ਪੱਕੀ ਦੀਵਾਲੀ

ਪੱਕੀ ਦੀਵਾਲੀ

ਪ੍ਰਿੰਸੀਪਲ ਵਜਿੈ ਕੁਮਾਰ

ਦੀਵਾਲੀ ਤੋਂ ਕੁੱਝ ਦਿਨ ਪਹਿਲਾਂ ਦਰਸ਼ਨ ਦੇ ਪੰਜਾਬੀ ਅਧਿਆਪਕ ਉਨ੍ਹਾਂ ਦੀ ਜਮਾਤ ਨੂੰ ਪੜ੍ਹਾ ਰਹੇ ਸਨ। ਉਨ੍ਹਾਂ ਨੇ ਆਪਣੀ ਜਮਾਤ ਨੂੰ ਆਪਣੇ ਵਿਸ਼ੇ ਦਾ ਪਾਠ ਪੜ੍ਹਾ ਕੇ ਬੱਚਿਆਂ ਨੂੰ ਘਰ ਦਾ ਕੰਮ ਦੇ ਦਿੱਤਾ ਸੀ। ਅਜੇ ਵੀ ਉਨ੍ਹਾਂ ਦੇ ਵਿਸ਼ੇ ਦੀ ਘੰਟੀ ਦੇ ਦਸ ਮਿੰਟ ਬਾਕੀ ਸਨ। ਅਧਿਆਪਕ ਨੇ ਮੌਕਾ ਵੇਖ ਕੇ ਆਪਣੀ ਜਮਾਤ ਦੇ ਬੱਚਿਆਂ ਨੂੰ ਸਵਾਲ ਕੀਤਾ; ‘‘ਬੱਚਿਓ, ਆਪਾਂ ਦੀਵਾਲੀ ਦਾ ਤਿਉਹਾਰ ਕਿਉਂ ਮਨਾਉਂਦੇ ਹਾਂ?’’ ਬੱਚਿਆਂ ਨੇ ਆਪਣੀ ਆਪਣੀ ਇੱਛਾ ਤੇ ਜਾਣਕਾਰੀ ਅਨੁਸਾਰ ਉੱਤਰ ਦਿੱਤਾ।

ਕਿਸੇ ਬੱਚੇ ਨੇ ਕਿਹਾ, ਪਟਾਖੇ ਚਲਾ ਕੇ ਤੇ ਮਠਿਆਈਆਂ ਖਾ ਕੇ ਖੁਸ਼ੀ ਮਨਾਉਣਾ ਦੱਸਿਆ। ਕਿਸੇ ਬੱਚੇ ਨੇ ਘਰ ਦੀ ਸਾਫ਼ ਸਫ਼ਾਈ, ਬਰਤਨ ਖ਼ਰੀਦਣਾ, ਪਟਾਖੇ ਚਲਾਉਣਾ, ਮਠਿਆਈਆਂ ਖਰੀਦਣਾ ਅਤੇ ਪੂਜਾ ਪਾਠ ਕਰਨਾ ਦੱਸਿਆ। ਇਸ ਤਰ੍ਹਾਂ ਜਮਾਤ ਦੇ ਹੋਰ ਵੀ ਬੱਚਿਆਂ ਨੇ ਆਪਣੀ ਆਪਣੀ ਜਾਣਕਾਰੀ ਅਨੁਸਾਰ ਉੱਤਰ ਦਿੱਤਾ। ਅਧਿਆਪਕ ਨੇ ਉਸ ਤੋਂ ਬਾਅਦ ਬੱਚਿਆਂ ਨੂੰ ਦੂਜਾ ਪ੍ਰਸ਼ਨ ਕੀਤਾ; ‘‘ਬੱਚਿਓ, ਕੀ ਤੁਸੀਂ ਕੱਚੀ ਦੀਵਾਲੀ ਤੇ ਪੱਕੀ ਦੀਵਾਲੀ ਵਿੱਚ ਫ਼ਰਕ ਦੱਸ ਸਕਦੇ ਹੋ?’’

ਅਧਿਆਪਕ ਦੇ ਇਸ ਪ੍ਰਸ਼ਨ ਦਾ ਉੱਤਰ ਜਮਾਤ ਦੇ ਸਾਰੇ ਬੱਚਿਆਂ ਨੇ ਲਗਭਗ ਇੱਕੋ ਜਿਹਾ ਦਿੱਤਾ। ਬੱਚਿਆਂ ਨੇ ਕਿਹਾ ਕਿ ਕੱਚੀ ਦੀਵਾਲੀ ਅਤੇ ਪੱਕੀ ਦੀਵਾਲੀ ’ਚ ਇਹ ਫ਼ਰਕ ਹੁੰਦਾ ਹੈ ਕਿ ਕੱਚੀ ਦੀਵਾਲੀ ਨੂੰ ਪੱਕੀ ਦੀਵਾਲੀ ਦੀ ਤਿਆਰੀ ਕੀਤੀ ਜਾਂਦੀ ਹੈ ਤੇ ਉਸ ਦਿਨ ਵੀ ਬੱਚੇ ਥੋੜ੍ਹੇ ਬਹੁਤ ਪਟਾਖੇ ਚਲਾਉਂਦੇ ਹਨ, ਪਰ ਪੱਕੀ ਦੀਵਾਲੀ ਨੂੰ ਖਰੀਦਦਾਰੀ ਕੀਤੀ ਜਾਂਦੀ ਹੈ, ਪਟਾਖੇ ਚਲਾਏ ਜਾਂਦੇ ਹਨ ਤੇ ਪੂਜਾ ਪਾਠ ਕੀਤਾ ਜਾਂਦਾ ਹੈ। ਅਧਿਆਪਕ ਨੇ ਬੱਚਿਆਂ ਦਾ ਜਵਾਬ ਸੁਣ ਕੇ ਅੱਗੋਂ ਕਿਹਾ, ‘‘ਬੱਚਿਓ ਕੱਚੀ ਦੀਵਾਲੀ ਅਤੇ ਪੱਕੀ ਦੀਵਾਲੀ ਵਿੱਚ ਇੱਕ ਫ਼ਰਕ ਇਹ ਵੀ ਹੈ ਕਿ ਪੱਕੀ ਦੀਵਾਲੀ ਉਹ ਹੁੰਦੀ ਹੈ ਜਿਸ ਦਿਨ ਅਸੀਂ ਆਪਣੀ ਖੁਸ਼ੀ ਦੇ ਨਾਲ ਨਾਲ ਕਿਸੇ ਹੋਰ ਦੀ ਖੁਸ਼ੀ ਦਾ ਵੀ ਧਿਆਨ ਰੱਖਦੇ ਹਾਂ।’’ ਬੱਚੇ ਅਧਿਆਪਕ ਦਾ ਜਵਾਬ ਸੁਣ ਕੇ ਬਹੁਤ ਹੈਰਾਨ ਹੋਏ। ਉਨ੍ਹਾਂ ਵਿੱਚੋਂ ਦਰਸ਼ਨ ਨੇ ਅਧਿਆਪਕ ਨੂੰ ਪ੍ਰਸ਼ਨ ਕੀਤਾ, ‘‘ਸਰ, ਉਹ ਕਿਵੇਂ?’’

ਅਧਿਆਪਕ ਨੇ ਅੱਗੋਂ ਜਵਾਬ ਦਿੱਤਾ; ‘‘ਬੱਚਿਓ, ਸਾਨੂੰ ਆਪਣੀ ਖੁਸ਼ੀ ਦੇ ਨਾਲ ਨਾਲ ਦੂਜਿਆਂ ਦੀ ਖੁਸ਼ੀ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਤੁਹਾਡੇ ਸ਼ਹਿਰ ਜਾਂ ਕਸਬੇ ਵਿੱਚ, ਆਲੇ ਦੁਆਲੇ ਕੋਈ ਅਜਿਹਾ ਪਰਿਵਾਰ ਹੈ ਜੋ ਆਰਥਿਕ ਕਮਜ਼ੋਰੀ ਕਾਰਨ ਮਠਿਆਈ, ਦੀਵੇ ਤੇ ਮੋਮਬਤੀਆਂ ਨਹੀਂ ਖ਼ਰੀਦ ਸਕਦਾ ਤਾਂ ਤੁਸੀਂ ਆਪਣੇ ਮਾਤਾ ਪਤਿਾ ਨੂੰ ਕਹਿ ਕੇ ਆਪਣੇ ਕੋਲੋਂ ਸਾਮਾਨ ਲਜਿਾ ਕੇ ਉਸ ਪਰਿਵਾਰ ਨਾਲ ਖ਼ੁਸ਼ੀ ਸਾਂਝੀ ਕਰੋ। ਉਨ੍ਹਾਂ ਦੇ ਘਰ ਜਾ ਕੇ ਦੀਵੇ ਤੇ ਮੋਮਬੱਤੀਆਂ ਜਗਾ ਕੇ ਆਓ। ਉਨ੍ਹਾਂ ਨੂੰ ਮਠਿਆਈ ਦੇ ਕੇ ਆਓ। ਆਪਣੇ ਘਰ ਦੀ ਸਫ਼ਾਈ ਕਰਕੇ ਕੁੜੇ ਨੂੰ ਆਲੇ ਦੁਆਲੇ ਸੁੱਟਣ ਨਾਲੋਂ ਉਸ ਨੂੰ ਠੀਕ ਥਾਂ ’ਤੇ ਸੁੱਟੋ ਤਾਂ ਕਿ ਤੁਹਾਡੇ ਆਲੇ ਦੁਆਲੇ ਵੀ ਸਫ਼ਾਈ ਬਣੀ ਰਹੇ। ਪਟਾਖੇ ਚਲਾ ਕੇ, ਦੀਵੇ ਅਤੇ ਮੋਮਬਤੀਆਂ ਬਾਲ ਕੇ ਦੀਵਾਲੀ ਮਨਾਓ ਤਾਂ ਜ਼ਰੂਰ, ਪਰ ਵਾਤਾਵਰਨ ਦੀ ਸ਼ੁੱਧਤਾ ਦਾ ਧਿਆਨ ਜ਼ਰੂਰ ਰੱਖੋ। ਦੀਵਾਲੀ ਤੋਂ ਦੂਜੇ ਦਿਨ ਵੀ ਆਪਣੇ ਆਲੇ ਦੁਆਲੇ ਦੀ ਸਫ਼ਾਈ ਕਰੋ ਤਾਂ ਕਿ ਦੀਵਾਲੀ ਮਨਾਉਣ ਕਰਕੇ ਪਏ ਕੂੜਾ ਕਰਕਟ ਕਾਰਨ ਕਿਸੇ ਨੂੰ ਵੀ ਸਮੱਸਿਆ ਨਾ ਆਵੇ।

ਬੱਚੇ ਆਪਣੇ ਅਧਿਆਪਕ ਦੀ ਪੱਕੀ ਦੀਵਾਲੀ ਵਾਲੀ ਗੱਲ ਸੁਣ ਕੇ ਬਹੁਤ ਪ੍ਰਭਾਵਤਿ ਹੋਏ। ਦਰਸ਼ਨ ਨੇ ਆਪਣੇ ਘਰ ਜਾ ਕੇ ਆਪਣੇ ਅਧਿਆਪਕ ਵੱਲੋਂ ਪੱਕੀ ਦੀਵਾਲੀ ਬਾਰੇ ਦੱਸੀ ਗਈ ਗੱਲ ਆਪਣੇ ਮੰਮੀ ਪਾਪਾ ਨਾਲ ਸਾਂਝੀ ਕੀਤੀ। ਉਸ ਦੇ ਪਾਪਾ ਨੇ ਅੱਗੋਂ ਕਿਹਾ, ‘‘ਬੇਟਾ ਤੇਰੇ ਅਧਿਆਪਕ ਤਾਂ ਬਹੁਤ ਸੂਝਵਾਨ ਹਨ। ਸਾਨੂੰ ਦੀਵਾਲੀ ਦੀ ਖੁਸ਼ੀ ਲੋੜਵੰਦਾਂ ਨਾਲ ਜ਼ਰੂਰ ਸਾਂਝੀ ਕਰਨੀ ਚਾਹੀਦੀ ਹੈ। ਬੇਟਾ, ਤੂੰ ਹੀ ਦੱਸ ਆਪਾਂ ਦੀਵਾਲੀ ’ਤੇ ਕਿਹੜੇ ਲੋੜਵੰਦ ਨਾਲ ਖੁਸ਼ੀ ਸਾਂਝੀ ਕਰੀਏ।’’ ਦਰਸ਼ਨ ਨੇ ਤਾਂ ਸਕੂਲ ਤੋਂ ਆਉਂਦੇ ਹੋਏ ਹੀ ਸੋਚ ਕੇ ਰੱਖਿਆ ਸੀ ਕਿ ਉਹ ਆਪਣੇ ਪਿੰਡ ਦੇ ਬਾਹਰ ਝੁੱਗੀਆਂ ’ਚ ਰਹਿੰਦੇ ਲੋਕਾਂ ਨਾਲ ਦੀਵਾਲੀ ਮਨਾਏਗਾ। ਉਸ ਨੇ ਆਪਣੇ ਪਾਪਾ ਨੂੰ ਕਿਹਾ, ‘‘ਪਾਪਾ, ਇਸ ਵਾਰ ਅਸੀਂ ਆਪਣੇ ਪਿੰਡ ਤੋਂ ਬਾਹਰ ਝੁੱਗੀਆਂ ’ਚ ਰਹਿੰਦੇ ਲੋਕਾਂ ਨਾਲ ਦੀਵਾਲੀ ਦੀ ਖੁਸ਼ੀ ਸਾਂਝੀ ਕਰਾਂਗੇ।’’

ਦਰਸ਼ਨ ਦੇ ਪਾਪਾ ਉਸ ਦਾ ਉੱਤਰ ਸੁਣ ਕੇ ਬਹੁਤ ਖੁਸ਼ ਹੋਏ। ਦਰਸ਼ਨ ਨੇ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਆਪਣੇ ਮੰਮੀ ਪਾਪਾ ਨਾਲ ਮਿਲ ਕੇ ਆਲੇ ਦੁਆਲੇ ਦੀ ਸਾਫ਼ ਸਫ਼ਾਈ ਕੀਤੀ। ਉਨ੍ਹਾਂ ਨੂੰ ਵੇਖ ਕੇ ਉਨ੍ਹਾਂ ਦੇ ਮੁਹੱਲੇ ਦੇ ਲੋਕ ਵੀ ਉਨ੍ਹਾਂ ਨਾਲ ਲੱਗ ਗਏ। ਉਨ੍ਹਾਂ ਨੇ ਸਾਰਾ ਕੂੜਾ ਆਪਣੇ ਘਰਾਂ ਤੋਂ ਦੂਰ ਢੇਰ ਉੱਤੇ ਸੁੱਟਿਆ। ਉਸ ਨੇ ਆਪਣੇ ਮੁਹੱਲੇ ਦੇ ਲੋਕਾਂ ਨੂੰ ਘੱਟ ਪਟਾਖੇ ਚਲਾਉਣ ਤੇ ਘੱਟ ਮੋਮਬੱਤੀਆਂ ਅਤੇ ਦੀਵੇ ਚਲਾਉਣ ਲਈ ਸੁਨੇਹਾ ਦਿੱਤਾ। ਮੁਹੱਲੇ ਦੇ ਲੋਕ ਦਰਸ਼ਨ ਦੀਆਂ ਸਿਆਣੀਆਂ ਗੱਲਾਂ ਸੁਣ ਕੇ ਬਹੁਤ ਖੁਸ਼ ਹੋਏ। ਸਵੇਰੇ ਉੱਠ ਕੇ ਦਰਸ਼ਨ ਨੇ ਆਪਣੇ ਪਾਪਾ ਨੂੰ ਕਿਹਾ, ‘‘ਪਾਪਾ ਕਿੰਨਾ ਚੰਗਾ ਹੋਵੇ ਕਿ ਸਾਰੇ ਮੁਹੱਲੇ ਦੇ ਲੋਕ ਇਕੱਠੇ ਹੋ ਕੇ ਝੁੱਗੀ ਝੌਂਪੜੀ ਵਾਲੇ ਲੋਕਾਂ ਨਾਲ ਦੀਵਾਲੀ ਮਨਾ ਕੇ ਆਉਣ। ਉਸ ਦੇ ਪਾਪਾ ਨੇ ਅੱਗੋਂ ਕਿਹਾ, ‘‘ਬੱਚੇ ਇਸ ਨਾਲੋਂ ਹੋਰ ਚੰਗੀ ਗੱਲ ਕਿਹੜੀ ਹੋ ਸਕਦੀ ਹੈ।’’ ਉਸ ਦੇ ਪਾਪਾ ਦਾ ਸੁਝਾਅ ਮੁਹੱਲੇ ਦੇ ਲੋਕਾਂ ਨੇ ਬਹੁਤ ਛੇਤੀ ਮੰਨ ਲਿਆ। ਮੁਹੱਲੇ ਦੇ ਲੋਕਾਂ ਨੇ ਉਨ੍ਹਾਂ ਝੁੱਗੀ ਝੌਂਪੜੀ ਵਾਲੇ ਲੋਕਾਂ ਨਾਲ ਮਿਲ ਕੇ ਦੀਵਾਲੀ ਦਾ ਤਿਉਹਾਰ ਮਨਾਇਆ। ਉਨ੍ਹਾਂ ਨੇ ਝੁੱਗੀਆਂ ਝੌਂਪੜੀਆਂ ਵਿੱਚ ਦੀਵੇ ਤੇ ਮੋਮਬੱਤੀਆਂ ਬਾਲੀਆਂ। ਉਨ੍ਹਾਂ ਨੂੰ ਪਟਾਖੇ ਅਤੇ ਮਠਿਆਈਆਂ ਦੇ ਕੇ ਉਨ੍ਹਾਂ ਨੂੰ ਦੀਵਾਲੀ ਦੀ ਵਧਾਈ ਦਿੱਤੀ। ਦੂਜੇ ਦਿਨ ਮੁਹੱਲੇ ਵਾਲਿਆਂ ਨੇ ਇੱਕ ਵਾਰ ਫੇਰ ਇਕੱਠੇ ਹੋ ਕੇ ਆਪਣੇ ਆਲੇ ਦੁਆਲੇ ਦੀ ਸਫ਼ਾਈ ਕੀਤੀ। ਮੁਹੱਲੇ ਵਾਲਿਆਂ ਨੇ ਆਪਸ ’ਚ ਫੈਸਲਾ ਕੀਤਾ ਕਿ ਉਹ ਹਰ ਸਾਲ ਇਸੇ ਤਰ੍ਹਾਂ ਦੀਵਾਲੀ ਦਾ ਤਿਉਹਾਰ ਮਨਾਉਣੇ।