰਦੀ ਗਰਦਾਨਦੇ ਸਨ। ਅਖੀਰ 1993 ’ਚ ਨਾਰਵੇ ਦੇ ਰਾਜਧਾਨੀ ਸ਼ਹਿਰ ਓਸਲੋ ’ਚ ਇੱਕ ਸਮਝੌਤਾ ਇਜ਼ਰਾਈਲ ਅਤੇ ਪੀਐੱਲਓ ਦਰਮਿਆਨ ਕਲਮਬੱਧ ਹੋਇਆ। ਇਸ ਸਮਝੌਤੇ ਮੁਤਾਬਕ ਇਜ਼ਰਾਈਲ ਨੇ ਪੀਐੱਲਓ ਨੂੰ ਅਰਬੀ ਲੋਕਾਂ ਦੀ ਨੁਮਾਇੰਦਾ ਜੱਥੇਬੰਦੀ ਦੇ ਤੌਰ ’ਤੇ ਸਵੀਕਾਰ ਕੀਤਾ ਅਤੇ ਪੀਐੱਲਓ ਨੇ ਇਜ਼ਰਾਈਲ ਨੂੰ ਦੇਸ਼ ਵਜੋਂ ਮੰਨਿਆ (ਇਸ ਤੋਂ ਪਹਿਲਾਂ ਫਲਸਤੀਨ ਦੇ ਲੋਕ ਇਜ਼ਰਾਈਲ ਨੂੰ ਮੁਲਕ ਵਜੋਂ ਸਵੀਕਾਰ ਨਹੀਂ ਕਰਦੇ ਸਨ)। ਇਸ ਸਮਝੌਤੇ ਤੋਂ ਪਹਿਲਾਂ ਹੀ ਜਮਹੂਰੀ ਢੰਗ ਨਾਲ ਚੱਲਣ ਵਾਲੀ ਪੀਐੱਲਓ ਦਾ ਵਿਰੋਧ ਸ਼ੁਰੂ ਚੁੱਕਿਆ ਸੀ ਅਤੇ ਹਮਾਸ ਨਾਂ ਦੀ ਜੱਥੇਬੰਦੀ 1987 ’ਚ ਬਣ ਚੁੱਕੀ ਸੀ ਜਿਸ ਦਾ ਕੰਮ ਕਰਨ ਦਾ ਮੁੱਖ ਤਰੀਕਾਕਾਰ ਵੱਖਰੇ ਢੰਗਾਂ ਰਾਹੀਂ ਕਾਰਵਾਈਆਂ ਕਰ ਕੇ ਆਪਣੇ ਮੁਲਕ ਨੂੰ ਆਜ਼ਾਦੀ ਦਿਵਾਉਣਾ ਸੀ। ਓਸਲੋ ਸਮਝੌਤੇ ਨੂੰ ਇਸ ਨੇ ਗੋਡੇ ਟੇਕੂ ਸਮਝੌਤਾ ਕਿਹਾ। ਇਜ਼ਰਾਈਲ ਦੇ ਅੰਦਰੋਂ ਵੀ ਇਸ ਸਮਝੌਤੇ ਦਾ ਵਿਰੋਧ ਹੋਇਆ ਅਤੇ ਉਸ ਸਮੇਂ ਵਿਰੋਧੀ ਧਿਰ ਦੇ ਆਗੂ ਵਜੋਂ ਇਜ਼ਰਾਈਲ ਦੇ ਮੌਜੂਦਾ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਇਸ ਸਮਝੌਤੇ ਦਾ ਡਟ ਕੇ ਵਿਰੋਧ ਕੀਤਾ।

1996 ’ਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਬਿਰਾਜਮਾਨ ਹੁੰਦਿਆਂ ਹੀ ਉਸ ਨੇ ਫਲਸਤੀਨੀਆਂ ’ਤੇ ਆਪਣੇ ਜਬਰ ਦਾ ਕੁਹਾੜਾ ਹੋਰ ਤੇਜ਼ ਕਰ ਦਿੱਤਾ। ਇਸੇ ਦੌਰਾਨ ਇਜ਼ਰਾਈਲ ਦੀ ਘੇਰਾਬੰਦੀ ਵਾਲੇ ਖੇਤਰ ਗਾਜ਼ਾ ਪੱਟੀ ’ਚ ਹੋਈਆਂ ਚੋਣਾਂ ਵਿਚ 2007 ’ਚ ਹਮਾਸ ਦਾ ਪਾਰਲੀਮਾਨੀ ਵਿੰਗ ਜਮਹੂਰੀ ਤਰਜ਼ੇਅਮਲ ਨਾਲ ਸੱਤਾ ’ਚ ਆਇਆ ਅਤੇ ਉਹ ਅਜੇ ਤੱਕ ਗੱਦੀ ’ਤੇ ਹੈ। ਨੇਤਨਯਾਹੂ ਇਸੇ ਹਮਸ ਨੂੰ ਅਤਿਵਾਦੀ ਜੱਥੇਬੰਦੀ ਐਲਾਨਦਾ ਹੈ ਅਤੇ ਉਸ ਦਾ ਤੇ ਫਲਸਤੀਨੀਆਂ ਦਾ ਇਸ ਜਗਤ ’ਚੋਂ ਨਾਮੋ-ਨਿਸ਼ਾਨ ਮਿਟਾਉਣ ਲਈ ਆਮਾਦਾ ਹੈ।

ਫਲਸਤੀਨੀਆਂ ਦੀ ਨਸਲਕੁਸ਼ੀ ’ਤੇ ਆਮਾਦਾ ਇਜ਼ਰਾਈਲੀ ਹੁਕਮਰਾਨ

ਮੀਕੋ ਪੇਲੇਡ ਇਜ਼ਰਾਇਲੀ ਫੌਜ ਦੇ ਇੱਕ ਜਨਰਲ ਦਾ ਪੁੱਤਰ ਹੈ ਅਤੇ ਲੇਖਕ ਹੋਣ ਦੇ ਨਾਲ ਨਾਲ ਉਹ ਸਮਾਜਿਕ ਕਾਰਕੁਨ ਵੀ ਹੈ। ਉਸ ਨੇ ਜਾਰੀ ਕੀਤੇ ਵੀਡੀਓ ’ਚ ਇਹ ਬਿਆਨ ਦਿੱਤਾ ਹੈ ਕਿ ਇਜ਼ਰਾਇਲੀ ਫੌਜ (ਆਈਡੀਐੱਫ) ਆਧੁਨਿਕਤਮ ਹਥਿਆਰਾਂ ਤੇ ਹੋਰ ਸਾਜ਼ੋ-ਸਮਾਨ ਨਾਲ ਲੈਸ, ਬਹੁਤ ਆਲੀਸ਼ਾਨ ਵਰਦੀਧਾਰੀ, ਪੂਰਨ ਰੂਪ ’ਚ ਸਿੱਖਿਅਤ, ਤਕਨੀਕੀ ਪੱਖੋਂ ਪੂਰੀ ਲੈਸ ਕੋਈ ਫੌਜੀ ਜੱਥੇਬੰਦੀ ਨਹੀਂ ਬਲਕਿ ਇਹ ਅਤਿਵਾਦੀ ਜੱਥੇਬੰਦੀ ਹੈ। ਉਸ ਨੇ ਆਪਣੀ ਇਸ ਗੱਲ ਦੀ ਹਮਾਇਤ ਵਿਚ ਇੱਕ ਘਟਨਾ ਦਾ ਜਿ਼ਕਰ ਕੀਤਾ ਹੈ ਕਿ ਕਿਵੇਂ 2007-08 ਵਿਚ ਇਜ਼ਰਾਇਲੀ ਫੌਜ ਨੇ 11 ਵੱਜ ਕੇ 25 ਮਿੰਟ ’ਤੇ ਇੱਕੋ ਸਮੇਂ ਹੀ ਸਕੂਲੀ ਬੱਚਿਆਂ ’ਤੇ ਬੰਬਾਰੀ ਕੀਤੀ ਸੀ। ਹਮਲੇ ਦਾ ਇਹ ਵਕਤ ਮਿਥਣਾ ਬਹੁਤ ਡੂੰਘੀ ਸਾਜਿ਼ਸ਼ ਦਾ ਹਿੱਸਾ ਸੀ ਜਿਸ ਮੁਤਾਬਕ ਇਜ਼ਰਾਇਲੀਆਂ ਨੇ ਫਲਸਤੀਨੀਆਂ ਦੀ ਵੱਡੇ ਪੱਧਰ ’ਤੇ ਨਸਲਕੁਸ਼ੀ ਕਰਨੀ ਹੈ। ਹਮਲੇ ਦਾ ਇਹ ਸਮਾਂ ਉਹ ਸਮਾਂ ਸੀ ਜਦੋਂ ਸਕੂਲੀ ਬੱਚਿਆਂ ਦੀ ਪਹਿਲੀ ਸਿ਼ਫਟ ਖਤਮ ਹੁੰਦੀ ਹੈ ਅਤੇ ਦੂਜੀ ਸ਼ੁਰੂ ਹੁੰਦੀ ਹੈ; ਭਾਵ, ਇਸ ਸਮੇਂ ਵੱਡੀ ਤਾਦਾਦ ’ਚ ਫਲਸਤੀਨੀ ਬੱਚੇ ਸੜਕਾਂ ’ਤੇ ਅਤੇ ਸਕੂਲਾਂ ਦੇ ਨੇੜੇ-ਤੇੜੇ ਹੁੰਦੇ ਹਨ; ਮਤਲਬ, ਬੱਚਿਆਂ ਨੂੰ ਮਾਰ ਕੇ ਫਲਸਤੀਨੀ ਕੌਮ ਨੂੰ ਹੀ ਨੇਸਤਨਾਬੂਦ ਕਰ ਦੇਣ ਦਾ ਇਜ਼ਰਾਇਲੀ ਹਾਕਮਾਂ ਦੇ ਮਨਸ਼ੇ ਜੱਗ ਜ਼ਾਹਿਰ ਹੁੰਦੇ ਹਨ।

ਹੁਣੇ ਹੁਣੇ ਆਈ ਰਿਪੋਰਟ ਵਿਚ ਇਹ ਇੰਕਸ਼ਾਫ ਹੋਇਆ ਹੈ ਕਿ ਇਜ਼ਰਾਇਲੀ ਹੁਕਮਰਾਨ ਜਿਸ ਦਿਨ ਹਵਾ ਦਾ ਰੁਖ਼ ਆਪਣੇ ਕਬਜ਼ੇ ਹੇਠਲੇ ਖੇਤਰ ਗਾਜ਼ਾ ਪੱਟੀ ਵੱਲ ਹੁੰਦਾ ਹੈ ਤਾਂ ਉਹ ਆਪਣੇ ਅਮਲੇ ਰਾਹੀਂ ਗਲਾਈਫੋਸੇਟ ਨਾਮਕ ਪਾਬੰਦੀਸ਼ੁਦਾ ਕੀੜੇਮਾਰ ਦਵਾਈ ਸਮੇਤ ਹੋਰਨਾਂ ਖਤਰਨਾਕ ਕੀੜੇਮਾਰ ਦਵਾਈਆਂ ਦਾ ਛਿੜਕਾਅ ਇਸ ਢੰਗ ਨਾਲ ਕਰਦੇ ਹਨ ਤਾਂ ਕਿ ਉਹ ਹਵਾ ਨਾਲ ਰਲ ਕੇ ਗਾਜ਼ਾਪੱਟੀ ’ਚ ਪੱਕਣ ’ਤੇ ਆਈਆਂ ਫਸਲਾਂ ਨੂੰ ਤਬਾਹ ਕਰ ਦੇਵੇ ਅਤੇ ਲੋਕ/ਕਿਸਾਨ ਭੁੱਖਮਰੀ ਨਾਲ ਮਰ-ਮੁੱਕ ਜਾਣ।

ਹਿੰਦੁਸਤਾਨ ਦੇ ਲੋਕ ਅਤੇ ਇਹ ਜੰਗ

ਸਵਾਲ ਪੈਦਾ ਹੁੰਦਾ ਹੈ ਕਿ ਸਾਡੇ ਮੁਲਕ ਦੇ ਲੋਕਾਂ ਦਾ ਇਸ ਜੰਗ ਨਾਲ ਕੀ ਵਾਸਤਾ ਹੈ? ਬਹੁਤ ਹੀ ਨੇੜਲਾ ਸਬੰਧ ਹੈ। ਭਾਰਤ ਦੇ ਹਾਕਮਾਂ ਵੱਲੋਂ ਇਸ ਮਸਲੇ ’ਤੇ ਯੂਐੱਨਓ ਦੇ ਮਤੇ ’ਤੇ ਹੋਈ ਵੋਟਿੰਗ ਵਿਚੋਂ ਗੈਰ-ਹਾਜ਼ਰ ਰਹਿ ਕੇ ਇਜ਼ਰਾਈਲ ਦੇ ਹੱਕ ਵਿਚ ਭੁਗਤਣਾ ਅਤੇ ਇਜ਼ਰਾਇਲੀ ਹਾਕਮਾਂ ਦੇ ਇਸ਼ਾਰਿਆਂ ’ਤੇ ਹਮਾਸ ਨੂੰ ਅਤਿਵਾਦੀ ਜੱਥੇਬੰਦੀ ਗਰਦਾਨਣਾ ਇਹ ਦਿਖਾਉਂਦਾ ਹੈ ਕਿ ਸਾਡੇ ਮੁਲਕ ਦੇ ਹਾਕਮਾਂ ਦੇ ਹਿੱਤ ਇਜ਼ਰਾਈਲ ਦੇ ਹਿੱਤਾਂ ਨਾਲ ਮੇਲ ਖਾਂਦੇ ਹਨ ਨਾ ਕਿ ਭਾਰਤ ਦੇ ਲੋਕਾਂ ਨਾਲ। ਮਨੀਪੁਰ ਦੀਆਂ ਮੈਤੇਈ-ਕੁਕੀ ਝੜਪਾਂ, ਝਾਰਖੰਡ ਤੇ ਮੱਧ ਭਾਰਤ ’ਚ ਆਦਿਵਾਸੀਆਂ ਨੂੰ ਜਲ-ਜੰਗਲ-ਜ਼ਮੀਨ ਤੋਂ ਬੇਦਖ਼ਲ ਕਰ ਕੇ ਕਾਰਪੋਰੇਟ ਘਰਾਣਿਆਂ ਨੂੰ ਇਨ੍ਹਾਂ ਖਜ਼ਾਨਿਆਂ ਨੂੰ ਲੁੱਟਣ ਦੀ ਖੁੱਲ੍ਹੀ ਛੁੱਟੀ ਦੇਣਾ, ਭਾਰਤ ਦੀ ਮਜ਼ਦੂਰ ਜਮਾਤ ਨੂੰ ਲੰਮੇ ਸੰਘਰਸ਼ਾਂ ਬਾਅਦ ਹਾਸਲ ਕੀਤੇ 40 ਲੇਬਰ ਕਾਨੂੰਨਾਂ ਦੀ ਥਾਂ ’ਤੇ 4 ਲੇਬਰ ਕੋਡ ਲਾਗੂ ਕਰ ਕੇ ਮਜ਼ਦੂਰਾਂ ਦੇ ਹੱਕਾਂ ’ਤੇ ਛਾਪੇ ਮਾਰਨ ਰਾਹੀਂ ਕਾਰਖਾਨਿਆਂ ਦੇ ਮਾਲਕਾਂ ਨੂੰ ਮਜ਼ਦੂਰਾਂ ਦੀ ਲੁੱਟ ਕਰਨ ਦੀ ਖੁੱਲ੍ਹੀ ਛੁੱਟੀ ਦੇਣਾ ਕੀ ਲੋਕਾਂ ’ਤੇ ਜ਼ੁਲਮ ਢਾਹੁਣਾ ਨਹੀਂ? ਇਸੇ ਕਰ ਕੇ ਹੀ ਸਾਡੇ ਮੁਲਕ ਦੇ ਮਿਹਨਤਕਸ਼ਾਂ ਨੂੰ ਫਲਸਤੀਨੀਆਂ ’ਤੇ ਹੋ ਰਹੇ ਜ਼ੁਲਮਾਂ ਅਤੇ ਫਲਸਤੀਨੀਆਂ ਦੀ ਕੀਤੀ ਜਾ ਰਹੀ ਨਸਲਕੁਸ਼ੀ ਖਿ਼ਲਾਫ਼ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।