ਊਠਾਂ ਵਾਲਿਓ ਊਠ ਲੱਦੇ ਵੇ ਲਾਹੌਰ ਨੂੰ…

ਊਠਾਂ ਵਾਲਿਓ ਊਠ ਲੱਦੇ ਵੇ ਲਾਹੌਰ ਨੂੰ…

ਸ਼ਵਿੰਦਰ ਕੌਰ

ਤਬਦੀਲੀ ਕੁਦਰਤ ਦਾ ਅਟੱਲ ਨੇਮ ਹੈ। ਇਹ ਪੁਰਾਣੇ ਨੂੰ ਖ਼ਤਮ ਕਰ ਕੇ ਨਵੀਂ ਸਿਰਜਣਾ ਕਰਦੀ ਹੈ। ਜਿੱਥੇ ਅੱਜ ਸਾਨੂੰ ਥੇਹ ਤੇ ਖੰਡਰ ਦਿੱਸਦੇ ਹਨ, ਉੱਥੇ ਕਦੇ ਘੁੱਗ ਵਸਦੇ ਸ਼ਹਿਰ ਹੁੰਦੇ ਸਨ। ਇੱਕ ਸਮਾਂ ਅਜਿਹਾ ਵੀ ਆਵੇਗਾ ਜਦੋਂ ਇਨ੍ਹਾਂ ਖੰਡਰਾਂ ’ਤੇ ਜੀਵਨ ਮੌਲਣਗੇ। ਪੁਰਾਣੇ ਤੇ ਵੇਲਾ ਹੰਢਾ ਚੁੱਕੇ ਪੱਤਿਆਂ ਨੇ ਝੜਨਾ ਹੁੰਦਾ ਹੈ ਤੇ ਉਨ੍ਹਾਂ ਦੀ ਥਾਂ ਨਵੀਆਂ ਕਰੂੰਬਲਾਂ ਨੇ ਲੈਣੀ ਹੁੰਦੀ ਹੈ। ਇਸੇ ਤਰ੍ਹਾਂ ਲੰਘਦੇ ਜਾ ਰਹੇ ਸਮੇਂ ਨਾਲ ਮਨੁੱਖੀ ਜੀਵਨ-ਜਾਚ ਵਿੱਚ ਤਬਦੀਲੀ ਆਉਂਦੀ ਰਹਿੰਦੀ ਹੈ। ਵਿਗਿਆਨਕ ਅਤੇ ਤਕਨੀਕੀ ਖੋਜਾਂ ਸਦਕਾ ਮਨੁੱਖੀ ਜੀਵਨ-ਜਾਚ ਵਿੱਚ ਬੜਾ ਪਰਿਵਰਤਨ ਆਇਆ ਹੈ ਅਤੇ ਬੜੀ ਤੇਜ਼ੀ ਨਾਲ ਲਗਾਤਾਰ ਪਰਿਵਰਤਨ ਆ ਰਿਹਾ ਹੈ।

ਕੋਈ ਸਮਾਂ ਸੀ ਜਦੋਂ ਅਜੇ ਮਸ਼ੀਨੀ ਯੁੱਗ ਸ਼ੁਰੂ ਨਹੀਂ ਹੋਇਆ ਸੀ। ਮਨੁੱਖ ਖੇਤੀ, ਆਵਾਜਾਈ ਅਤੇ ਵਪਾਰ ਲਈ ਪਸ਼ੂਆਂ ਦੀ ਵਰਤੋਂ ਕਰਦਾ ਸੀ। ਸਾਮਾਨ ਢੋਣ, ਆਉਣ ਜਾਣ ਅਤੇ ਖੇਤੀ ਲਈ ਊਠਾਂ ਦੀ ਵਰਤੋਂ ਕੀਤੀ ਜਾਂਦੀ ਸੀ। ਇਸ ਤੋਂ ਇਲਾਵਾ ਯੁੱਧਾਂ ਵਿੱਚ ਵੀ ਇਸ ਨੂੰ ਵਰਤਿਆ ਜਾਂਦਾ ਸੀ। ਊਠ ਉੱਚੇ ਕੱਦ, ਲੰਬੀ ਧੌਣ, ਗੋਲ ਚਪਟੇ ਪੈਰ ਅਤੇ ਪਿੱਠ ’ਤੇ ਕੁਹਾਣ ਵਾਲਾ ਪਸ਼ੂ ਹੈ। ਇਸ ਦੀ ਛਾਤੀ ਦੇ ਹੇਠਲੇ ਪਾਸੇ ਉੱਭਰੀ ਹੋਈ ਸਖ਼ਤ ਗੱਦੀ ਹੁੰਦੀ ਹੈ ਜਿਸ ਉੱਪਰ ਸਰੀਰ ਦਾ ਭਾਰ ਦੇ ਕੇ ਊਠ ਬੈਠਦਾ ਹੈ। ਇਸ ਨੂੰ ‘ਪਾਥੀ’ ਕਹਿੰਦੇ ਹਨ। ਅਜਿਹੀ ਸਖ਼ਤ ਗੱਦੀ ਚਾਰੇ ਗੋਡਿਆਂ ਦੇ ਉੱਪਰ ਵੀ ਬਣੀ ਹੁੰਦੀ ਹੈ। ਇਹ ਉਗਾਲੀ ਕਰਨ ਵਾਲਾ ਅਤੇ ਜੁੜਵੇਂ ਖੁਰਾਂ ਵਾਲਾ ਪਸ਼ੂ ਹੈ। ਇਸ ਦੀਆਂ ਦੋ ਕਿਸਮਾਂ ਹੁੰਦੀਆਂ ਹਨ। ਕੁਹਾਨ ਵਾਲੇ ਜੋ ਏਸ਼ੀਆ ਜਾਂ ਅਫ਼ਰੀਕਾ ਵਿੱਚ ਹੁੰਦੇ ਹਨ। ਬਿਨਾਂ ਕੁਹਾਨ ਤੋਂ ਜੋ ਦੱਖਣੀ ਅਮਰੀਕਾ ਵਿੱਚ ਹੁੰਦੇ ਹਨ।

ਆਧੁਨਿਕ ਊਠ ਦੇ ਪੁਰਵਜਾਂ ਦਾ ਵਿਕਾਸ ਉੱਤਰੀ ਅਮਰੀਕਾ ਵਿੱਚ ਹੋਇਆ ਸੀ ਜੋ ਬਾਅਦ ਵਿੱਚ ਏਸ਼ੀਆ ਵਿੱਚ ਫੈਲ ਗਏ। ਲਗਭਗ ਦੋ ਹਜ਼ਾਰ ਈਸਵੀ ਪੂਰਵ ਵਿੱਚ ਪਹਿਲਾਂ-ਪਹਿਲ ਮਨੁੱਖ ਨੇ ਊਠਾਂ ਨੂੰ ਪਾਲਤੂ ਬਣਾਇਆ ਸੀ। ਅਰਬੀ ਊਠ ਅਤੇ ਬੈਕਟਰਿਅਨ ਊਠ ਦੋਵਾਂ ਦੀ ਵਰਤੋਂ ਦੁੱਧ, ਮਾਸ ਤੇ ਭਾਰ ਢੋਣ ਲਈ ਕੀਤੀ ਜਾਂਦੀ ਹੈ। ਇਸ ਦੇ ਦੁੱਧ ਵਿੱਚ ਵਿਟਾਮਿਨ, ਮਿਨਰਲ ਅਤੇ ਪ੍ਰੋਟੀਨ ਹੁੰਦੇ ਹਨ। ਵਿਟਾਮਿਨ ਸੀ ਵੀ ਹੁੰਦਾ ਹੈ।

ਮਾਰੂਥਲਾਂ ਵਿੱਚ ਤਾਂ ਆਵਾਜਾਈ ਦਾ ਹੋਰ ਕੋਈ ਵਸੀਲਾ ਹੁੰਦਾ ਹੀ ਨਹੀਂ ਸੀ। ਉੱਥੇ ਸਿਰਫ਼ ਊਠ ਹੀ ਮਨੁੱਖ ਦੀ ਸਹਾਇਤਾ ਕਰ ਸਕਦਾ ਹੈ। ਇਨ੍ਹਾਂ ਦੀ ਸ਼ਕਤੀ ਅਤੇ ਸਹਿਣਸ਼ੀਲਤਾ ਸਲਾਹੁਣਯੋਗ ਹੈ। ਇਹ ਰਤੀਲੇ ਤਪਦੇ ਮੈਦਾਨਾਂ ਵਿੱਚ ਕਈ ਦਿਨਾਂ ਤੱਕ ਬਿਨਾਂ ਖਾਧਿਆਂ ਅਤੇ ਬਿਨਾਂ ਪਾਣੀ ਪੀਤਿਆਂ ਰਹਿ ਸਕਦਾ ਹੈ। ਇਹ ਆਪਣੀ ਥੂ ਵਿੱਚ ਕਈ ਦਿਨਾਂ ਦਾ ਖਾਣਾ ਚਰਬੀ ਦੇ ਰੂਪ ਵਿੱਚ ਊਰਜਾ ਲਈ ਸਟੋਰ ਕਰ ਲੈਂਦਾ ਹੈ। ਇਹ ਸੱਤ ਅੱਠ ਦਿਨਾਂ ਤੱਕ ਕਈ ਕਈ ਕਿਲੋਮੀਟਰ ਤੱਕ ਰੋਜ਼ਾਨਾ ਚੱਲ ਸਕਦਾ ਹੈ। ਇਸ ਸਦਕਾ ਹੀ ਇਸ ਨੂੰ ਮਾਰੂਥਲ ਦਾ ਜਹਾਜ਼ ਕਹਿੰਦੇ ਹਨ। ਇਹੀ ਕਾਰਨ ਹੈ ਕਿ ਪੂਰਵ ਇਤਿਹਾਸਕ ਯੁੱਗ ਤੋਂ ਲੈ ਕੇ ਅੱਜ ਦੇ ਜ਼ਮਾਨੇ ਤੱਕ ਮਾਰੂਥਲਾਂ ਵਾਲੇ ਦੇਸ਼ਾਂ ਵਿੱਚ ਵਪਾਰ ਅਤੇ ਆਵਾਜਾਈ ਦਾ ਕੰਮ ਊਠਾਂ ਰਾਹੀਂ ਹੀ ਹੁੰਦਾ ਹੈ। ਊਠ ਗਵਾਰੇ ਅਤੇ ਛੋਲਿਆਂ ਦੀ ਖੁਰਾਕ ਨੂੰ ਬਹੁਤ ਪਸੰਦ ਕਰਦੇ ਹਨ। ਰਾਜਸਥਾਨ ਦੇ ਕਈ ਹਿੱਸਿਆਂ ਵਿੱਚ ਤਾਂ ਇਸ ਦੀ ਵਰਤੋਂ ਡਾਕ ਲਈ ਅਤੇ ਸਿਲੰਡਰ ਢੋਣ ਲਈ ਵੀ ਕੀਤੀ ਜਾਂਦੀ ਹੈ। ਸੈਲਾਨੀਆਂ ਨੂੰ ਇਸ ਉੱਪਰ ਬਿਠਾ ਕੇ ਘੁਮਾਉਣ ਦਾ ਧੰਦਾ ਵੀ ਕਈ ਲੋਕਾਂ ਲਈ ਰੁਜ਼ਗਾਰ ਦਾ ਸਾਧਨ ਬਣਿਆ ਹੋਇਆ ਹੈ।

ਪੰਜਾਬ ਵਿੱਚ ਪਹਿਲਾਂ ਊਠ ਖੇਤੀ ਕਰਨ ਵਾਲੇ ਬਹੁਤੇ ਘਰਾਂ ਵਿੱਚ ਰੱਖੇ ਜਾਂਦੇ ਸਨ। ਬਲਦਾਂ ਵਾਂਗ ਹੀ ਊਠ ਤੋਂ ਖੇਤੀ ਸਬੰਧੀ ਕੰਮ ਲਏ ਜਾਂਦੇ। ਹੁਣ ਖੇਤੀ ਦੇ ਕੰਮ ਜ਼ਿਆਦਾ ਮਸ਼ੀਨਰੀ ਨਾਲ ਹੁੰਦੇ ਹੋਣ ਕਰ ਕੇ ਪੰਜਾਬ ਵਿੱਚ ਊਠਾਂ ਦੀ ਸੰਖਿਆ ਘੱਟ ਰਹੀ ਹੈ। ਬਠਿੰਡਾ, ਮਾਨਸਾ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ ਊਠ ਅਜੇ ਵੀ ਰੱਖੇ ਜਾਂਦੇ ਹਨ। ਕੁਝ ਕਿਸਾਨ ਖੇਤੀ ਲਈ ਅਜੇ ਵੀ ਊਠਾਂ ਦੀ ਵਰਤੋਂ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਊਠ ਦੀ ਵਰਤੋਂ ਨਾਲ ਖੇਤੀ ਦਾ ਕੰਮ ਸਸਤਾ ਪੈਂਦਾ ਹੈ ਜਦੋਂ ਕਿ ਮਸ਼ੀਨਾਂ ਨਾਲ ਖੇਤੀ ਬਹੁਤ ਮਹਿੰਗੀ ਪੈਂਦੀ ਹੈ। ਭਾਰ ਢੋਣ ਸਮੇਂ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਕੋਈ ਸਮਾਂ ਸੀ ਜਦੋਂ ਊਠ ਨੂੰ ਸ਼ਿੰਗਾਰ ਕੇ ਉਸ ’ਤੇ ਰਿਸ਼ਤੇਦਾਰੀਆਂ ਅਤੇ ਬਰਾਤਾਂ ਵਿੱਚ ਵੀ ਜਾਇਆ ਜਾਂਦਾ ਸੀ। ਊਠ ਦਾ ਦੁੱਧ ਬਹੁਤ ਗੁਣਕਾਰੀ ਹੁੰਦਾ ਹੈ। ਇਸ ਦੇ ਵਾਲਾਂ ਤੋਂ ਚਿੱਤਰਕਾਰੀ ਦੇ ਬੁਰਸ਼, ਕੰਬਲ ਅਤੇ ਊਨੀ ਕੱਪੜੇ ਬਣਾਏ ਜਾਂਦੇ ਹਨ। ਇਸ ਦੀ ਖੱਲ ਤੋਂ ਜੁੱਤੀਆਂ ਅਤੇ ਚਮੜੇ ਦੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਬਣਦੀਆਂ ਹਨ। ਇਸ ਦੇ ਲੇਡੇ ਬਾਲਣ ਦੇ ਕੰਮ ਆਉਂਦੇ ਹਨ।

ਪੰਜਾਬੀ ਜਨਜੀਵਨ ਵਿੱਚ ਊਠ ਦਾ ਆਰਥਿਕ ਪੱਖੋਂ ਹੀ ਨਹੀਂ ਸਗੋਂ ਸਮਾਜਿਕ ਮਹੱਤਵ ਵੀ ਬਹੁਤ ਰਿਹਾ ਹੈ। ਇਹ ਸਾਡੇ ਪੰਜਾਬੀ ਸੱਭਿਆਚਾਰ, ਸੰਸਕ੍ਰਤਿੀ ਅਤੇ ਵਿਰਸੇ ਦਾ ਸ਼ਿੰਗਾਰ ਵੀ ਰਿਹਾ ਹੈ। ਸਾਡੇ ਲੋਕ ਗੀਤਾਂ, ਕਥਾਵਾਂ, ਅਖਾਣਾਂ, ਮੁਹਾਵਰਿਆਂ ਆਦਿ ਵਿੱਚ ਊਠ ਦਾ ਵਰਣਨ ਆਮ ਮਿਲਦਾ ਹੈ। ਜਦੋਂ ਊਠਾਂ ਰਾਹੀਂ ਵਪਾਰ ਹੁੰਦਾ ਸੀ ਤਾਂ ਊਠਾਂ ਨਾਲ ਗਏ ਮਾਲਕ ਕਈ ਮਹੀਨਿਆਂ ਬਾਅਦ ਘਰ ਮੁੜਦੇ ਸਨ। ਘਰਾਂ ਵਿੱਚ ਮਗਰੋਂ ਇਕੱਲੀਆਂ ਰਹਿ ਗਈਆਂ ਉਨ੍ਹਾਂ ਦੀਆਂ ਜੀਵਨ ਸਾਥਣਾਂ ਨੇ ਇਕੱਲੇਪਣ ਦੀ, ਬਿਰਹਾ ਦੀ ਹੰਢਾਈ ਪੀੜ ਨੂੰ ਅਤੇ ਆਪਣੀ ਮਾਨਸਿਕ ਸਥਤਿੀ ਨੂੰ ਪ੍ਰਗਟ ਕਰਨ ਲਈ ਬਹੁਤ ਸਾਰੇ ਲੋਕ ਗੀਤਾਂ ਦੀ ਸਿਰਜਣਾ ਕੀਤੀ। ਉਨ੍ਹਾਂ ਵਿੱਚੋਂ ਥੋੜ੍ਹੀ ਜਿਹੀ ਵੰਨਗੀ:

ਊਠਾਂ ਵਾਲਿਓ ਊਠ ਲੱਦੇ ਵੇ ਲਾਹੌਰ ਨੂੰ

’ਕੱਲੀ ਕੱਤਾਂ ਵੇ ਘਰ ਘੱਲਿਓ ਮੇਰੇ ਭੌਰ ਨੂੰ।

ਊਠਾਂ ਵਾਲਿਓ ਊਠ ਲੱਦੀਆਂ ਬੋਰੀਆਂ

ਮਹਿਲੀਂ ਛੱਡੀਆਂ ਸੁੰਨੀਆਂ ਗੋਰੀਆਂ।

ਊਠਾਂ ਵਾਲਿਓ ਊਠ ਲੱਦੇ ਵੇ ਛੰਨਾਂ ਨੂੰ

ਨਿੱਤ ਦਾ ਵਿਛੋੜਾ ਭੈੜਿਓ ਥੋਡੀਆਂ ਰੰਨਾਂ ਨੂੰ।

ਊਠਾਂ ਵਾਲਿਓ ਊਠ ਲੱਦੇ ਵੇ ਬਖੂਹੇ ਨੂੰ

ਛੇਤੀ ਮੁੜਿਓ ਵੇ ਨੈਣ ਤੱਕਦੇ ਰਹਿਣ ਬੂਹੇ ਨੂੰ।

ਕਤਿੇ ਉਨ੍ਹਾਂ ਦੀ ਘੱਟ ਉਜਰਤ ’ਤੇ ਤਾਅਨੇ ਦਿੱਤੇ ਜਾਂਦੇ ਹਨ:

ਊਠਾਂ ਵਾਲਿਓ ਥੋਡੀ ਕੀ ਵੇ ਨੌਕਰੀ

ਪੰਜ ਵੇ ਰੁਪਈਏ ਇੱਕ ਭੋਅ ਦੀ ਟੋਕਰੀ।

ਪੰਜਾਬੀ ਸੱਭਿਆਚਾਰ ਵਿੱਚ ਊਠ ਸਬੰਧੀ ਬੁਝਾਰਤਾਂ ਵੀ ਮਿਲਦੀਆਂ ਹਨ:

ਬਾਤ ਪਾਵਾਂ ਬਤੌਲੀ ਪਾਵਾਂ ਸੁਣ ਵੇ ਭਾਈ ਕਾਕੜਿਆ

ਇੱਕ ਸ਼ਖ਼ਸ ਮੈਂ ਅਜਿਹਾ ਡਿੱਠਾ ਧੌਣ ਲੰਮੀ ਸਿਰ ਆਕੜਿਆ।

ਊਠ ’ਤੇ ਬਠੇਂਦੀਏ, ਮੁਹਾਰ ਫੜੇਂਦੀਏ, ਮੁਹਾਰ ਫੜੇਂਦਾ ਤੇਰਾ ਕੀ ਲੱਗਦਾ?

ਇਹਦਾ ਤਾਂ ਮੈਂ ਨਾਂ ਨਹੀਂ ਜਾਣਦੀ, ਮੇਰਾ ਨਾਂ ਹੈ ਜੀਆਂ

ਇਹਦੀ ਸੱਸ ਤੇ ਮੇਰੀ ਸੱਸ ਦੋਵੇਂ ਮਾਵਾਂ ਧੀਆਂ।

ਊਠ ਸਬੰਧੀ ਮੁਹਾਵਰੇ ਅਤੇ ਅਖੌਤਾਂ ਵੀ ਬਹੁਤ ਹਨ ਜਿਵੇਂ:

ਊਠ ਦੇ ਮੂੰਹ ਜੀਰਾ, ਊਠ ਪੈਰਾ, ਊਠ ਵਾਂਗ ਮੂੰਹ ਚੁੱਕੀ ਆਉਣਾ, ਊਠ ਵਾਂਗ ਵਧੀ ਜਾਣਾ, ਊਠ ਦੇ ਗਲ ਟੱਲੀ

ਊਠ ਵੇਖੀਏ ਕਿਸ ਕਰਵਟ ਬਹਿੰਦਾ ਹੈ, ਊਠ ਬੁੱਢਾ ਹੋਇਆ ਪਰ ਮੂਤਣਾ ਨਾ ਆਇਆ, ਊਠ ਅੜਾਂਦੇ ਹੀ ਲੱਦੀਦੇ ਹਨ, ਊਠ ਚਾਲੀਏ ਟੋਡਾ ਬਤਾਲੀਏ, ਊਠਾ ਵੇ ਊਠਾ ਤੇਰੀ ਕਿਹੜੀ ਗੱਲ ਸਿੱਧੀ।

ਊਠਾਂ ਨੂੰ ਪਾਲਣ ਵਿੱਚ ਪੰਜਾਬੀਆਂ ਦੀ ਹੁਣ ਪਹਿਲਾਂ ਵਾਂਗ ਰੁਚੀ ਨਹੀਂ ਰਹੀ। ਫਿਰ ਵੀ ਇਹ ਵਿਰਲੇ ਲੋਕਾਂ ਦੀ ਉਪਜੀਵਕਾ ਦਾ ਸਾਧਨ ਹਨ। ਜਦ ਤੱਕ ਪੰਜਾਬ ਦਾ ਸੱਭਿਆਚਾਰ ਆਪਣੀ ਮਹਿਕ ਖਿਲਾਰਦਾ ਰਹੇਗਾ ਤੱਦ ਤੱਕ ਲੋਕ ਗੀਤਾਂ, ਬੁਝਾਰਤਾਂ ਅਤੇ ਮੁਹਾਵਰਿਆਂ, ਅਖੌਤਾਂ ਰਾਹੀਂ ਊਠ ਆਪਣੀ ਹਾਜ਼ਰੀ ਲਵਾਉਂਦਾ ਰਹੇਗਾ।

ਸੰਪਰਕ: 76260-63596