ਕਿਰਤ ਦੇ ਦੇਵਤਾ ਬਾਬਾ ਵਿਸ਼ਵਕਰਮਾ

ਕਿਰਤ ਦੇ ਦੇਵਤਾ ਬਾਬਾ ਵਿਸ਼ਵਕਰਮਾ

ਗੁਰਪ੍ਰੀਤ ਸਿੰਘ ਖਹਿਰਾ

ਅੱਜ ਸਵਾਲ ਉਠ ਰਿਹਾ ਹੈ ਕਿ ਸੰਸਾਰ ਦੀ ਰਚਨਾ ਕਦੋਂ ਅਤੇ ਕਿਸ ਨੇ ਕੀਤੀ। ਇਤਿਹਾਸ ਦੇ ਵੱਖ-ਵੱਖ ਖੋਜੀ ਆਪਣੀ ਖੋਜ ਦੇ ਆਧਾਰ ’ਤੇ ਲਿਖ ਜ਼ਰੂਰ ਰਹੇ ਹਨ, ਪਰ ਤਸੱਲੀਬਖਸ਼ ਉਤਰ ਨਾ ਹੋਣ ਕਾਰਨ ਇਹ ਤਾਣੀ ਸੁਲਝਣ ਦੀ ਬਜਾਇ ਹੋਰ ਉਲਝਦੀ ਜਾ ਰਹੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਜਪੁਜੀ ਸਾਹਿਬ ਜੀ ਦੀ 21ਵੀਂ ਪਉੜੀ ਵਿਚ ਬੜਾ ਸਪਸ਼ਟ ਉਤਰ ਦਿੰਦੇ : ‘ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ॥ ਜਾ ਕਰਤਾ ਸਿਰਠੀ ਕਉ ਸਾਜੇ ਆਪੈ ਜਾਣੈ ਸੋਈ॥’ ਜਿਵੇਂ ਮਿਥਿਆਸ ਅਨੁਸਾਰ ਬਾਰਿਸ਼ ਦਾ ਦੇਵਤਾ ਇੰਦਰ ਮੰਨਿਆ ਜਾਂਦਾ ਹੈ, ਧਨ ਦੀ ਦੇਵੀ ਲਕਸ਼ਮੀ ਹੈ, ਵਿਦਿਆ ਤੇ ਸੰਗੀਤ ਦੀ ਦੇਵੀ ਸਰਸਵਤੀ ਨੂੰ ਮੰਨਿਆ ਜਾਂਦਾ ਹੈ, ਇਸੇ ਤਰ੍ਹਾਂ ਬਾਬਾ ਵਿਸ਼ਵਕਰਮਾ ਜੀ ਨੂੰ ਦਸਤਕਾਰੀ ਦਾ ਦੇਵਤਾ ਕਿਹਾ ਜਾਂਦਾ ਹੈ। ਵਿਸ਼ਵਕਰਮਾ ਜੀ ਬਹੁਤ ਵਧੀਆ ਸ਼ਿਲਪਕਾਰ ਸਨ। ਉਨ੍ਹਾਂ ਨੂੰ ਭਵਨ ਕਲਾ ਨਿਰਮਾਣ ਦੇ ਮੋਢੀ ਮੰਨਿਆ ਜਾਂਦਾ ਹੈ। ਅੰਗਰੇਜ਼ ਲੇਖਕ ਜੌਹਨ ਰੌਬਰਟਸ ਵੱਲੋਂ ਆਪਣੀ ਪੁਸਤਕ ‘ਵਿਸ਼ਵਕਰਮਾ ਐਂਡ ਹਿਜ ਜਨਰੇਸ਼ਨ’ ਵਿਚ ਵਿਸ਼ਵਕਰਮਾ ਨੂੰ ਸ੍ਰਿਸ਼ਟੀ ਨੂੰ ਸ਼ਿੰਗਾਰਨ ਵਾਲਾ ਪਹਿਲਾ ਮਨੁੱਖ ਕਿਹਾ ਗਿਆ ਹੈ। ਰਿਗਵੇਦ ਵਿਚ ਸ੍ਰੀ ਵਿਸ਼ਵਕਰਮਾ ਜੀ ਨੂੰ ਸਰਵਦਰਸੀ ਦੱਸਿਆ ਗਿਆ ਹੈ। ਇਸ ਦੀ ਪੁਸ਼ਟੀ ਜਰਮਨ ਲੇਖਕ ਮਿਸਟਰ ਮੈਨਰੇਗਰ ਆਪਣੀ ਪੁਸਤਕ ‘ਹਿਸਟਰੀ ਆਫ਼ ਦੀ ਵਰਲਡ’ ਵਿਚ ਕਰਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਬਾਬਾ ਵਿਸ਼ਵਕਰਮਾ ਜੀ ਨੇ ਵਿਸ਼ਨੂੰ ਦਾ ਚੱਕਰ, ਜਗਨ ਨਾਥ ਦੀ ਮੂਰਤੀ, ਸ਼ਿਵਜੀ ਦਾ ਤ੍ਰਿਸ਼ੂਲ, ਕੁਬੇਰ ਦੇ ਹਥਿਆਰ, ਦੇਵੀਆਂ ਦੇ ਗਹਿਣੇ ਤਿਆਰ ਕਰਕੇ ਉਨ੍ਹਾਂ ਨੂੰ ਦਿੱਤੇ। ਭਾਵੇਂ ਬਾਬਾ ਵਿਸ਼ਵਕਰਮਾ ਜੀ ਨੂੰ ਸ੍ਰਿਸ਼ਟੀ ਦੇ ਰਚਨਹਾਰੇ ਕਿਹਾ ਜਾਂਦਾ ਹੈ, ਪਰ ਉਨ੍ਹਾਂ ਤੋਂ ਉਪਰ ਵੀ ਕੋਈ ਸ਼ਕਤੀ ਸੀ ਜਿਸ ਦਾ ਕੋਈ ਭੇਦ ਨਹੀਂ ਪਾ ਸਕਿਆ, ਉਹ ਪਰਮ ਆਤਮਾ ਅਦ੍ਰਿਸ਼ਟ ਹੈ। ਉਸ ਨੂੰ ਕੋਈ ਨਹੀਂ ਵੇਖ ਸਕਦਾ ਪਰ ਉਹ ਕਣ-ਕਣ ਵਿਚ ਮੌਜੂਦ ਹੈ। ਸਾਰੇ ਤਕਨੀਕੀ ਮਾਹਿਰ ਟਿੱਕਾ ਭਾਈ ਦੂਜ ਵਾਲੇ ਦਿਨ ਬਾਬਾ ਵਿਸ਼ਵਕਰਮਾ ਜੀ ਅੱਗੇ ਅਰਦਾਸ ਕਰਕੇ ਆਪਣੇ ਔਜ਼ਾਰਾਂ ਨੂੰ ਧੂਫ-ਬੱਤੀ ਕਰਕੇ ਆਪਣੇ ਕੰਮ ਦੀ ਸਫ਼ਲਤਾ ਲਈ ਜੋਦੜੀ ਕਰਦੇ ਹਨ। ਇਹ ਦਿਨ ਮਹਾਂਰਿਸ਼ੀ ਵਿਸ਼ਵਕਰਮਾ ਜੀ ਪ੍ਰਤੀ ਅਥਾਹ ਸ਼ਰਧਾ ਦੇ ਪ੍ਰਗਟਾਵੇ ਵਾਲਾ ਦਿਨ ਹੋਣ ਕਾਰਨ ਵਿਸ਼ਵਕਰਮਾ ਜੀ ਦੀ ਫੋਟੋ ਰੱਖ ਕੇ ਹਵਨ ਕੀਤਾ ਜਾਂਦਾ ਹੈ ਅਤੇ ਫੋਟੋ ਨੂੰ ਮੱਥਾ ਟੇਕ ਕੇ ਗੁਣ-ਗਾਇਨ ਕੀਤਾ ਜਾਂਦਾ ਹੈ। ਅੱਜ ਵਿਗਿਆਨ ਦਾ ਯੁੱਗ ਹੈ। ਭਗਵਾਨ ਵਿਸ਼ਵਕਰਮਾ ਜੀ ਇਕ ਨੂਰੀ ਜੋਤ ਦੇ ਰੂਪ ਵਿਚ ਸੰਸਾਰ ’ਤੇ ਆਏ ਅਤੇ ਹੁਨਰ, ਕਲਾ ਤੇ ਵਿਗਿਆਨ ਨੂੰ ਵਿਕਸਿਤ ਕੀਤਾ।
ਵਿਸਵਕਰਮਾ ਪੁਰਾਣ ਦੇ (537) ਸਫਾ ਉਤੇ ਲਿਖਿਆ ਹੈ ਕਿ ਇਕ ਸਮੇਂ ਦੀ ਗੱਲ ਹੈ ਕਿ ਸਾਰੇ ਹੀ ਰਿਸੀ-ਮੁਨੀ ਅਤੇ ਦੇਵਤਿਆਂ ਨੇ ਇਕੱਠੇ ਹੋ ਕੇ ਉਸ ਰਚਨਹਾਰ ਭਗਵਾਨ ਵਿਸਵਕਰਮਾ ਜੀ ਦਾ ਅਸਵਮੇਧ ਯੱਗ ਸੁਰੂ ਕੀਤਾ ਅਤੇ ਰਿਸੀ ਮੁਨੀ ਵੇਦਾਂ ਦੇ ਮੰਤਰ ਉਚਾਰ ਕੇ ਭਗਵਾਨ ਵਿਸਵਕਰਮਾ ਜੀ ਦੀ ਪੂਜਾ ਕਰਨ ਲੱਗੇ। ਸਾਰੇ ਹੀ ਰਿਸੀ-ਮੁਨੀ ਉਸ ਰਚਨਹਾਰ ਦੀ ਪੂਜਾ ਕਰਨ ਲੱਗੇ ਅਤੇ ਅੰਤਰ ਧਿਆਨ ਹੋ ਕੇ ਚਤੁਰਭੁਜੀ ਭਗਵਾਨ ਦੇ ਚਰਨਾਂ ਨਾਲ ਲਿਵਲੀਨ ਹੋ ਗਏ। ਇਨ੍ਹਾਂ ਸੇਵਾ-ਭਾਵ ਅਤੇ ਤਪੱਸਿਆ ਤੋਂ ਖੁਸ ਹੋ ਕੇ ਆਕਾਸ ਵਿਚੋਂ ਗੈਬੀ ਆਵਾਜ ਆਈ ਜਾਂ ਜਿਸਨੂੰ ਰਿਸ਼ੀ ਲੋਕ ਆਕਾਸ਼ਬਾਣੀ ਵੀ ਕਹਿੰਦੇ ਹਨ। ਹੇ ਰਿਸੀਓ! ਤੁਹਾਡੀ ਸੇਵਾ ਅਤੇ ਭਗਤੀ ਭਾਵ ਤੋਂ ਮੈਂ ਬਹੁਤ ਹੀ ਖੁਸ ਹੋਇਆ ਹਾਂ ਅਤੇ ਤੁਸੀਂ ਵਰ ਮੰਗੋ ਕੀ ਮੰਗਣਾ ਚਾਹੁੰਦੇ ਹੋ। ਅੱਗੋਂ ਰਿਸੀਆਂ ਨੇ ਬੇਨਤੀ ਕੀਤੀ, ਹੇ ਪ੍ਰਭੂ ਜੀ ਅਸੀਂ ਤੁਹਾਡੇ ਅਨੇਕਾਂ ਹੀ ਸਰੂਪਾਂ ਦੇ ਦਰਸਨ ਕੀਤੇ ਹਨ, ਪਰ ਸਾਡੇ ’ਤੇ ਕ੍ਰਿਪਾ ਕਰੋ ਅਤੇ ਸਾਨੂੰ ਸ੍ਰਿਸਟੀ ਰਚਨ ਵਾਲਾ ਸਰੂਪ ਦਿਖਾਉ, ਜਿਸ ਸਰੂਪ ਵਿਚ ਤੁਸੀਂ ਇਸ ਸਾਰੀ ਹੀ ਸ੍ਰਿਸਟੀ ਦੀ ਰਚਨਾ ਕੀਤੀ ਹੈ। ਸਾਡੇ ’ਤੇ ਕ੍ਰਿਪਾ ਕਰੋ ਤੇ ਸਾਡੀ ਮਨੋਕਾਮਨਾ ਪੂਰੀ ਕਰੋ। ਰਿਸੀਆਂ ਦੀ ਇਹ ਬੇਨਤੀ ਸੁਣ ਕੇ ਫਿਰ ਆਕਾਸਬਾਣੀ ਹੋਈ। ਉਹ ਗੈਬੀ ਆਵਾਜ ਆਈ, ਹੇ ਰਿਸੀਓ! ਤੁਸੀਂ ਟਿੱਕਾ ਭਾਈ ਦੂਜ ਵਾਲੇ ਦਿਨ ਦਾ ਇੰਤਜਾਰ ਕਰੋ। ਉਸ ਦਿਨ ਸ੍ਰਿਸਟੀ ਰਚਨ ਵਾਲੇ ਸਰੂਪ ਦੇ ਤੁਹਾਨੂੰ ਦਰਸਨ ਹੋਣਗੇ। ਇਹ ਗੈਬੀ ਆਵਾਜ ਸੁਣ ਕੇ ਸਾਰੇ ਹੀ ਰਿਸੀ-ਮੁਨੀ ਬਹੁਤ ਖੁਸ ਹੋਏ ਅਤੇ ਟਿੱਕਾ ਭਾਈ ਦੂਜ ਵਾਲੇ ਦਿਨ ਦਾ ਇੰਤਜਾਰ ਕਰਨ ਲੱਗੇ। ਇਕ-ਇਕ ਮਿੰਟ ਸਕਿੰਟ ਵੀ ਸਾਲ ਵਾਂਗੂੰ ਬੀਤਦਾ ਸੀ। ਇੰਤਜਾਰ ਕਰਦਿਆਂ ਟਿੱਕਾ ਭਾਈ ਦੂਜ ਵਾਲਾ ਦਿਨ ਵੀ ਆ ਗਿਆ ਤਾਂ ਕੀ ਦੇਖਦੇ ਹਨ ਕਿ ਵਿਸਵਕਰਮਾ ਮੰਦਰ ਅੰਦਰ ਇਕ ਬੜਾ ਭਾਰੀ ਬੋਹੜ ਦਾ ਬ੍ਰਿਛ ਸੀ। ਉਸ ਦੇ ਥੱਲੇ ਰਚਨਹਾਰ ਭਗਵਾਨ ਵਿਸਵਕਰਮਾ ਜੀ ਦੇਵਤਿਆਂ ਸਮੇਤ ਆਸਣ ਲਗਾਈ ਬੈਠੇ ਸਨ। ਰਿਸੀਆਂ-ਮੁਨੀਆਂ ਅਤੇ ਸਾਰੇ ਹੀ ਲੋਕਾਂ ਨੇ ਹੁਮ-ਹੁਮਾ ਕੇ ਪ੍ਰਭੂ ਦੇ ਦਰਸਨ ਕੀਤੇ ਜਿਸ ਦੇ ਸਰੂਪ ਦਾ ਸਾਮ ਰੰਗ ਸੀ ਅਤੇ ਪੰਜ ਮੁੱਖ ਸੀ ਅਤੇ 10 ਭੁਜਾਂ ਸੀ ਜੋ ਸ੍ਰਿਸਟੀ ਦੀ ਰਚਨਾ ਕਰ ਰਹੀਆਂ ਸੀ ਅਤੇ ਪ੍ਰਭੂ ਜੀ ਦੇ ਸੱਜੇ ਤੇ ਖੱਬੇ ਪਾਸੇ ਰਿਸੀ ਮੁਨੀ ਪ੍ਰਭੂ ਜੀ ਦਾ ਧਿਆਨ ਲਗਾ ਕੇ ਬੈਠੇ ਸੀ।

  1. ਮਨੂ ਜੀ 2. ਮਯ ਜੀ 3. ਤਵਸਟਾ ਜੀ 4. ਸ਼ਿਲਪੀ ਜੀ 5. ਦੇਵੰਗ 6. ਲਕਸਮੀ ਜੀ ਹੱਥ ਵਿਚ ਥਾਲ ਪਕੜੇ ਹੋਏ ਜਿਸ ਵਿੱਚ ਜੋਤ ਜਗ ਰਹੀ ਸੀ, ਜਿਸ ਵਿਚ ਭਗਵਾਨ ਵਿਸਵਕਰਮਾ ਜੀ ਮਾਇਆ ਦੇ ਢੇਰ ਲਗਾਈ ਜਾ ਰਹੇ ਸੀ। 7. ਅਤੇ ਬ੍ਰਹਮਾ ਜੀ ਹੱਥ ਜੋੜ ਕੇ ਪ੍ਰਭੂ ਜੀ ਦਾ ਧਿਆਨ ਲਗਾਈ ਖੜੇ ਹਨ 8. ਵਿਸਨੂੰ ਜੀ ਪ੍ਰਭੂ ਕੋਲੋਂ ਸਦਾ ਹੀ ਦੀਦ ਮੰਗ ਰਹੇ ਹਨ। 9. ਸਰਸਵਤੀ ਜੀ ਇਕ ਹੱਥ ਵਿੱਚ ਸਿਤਾਰ ਫੜ ਕੇ, ਦੂਜੇ ਹੱਥ ਵਿਚ ਹਾਰ ਲੈ ਕੇ ਅਤੇ ਤੀਸਰੇ ਹੱਥ ਵਿਚ ਮਾਲਾ ਹੈ ਅਤੇ ਚੌਥੇ ਹੱਥ ਵਿਚ ਗ੍ਰੰਥ ਹੈ। ਉਹ ਵੀ ਪ੍ਰਭੂ ਜੀ ਦਾ ਸਵਾਗਤ ਕਰਨ ਵਾਸਤੇ ਦੋਨਾਂ ਹੱਥਾਂ ਵਿਚ ਸਫੈਦ ਫੁੱਲਾਂ ਦਾ ਹਾਰ ਜਿਸ ਵਿਚ ਹਰੇ ਤੇ ਗੁਲਾਬੀ ਫੁੱਲ ਸੀ, ਉਹ ਲੈ ਕੇ ਬੈਠੇ ਸਨ ਅਤੇ ਉਨ੍ਹਾਂ ਦੇ ਕੋਲ ਸ਼ਿਵ ਸੰਕਰ ਭੋਲੇ ਨਾਥ ਜੀ ਡੱਮਰੂ ਲੈ ਕੇ ਚਤੁਰਭੁਜੀ ਸਰੂਪ ਵਿਚ ਅਤੇ ਜਟਾਂ ਵਿਚੋਂ ਗੰਗਾ ਵਗ ਰਹੀ ਸੀ, ਪ੍ਰਭੂ ਜੀ ਦੇ ਚਰਨਾਂ ਦਾ ਧਿਆਨ ਲਗਾਈ ਬੈਠੇ ਸਨ ਅਤੇ ਪਾਸ ਹੀ ਸਰੂਜ ਦੇਵਤਾ ਜੀ ਬੈਠੇ ਸਨ, ਨਾਲ ਹੀ ਇੰਦਰ ਦੇਵਤਾ ਵੀ ਹੱਥ ਜੋੜ ਕੇ ਖੜੋਤੇ ਸਨ। ਇਹ ਸਾਰੇ ਹੀ ਦੇਵਤੇ ਪ੍ਰਭੂ ਜੀ ਦੇ ਦਰਸਨ ਕਰ ਰਹੇ ਹਨ। ਪ੍ਰਭੂ ਜੀ ਦਾ ਇਕ ਚਰਨ ਚੰਦਨ ਦੀ ਚੌਂਕੀ ਉਤੇ ਰੱਖਿਆ ਹੋਇਆ ਸੀ ਅਤੇ ਦੂਸਰੇ ਚਰਨ ਦੀ ਚੌਂਕੜੀ ਮਾਰ ਕੇ ਬੈਠੇ ਸਨ। ਪ੍ਰਭੂ ਜੀ ਦੇ ਸਾਹਮਣੇ ਇਕ ਹੰਸ ਨਜ਼ਰ ਆ ਰਿਹਾ ਹੈ। ਇਹ ਸਾਰੇ ਹੀ ਪ੍ਰਭੂ ਜੀ ਦੇ ਦਰਸ਼ਨ ਕਰਕੇ ਨਦਰੋ-ਨਦਰੀ ਨਿਹਾਲ ਹੋ ਰਹੇ ਸੀ। ਪ੍ਰਭੂ ਪਹਿਲੇ ਹੱਥ ਨਾਲ ਲਕਸ਼ਮੀ ਜੀ ਨੂੰ ਮਾਇਆ ਦੇ ਅਤੁੱਟ ਭੰਡਾਰ ਬਖਸ ਰਹੇ ਹਨ, ਦੂਸਰੇ ਹੱਥ ਵਿੱਚ ਹਥੌੜੀ ਫੜੀ ਹੋਈ ਸੀ, ਤੀਸਰੇ ਹੱਥ ਵਿੱਚ ਨਾਰੀਅਲ ਦੀ ਠੂਠੀ, ਚੌਥੇ ਹੱਥ ਵਿੱਚ ਸੁਦਰਸਨ ਚੱਕਰ, ਪੰਜਵੇਂ ਹੱਥ ਵਿੱਚ ਅੰਮ੍ਰਿਤ ਦਾ ਕੁੰਭ ਫੜਿਆ ਹੋਇਆ ਸੀ, ਛੇਵੇਂ ਹੱਥ ਵਿੱਚ ਅਗਨੀ ਪਰਚੰਡ ਹੋਈ ਨਜਰ ਆਉਂਦੀ ਸੀ, ਸੱਤਵੇਂ ਹੱਥ ਵਿੱਚ ਤੀਰ ਨਜਰ ਆ ਰਿਹਾ ਸੀ, ਅੱਠਵੇਂ ਹੱਥ ਵਿੱਚ ਤ੍ਰਿਸੂਲ ਨਜਰ ਆ ਰਿਹਾ ਸੀ, ਨੌਵੇਂ ਹੱਥ ਵਿਚ ਆਪਣੀ ਲੀਲ੍ਹਾ ਨੂੰ ਆਪ ਹੀ ਜਾਣਦੇ ਸੀ ਅਤੇ ਦਸਵੇਂ ਹੱਥ ਵਿਚ ਢਾਲ ਪਕੜੀ ਹੋਈ ਸੀ ਅਤੇ ਪੰਜਾਂ ਹੀ ਮੁੱਖਾਂ ਉਤੇ ਸੋਨੇ ਦੇ ਤਾਜ ਸੋਭਦੇ ਸੀ ਅਤੇ ਨੂਰਾਨੀ ਜੋਤ ਜਗਮਗ ਕਰ ਰਹੀ ਸੀ।
    ਭਗਵਾਨ ਵਿਸਵਕਰਮਾ ਜੀ ਦੇ ਗ੍ਰੰਥ ਦੀ ਖੋਜ
    ਆਦਿ ਗ੍ਰੰਥਾਂ ਵਿਚ ਮਹਾਪੁਰਸਾਂ ਅਤੇ ਰਿਸੀਆਂ ਨੇ ਰਚਨਹਾਰੇ ਭਗਵਾਨ ਵਿਸਵਕਰਮਾ ਜੀ ਦੀ ਉਸਤਤੀ ਵੱਖੋ-ਵੱਖ ਢੰਗ ਨਾਲ ਵਰਣਨ ਕੀਤੀ ਹੈ, ਕਿਸੇ ਜਗ੍ਹਾ ਤਾਂ ਭਗਵਾਨ ਜੀ ਦੇ ਪੰਜ ਮੁੱਖ, 10 ਭੁਜਾਵਾਂ ਲਿਖੀਆਂ ਹਨ ਅਤੇ ਕਈ ਜਗ੍ਹਾ ਚਾਰ ਮੁੱਖ, ਅੱਠ ਭੁਜਾ ਲਿਖੀਆਂ ਹਨ, ਪਰ ਫਿਰ ਵੀ ਉਸ ਰਚਨਹਾਰ ਵਿਸਵਕਰਮਾ ਜੀ ਦੇ ਸਰੂਪ ਦੀ ਜਾਹਿਰੀ ਜੋਤ ਨੂੰ ਵਰਣਨ ਕੀਤਾ ਨਹੀਂ ਜਾ ਸਕਦਾ।
    ਭਗਵਾਨ ਵਿਸਵਕਰਮਾ ਜੀ : ਇਹ ਸਾਰੇ ਹੀ ਬ੍ਰਹਿਮੰਡ ਦੀ ਰਚਨਾ ਅਤੇ ਪਾਲਣਾ ਕਰਨ ਵਾਲੇ ਭਗਵਾਨ ਵਿਸਵਕਰਮਾ ਜੀ ਹਨ ਅਤੇ ਇਸ ਸਾਰੇ ਹੀ ਸੰਸਾਰ ਨੂੰ ਸੁਖ ਵੰਡਦੇ ਹਨ ਅਤੇ ਸੁਹੱਪਣ ਦਿੰਦੇ ਹਨ। ਸ਼ਿਲਪ ਕਲਾ, ਗਿਆਨ ਵਿਗਿਆਨ ਦੀ ਜੋਤਿ ਪ੍ਰਕਾਸ ਕਰਦੇ ਹਨ। ਜਿਸ ਵੇਲੇ ਇਸ ਮਾਤ ਲੋਕ ਨੂੰ ਸ਼ਿੰਗਾਰਨ ਵਾਸਤੇ ਅਵਤਾਰ ਧਾਰਨ ਕਰਕੇ ਆਉਂਦੇ ਹਨ, ਉਸ ਵੇਲੇ ਮਾਤ ਲੋਕ ਵਿੱਚ ਆਪਣੇ ਸਮੇਂ ਨਾਲ ਅਨੇਕਾਂ ਹੀ ਮਹਾਪੁਰਸਾਂ ਤੇ ਰਿਸੀਆਂ-ਮੁਨੀਆਂ ਨੂੰ ਪੈਦਾ ਕਰਦੇ ਹਨ। ਜੋ ਵੀ ਸ਼ਿਲਪ ਰੂਪ ਵਿਚ ਪ੍ਰਭੂ ਜੀ ਸਬਦ ਉਚਾਰਨ ਕਰਦੇ ਹਨ, ਉਨ੍ਹਾਂ ਨੂੰ ਅਨੇਕਾਂ ਹੀ ਗ੍ਰੰਥਾਂ ਦਾ ਰੂਪ ਦੇ ਕੇ ਪ੍ਰਭੂ ਜੀ ਦੀ ਉਸਤਤੀ ਕਰਦੇ ਹਨ। ਇਨ੍ਹਾਂ ਸੰਸਾਰੀ ਜੀਵਾਂ ਨੂੰ ਉਨ੍ਹਾਂ ਸਬਦਾਂ ਦੇ ਸਿਮਰਨ ਕਰਨ ਦਾ ਢੰਗ ਦੱਸ ਕੇ ਸਿਮਰਨ ਕਰਵਾਉਂਦੇ ਹਨ ਅਤੇ ਰਿਸੀ-ਮੁਨੀ ਪ੍ਰਭੂ ਜੀ ਦਾ ਆਪ ਵੀ ਸਿਮਰਨ ਕਰਦੇ ਹਨ।
    ਨੂਰੀ ਜੋਤ : ਸਾਡੇ ਸਾਰੇ ਹੀ ਵੇਦ ਪੁਰਾਣ ਅਤੇ ਸਾਰੇ ਹੀ ਗੁਰੂ ਪੀਰ ਇਸ ਗੱਲ ਨਾਲ ਸਹਿਮਤ ਹਨ ਕਿ ਇਸ ਸ੍ਰਿਸਟੀ ਦੀ ਸਿਰਜਨਾ ਕਰਨ ਵਾਲਾ ਮਾਲਕ ਇਕ ਹੈ ਅਤੇ ਇਸ ਸੰਸਾਰ ਰੂਪੀ ਬਗੀਚੇ ਦੀ ਸਿਰਜਨਾ ਕਰਨੀ ਅਤੇ ਬਗੀਚੇ ਨੂੰ ਸੋਹਣਾ ਬਣਾਉਣ ਲਈ ਅਸਮਾਨ ਉਤੇ ਚੰਨ, ਸੂਰਜ, ਤਾਰਿਆਂ ਵਿਚ ਵੀ ਉਸਦੀ ਜੋਤ ਦਾ ਹੀ ਪ੍ਰਕਾਸ਼ ਹੈ। ਫੇਰ ਵੀ ਇਸ ਬਗੀਚੇ ਨੂੰ ਸੋਹਣਾ ਬਣਾਉਣ ਲਈ ਸ਼ਿਲਪ-ਕਲਾ ਦਾ ਪ੍ਰਕਾਸ ਰਹਿੰਦਾ ਹੈ। ਜਿਸ ਨਾਲ ਦਿਮਾਗ ਵਿਚ ਨਵੇਂ ਤੋਂ ਨਵੇਂ ਤਰੀਕੇ ਸੁੱਝਦੇ ਹਨ, ਜਿਨ੍ਹਾਂ ਨਾਲ ਅਸੀਂ ਨਵੀਆਂ ਤੋਂ ਨਵੀਂਆਂ ਵਸਤੂਆਂ ਇਜਾਦ ਕਰਦੇ ਹਾਂ। ਉਸ ਗੈਬੀ ਜੋਤ ਦਾ ਵਰਣਨ ਕਰਨਾ ਬਹੁਤ ਹੀ ਮੁਸ਼ਕਿਲ ਹੈ। ਉਸ ਪ੍ਰਕਾਸ਼ ਕਰਨ ਵਾਲੀ ਸਕਤੀ ਦਾ ਨਾਮ ਗਿਆਨੀ ਲੋਕ ਕਾਦਰ ਦੀ ਕੁਦਰਤ ਵੀ ਕਹਿੰਦੇ ਹਨ। ਇਹ ਸਾਰੇ ਹੀ ਸੰਸਾਰ ਨੂੰ ਸੋਹਣਾ ਬਣਾ ਕੇ ਸੁਹੱਪਣ ਦਿੰਦੀ ਹੈ। ਇਸ ਨਾਲ ਸਾਰਾ ਹੀ ਸੰਸਾਰ ਸੋਹਣਾ ਅਤੇ ਮਨਮੋਹਣਾ ਲੱਗਦਾ ਹੈ। ਇਸ ਜੋਤ ਨੂੰ ਸਤਿਨਾਮ ਕਰਤਾ ਪੁਰਖ, ਵਾਹਿਗੁਰੂ, ਰਾਮ ਰਹੀਮ, ਵਿਸ਼ਵਕਰਮਾ ਜੀ ਵੀ ਕਿਹਾ ਜਾਂਦਾ ਹੈ। ਪਰ ਇਸ ਸ੍ਰਿਸਟੀ ਦੇ ਰਚਨ ਦਾ ਪਤਾ ਨਹੀਂ ਲੱਗ ਸਕਿਆ ਕਿ ਭਗਵਾਨ ਨੇ ਇਸ ਸ੍ਰਿਸਟੀ ਦੀ ਰਚਨਾ ਕਦੋਂ ਤੇ ਕਿਵੇਂ ਕੀਤੀ ਸੀ। ਸਾਇੰਸਦਾਨ ਲੋਕ ਆਪਣੇ-ਆਪਣੇ ਅੰਦਾਜ਼ੇ ਲਾਉਂਦੇ ਹਨ। ਪਰ ਸ੍ਰਿਸਟੀ ਦੀ ਰਚਨਾ ਬਾਰੇ ਸਤਿਗੁਰੂ ਨਾਨਕ ਦੇਵ ਜੀ ਆਪਣੀ ਪਵਿੱਤਰ ਬਾਣੀ ਜਪੁ ਜੀ ਸਾਹਿਬ ਪਉੜੀ ਨੰਬਰ 30 ਵਿਚ ਇਉ ਫੁਰਮਾਸਉਂਦੇ ਹਨ:
    ਏਕਾ ਮਾਈ ਜੁਗਤਿ ਵਿਆਈ
    ਤਿਨਿ ਚੇਲੇ ਪਰਵਾਣੁ॥
    ਇਕੁ ਸੰਸਾਰੀ ਇਕੁ ਭੰਡਾਰੀ
    ਇਕੁ ਲਾਏ ਦੀਬਾਣ॥
    ਜਿਵ ਤਿਸੁ ਭਾਵੈ ਤਿਵੈ ਚਲਾਵੈ
    ਜਿਵ ਹੋਵੈ ਫੁਰਮਾਣ॥
    ਓਹ ਵੇਖੈ ਓਨਾ ਨਦਰਿ ਨ
    ਆਵੈ ਬਹੁਤਾ ਏਹੁ ਵਿਡਾਣੁ॥
    ਆਦੇਸੁ ਤਿਸੈ ਆਦੇਸੁ
    ਆਦਿ ਅਨੀਲੁ ਅਨਾਦਿ ਅਨਾਹਤਿ
    ਜੁਗੁ ਜੁਗੁ ਏਕੋ ਵੇਸੁ॥30॥
    ਵਿਸਵਕਰਮਾ ਦਿਵਸ, ਜੋ ਬਾਬਾ ਜੀ ਨੂੰ ਸਮਰਪਿਤ ਹੈ, ਦੇ ਸੁੱਭ ਅਵਸਰ ਉੱਤੇ ਹਰ ਰਾਜ ਮਿਸਤਰੀ, ਤਰਖਾਣ, ਔਜ਼ਾਰਾਂ ਦੇ ਨਿਰਮਾਤਾ ਅਤੇ ਹਰ ਪ੍ਰਕਾਰ ਦੀ ਵਰਕਸਾਪ ਮਸ਼ੀਨਰੀ ਦੀ ਵਰਤੋਂ ਕਰਨ ਵਾਲੇ ਸਭ ਵਿਸ਼ਵਕਰਮਾ ਜੀ ਦੀ ਕਿਰਤ ਦੇ ਦੇਵਤੇ ਦੇ ਰੂਪ ਵਿੱਚ ਪੂਜਾ ਕਰਦੇ ਹਨ . ਆਓ, ਇਸ ਸੁੱਭ ਦਿਹਾੜੇ ਉੱਤੇ ਬਾਬਾ ਜੀ ਦੀ ਦੱਸੀ ਦਸਤਕਾਰੀ ਦੀ ਕਲਾ ਅਤੇ ਉੱਚ-ਦਾਰਸਨਿਕਤਾ ਨੂੰ ਧਾਰਨ ਕਰਨ ਦੀ ਪ੍ਰਤਿੱਗਿਆ ਕਰੀਏ।