ਦੀਵਿਆਂ ਦਾ ਸੰਦੇਸ਼

ਦੀਵਿਆਂ ਦਾ ਸੰਦੇਸ਼

ਡਾ. ਇੰਦਰਜੀਤ ਸਿੰਘ ਗੋਗੋਆਣੀ
‘ਦੀਵਾ’ ਸਧਾਰਨ ਮਿੱਟੀ ਦਾ ਵਜੂਦ ਹੀ ਨਹੀਂ ਸਗੋਂ ਵੱਡੇ ਫ਼ਸਲਫ਼ੇ ਦਾ ਜਨਮ ਦਾਤਾ ਹੈ। ਸਾਡੇ ਸੱਭਿਆਚਾਰ ਵਿਚ ਦੀਵੇ ਨੇ ਚਾਨਣ ਦੇ ਨਾਲ-ਨਾਲ ਆਸ਼ਾਵਾਦੀ ਜੀਵਨ ਜਿਊਣ ਅਤੇ ਹਨੇਰਿਆਂ ਨਾਲ ਜੂਝਣ ਦਾ ਹੌਸਲਾ ਤੇ ਚੱਜ-ਅਚਾਰ ਵੀ ਦਿੱਤਾ ਹੈ। ਦਾਨਿਆਂ ਨੇ ਗਿਆਨ ਦੀ ਰੌਸ਼ਨੀ ਨਾਲ ਤੇ ਅਗਿਆਨ ਦੀ ਹਨੇਰੇ ਨਾਲ ਤੁਲਨਾ ਕਰਦਿਆਂ ਮੱਥੇ ਦਾ ਦੀਵਾ ਜਾਂ ਗਿਆਨ ਦਾ ਦੀਵਾ ਬਾਲਣ ਦੀ ਵਾਰ-ਵਾਰ ਤਾਕੀਦ ਕੀਤੀ ਹੈ। ਮਾਨਵੀ ਜੀਵਨ ਵਿਚ ਦੀਵੇ ਦੇ ਜਗਣ ਦਾ ਵੀ ਇਕ ਸੁਨੇਹਾ ਹੈ ਤੇ ਬੁਝਣ ਦਾ ਵੀ ਭਾਵ-ਅਰਥ ਹੈ।
ਦੀਵਾ-ਸੰਸਕ੍ਰਿਤ ਵਿਚ ’ਦੀਪ’ ਤੇ ਪੰਜਾਬੀ ’ਚ ’ਦੀਵਾ’ ਹੈ ਪਰ ਇਸ ਦੇ ਸਮਾਨ ਅਰਥੀ ਸ਼ਬਦ-ਦੀਪਕ, ਚਰਾਗ਼, ਦੀਆ, ਦੀਯਾ, ਦੀਵੜਾ ਤੇ ਦੀਵਰਾ ਆਦਿ ਵੀ ਹਨ। ਪ੍ਰਮਾਣਿਕ ਪੰਜਾਬੀ ਕੋਸ਼ ਵਿਚ ਦੀਵੇ ਨੂੰ ਮਿੱਟੀ ਦਾ ਬਣਿਆ ਹੋਇਆ ਚੂੰਗੜਾ ਲਿਖਿਆ ਹੈ। ਪੰਜਾਬੀ ਮੁਹਾਵਰਾ ਕੋਸ਼ ਨੂੰ ਵਾਚੀਏ ਤਾਂ ਬੇਅੰਤ ਮੁਹਾਵਰੇ ਦੀਵੇ ਦੀ ਵਿਸ਼ੇਸ਼ਤਾ ਪ੍ਰਗਟਾਉਂਦੇ ਹਨ ਜਿਵੇਂ ਦੀਵਾ ਲੈ ਕੇ ਟੋਲਣਾ (ਬਹੁਤ ਤਲਾਸ਼ ਕਰਨਾ), ਦੀਵਾ ਵੱਟੀ ਕਰਨੀ (ਦੀਵਾ ਜਗਾਉਣਾ), ਦੀਵੇ ਜਗ ਪੈਣਾ (ਰਾਤ ਪੈ ਜਾਣੀ), ਦੀਵਾ ਵੱਡਾ ਕਰਨਾ ਜਾਂ ਦੀਵਾ ਵਧਾਉਣਾ (ਦੀਵਾ ਬੁਝਾਉਣਾ), ਦੀਵੇ ਬਲਣੇ (ਖ਼ੁਸ਼ੀ ਦਾ ਇਜ਼ਹਾਰ) ਦੀਵੇ ਵੱਟੀ ਦਾ ਵੇਲਾ (ਰਾਤ ਪੈਣਾ), ਦੀਵੇ ਨਾਲ ਦੀਵਾ ਜਗਣਾ (ਪੀੜ੍ਹੀ ਚੱਲਣਾ), ਦੀਵਾ ਬੁਝ ਜਾਣਾ (ਵਾਰਸ ਦੀ ਮੌਤ), ਦੀਵਾ ਗੁੱਲ ਕਰਨਾ (ਤਬਾਹੀ ਕਰਨਾ), ਦਿਨੇ ਦੀਵੇ ਜਗਾਉਣਾ (ਫਜ਼ੂਲ ਖਰਚਾ ਜਾਂ ਦਿਵਾਲਾ ਕੱਢਣਾ), ਘਿਉ ਦੇ ਦੀਵੇ ਜਗਾਉਣੇ (ਅੱਤ ਦੀ ਖੁਸ਼ੀ)।
ਦੀਵੇ ਦੀ ਜਿਸ ਨੇ ਖੋਜ ਕੀਤੀ, ੳਹ ਚਾਨਣ ਦਾ ਵਣਜਾਰਾ ਸੀ ਅਤੇ ਜਿਨ੍ਹਾਂ ਨੇ ਰਾਤੀਂ ਦੀਵਿਆਂ ਦੇ ਚਾਨਣੇ ਬਹਿ ਕੇ ਸਾਹਿਤਕ ਖੋਜ ਕੀਤੀ, ਉਹ ਗਿਆਨ ਦੇ ਵਣਜਾਰੇ ਸਨ। ਅਧਿਆਤਮਿਕ ਜਗਤ ਵਿਚ ਤਨ ਨੂੰ ਦੀਵਾ ਤੇ ਤੇਲ ਵੱਟੀ ਨੂੰ ਸਵਾਸਾਂ ਨਾਲ ਵੀ ਤੁਲਨਾਇਆ ਗਿਆ। ਤੱਤਸਾਰ ਕਿ ਮਿੱਟੀ ਦਾ ਦੀਵਾ ਤਾਂ ਹੋਰ ਤੇਲ ਜਾਂ ਘਿਉ ਪਾਇਆਂ ਫਿਰ ਜਗ ਪਵੇਗਾ ਪਰ ਤਨ ਰੂਪੀ ਦੀਵਾ ਜਦੋਂ ਇਕ ਵਾਰ ਬੁਝ ਗਿਆ ਤਾਂ ਫਿਰ ਮੌਕਾ ਹੱਥ ਨਹੀਂ ਆਉਣਾ। ਇਸ ਲਈ ਜੀਵਨ ਵਿਚ ਚੰਗੇ ਕੰਮ ਕਰੋ ਤੇ ਸਮਾਜ ਨੂੰ ਰੋਸ਼ਨਮਈ ਬਣਾਉ।
ਦੀਵੇ ਬਾਰੇ ਇਹ ਵੀ ਵਿਚਾਰ ਹੈ ਕਿ ਮਨੁੱਖ ਨੇ ਅੱਤ ਦੀ ਖ਼ੁਸ਼ੀ ਵਿਚ ਜਦ ਦੀਵਿਆਂ ਦੀ ਕਤਾਰ ਜਾਂ ਪਾਲ ਜਗਾ ਕੇ ਰੱਖੀ ਤਾਂ ਉਹ ਦੀਪਾਂ ਦੀ ਮਾਲਾ ਬਣ ਗਈ। ਮੱਸਿਆ ਦੀ ਰਾਤ ਸਮੇਂ ਬੇਅੰਤ ਦੀਵਿਆਂ ਦਾ ਚਾਨਣ ਖ਼ੁਸ਼ੀ ਦਾ ਪ੍ਰਗਟਾਵਾ ਤੇ ਚਾਉ ਸੀ। ਇਹਦੇ ਨਾਲ ਇਤਿਹਾਸਕ ਦਿਨਾਂ ਦਾ ਮਿਲਾਪ ਹੋਇਆ ਤਾਂ ਵੱਡੇ ਖੁਸ਼ੀ ਦੇ ਤਿਉਹਾਰ ਬਣ ਗਏ ਤੇ ਇਸੇ ਤਰ੍ਹਾਂ ਦੀਵਿਆਂ ਤੋਂ ’ਦੀਵਾਲੀ’ ਸ਼ਬਦ ਹੋਂਦ ਵਿਚ ਆਇਆ। ਵੱਖ-ਵੱਖ ਸੱਭਿਆਚਾਰਾਂ ਵਿਚ ਖ਼ੁਸ਼ੀ ਨੂੰ ਮਾਣਨ ਦੇ ਇਤਿਹਾਸਕ/ਮਿਥਿਹਾਸਕ ਕਾਰਨ ਭਾਵੇਂ ਵੱਖ-ਵੱਖ ਹਨ ਪਰ ਦੀਵਾ ਹਮੇਸ਼ਾ ਅਨੇਕਤਾ ਵਿਚ ਏਕਤਾ ਦਾ ਗਵਾਹ ਰਿਹਾ ਹੈ। ਤੱਤ ਗਿਆਨ ਕਿ ਰੌਸ਼ਨੀ ਤੇ ਗਿਆਨ ਸਮੁੱਚੀ ਮਾਨਵਤਾ ਦੀ ਸਦੀਵੀ ਲੋੜ ਹੈ। ਇਨ੍ਹਾਂ ਦਾ ਮੁਕਾਬਲਾ ਹਨੇਰੇ ਤੇ ਅਗਿਆਨਤਾ ਨਾਲ ਰਹੇਗਾ ਪਰ ਵਿਤਕਰਾ ਕਿਸੇ ਨਾਲ ਵੀ ਨਹੀਂ।
ਦੀਵਾ-ਸਮੁੱਚੇ ਸੰਸਾਰ ਨੂੰ ਚੇਤੰਨ ਕਰਦਾ ਹੈ ਕਿ ਦੀਵੇ ਨਾਲ ਦੀਵਾ ਜਗਾਈਏ ਤਾਂ ਵਿਕਾਸ ਹੁੰਦਾ ਹੈ ਪਰ ਇਕ ਦੂਜੇ ਨਾਲ ਨਫ਼ਰਤਾਂ ਕਰਕੇ ਦੀਵੇ ਬੁਝਾਈਏ ਤਾਂ ਵਿਨਾਸ਼ ਹੁੰਦਾ ਹੈ। ਦੀਵਾ-ਬਾਹਰੀ ਤਲ ’ਤੇ ਹਨੇਰੇ ਵਿਚ ਟੱਕਰਾਂ ਖਾਂਦੇ ਮਨੁੱਖ ਲਈ ਰਾਹ ਦਸੇਰਾ ਹੈ। ਦੀਵੇ ਦੀ ਸਿਰਜਣਾ ਦਾ ਮੂਲ ਕਾਰਨ ਵੀ ਹਨੇਰੇ ਨੂੰ ਦੂਰ ਕਰਨਾ ਸੀ ਤੇ ਹੌਲੀ-ਹੌਲੀ ਬੌਧਿਕ ਵਿਕਾਸ ਲਈ ਸਿੱਖਿਆਦਾਇਕ ਸ਼ਬਦ ਬਣ ਗਿਆ। ਜਦ ਕਿਸੇ ਖੋਜੀ ਨੇ ਵੱਡੀ ਖੋਜ ਕੀਤੀ ਤਾਂ ਉਸ ਦੀ ਤੁਲਨਾ ’ਦੀਵਾ ਜਗਾਉਣ’ ਨਾਲ ਕੀਤੀ ਗਈ ਅਤੇ ਜਦ ਕਿਸੇ ਸਿਆਣੇ ਨੇ ਵੱਡੀ ਗ਼ਲਤੀ ਕੀਤੀ ਤਾਂ ’ਦੀਵੇ ਤਲੇ ਹਨੇਰਾ’ ਅਖਾਣ ਪ੍ਰਚੱਲਤ ਹੋ ਗਿਆ। ਜਦ ਮਹਾਨ ਗ੍ਰੰਥਾਂ ਦੇ ਅਰਥ ਕਰਦਿਆਂ ਕੋਈ ਸ਼ਬਦ ਦੋਹੀਂ ਪਾਸੀਂ ਭਾਵ-ਅਰਥ ਰੱਖਦਾ ਤਾਂ ਉਸ ਸ਼ਬਦ ਨੂੰ ਵਿਦਵਾਨਾਂ ਨੇ ’ਦੇਹਲੀ ਦੀਪਕ’ ਕਹਿ ਕੇ ਸਤਿਕਾਰਿਆ। ਜਦੋਂ ਕਿਸੇ ਨੇ ਸਮੇਂ ਸਿਰ ਮੰਗਵੀਂ ਵਸਤ ਨਾ ਦਿੱਤੀ ਤਾਂ ਬਾਅਦ ਦੀ ਪ੍ਰਦਾਨਤਾ ਨੂੰ ’ਦੀਵਾਲੀ ਪਿੱਛੋਂ ਦੀਵੇ ਦਾ ਕੀ ਕੰਮ’ ਕਹਿ ਕੇ ਤਿਉਹਾਰ ਦੀ ਮਹਾਨਤਾ ਨੂੰ ਚੇਤੇ ਕੀਤਾ।
ਦੀਵੇ ਨਾਲ ਪੰਜਾਬੀ ਸੱਭਿਆਚਾਰ ਵਿਚ ਖੁਸ਼ੀ ਤੇ ਗ਼ਮੀ ਦੀਆਂ ਅਨੇਕਾਂ ਰਸਮਾਂ-ਰੀਤਾਂ ਸੰਬੰਧਿਤ ਹਨ। ਦੀਵਾ ਬਾਲ ਕੇ ਰੱਖਣ ਦੇ ਸਥਾਨ ਨੂੰ ’ਦੀਵਟ’ ਕਿਹਾ ਗਿਆ ਤੇ ਸਾਡੇ ਪੁਰਖਿਆਂ ਨੇ ਦੀਵੇ ਦੀ ਉਸਤਤ ਵਿਚ ਇਉਂ ਵਲਵਲੇ ਸਾਂਝੇ ਕੀਤੇ, ’ਦੀਵਟ ਦੀਵੜਾ ਬਲੇ, ਸੱਤਰ ਸੌ ਬਲਾ ਟਲੇ ਜਾਂ ਦੀਵਟ ਘਿਉ ਦੀ ਬੱਤੀ, ਘਰ ਆਵੇ ਬਹੁਤੀ ਖੱਟੀ।’ ਕਿਸੇ ਘਰ ਵਿਚ ਦੀਵਾ ਜਗਣਾ ਖੁਸ਼ਹਾਲੀ ਤੇ ਜੀਵਨ ਧੜਕਣ ਦੀ ਗਵਾਹੀ ਹੈ। ਦੀਵਾਲੀ ਦੀ ਰਾਤ ਘਰ ਦੇ ਆਲਿਆਂ, ਕੰਧਾਂ, ਰੂੜੀਆਂ, ਖੂਹਾਂ, ਛੱਪੜਾਂ, ਸ਼ਮਸ਼ਾਨਘਾਟਾਂ ਅਤੇ ਧਰਮ ਸਥਾਨਾਂ ’ਤੇ ਦੀਵੇ ਜਗਾਉਣੇ ਵਾਰਸਾਂ ਦੇ ਜਿਊਂਦੇ ਹੋਣ ਤੇ ਚਾਉ ਦਾ ਪ੍ਰਤੀਕ ਹਨ। ਧਰਮ ਅਸਥਾਨਾਂ ਵਿਚ ਘਿਉ ਦੀ ਜੋਤ ਜਗਣੀ ਵਾਰਸਾਂ ਦੀ ਵਾਰਸਤਾਈ ਤੇ ਸਦੀਵ ਸਾਂਭ-ਸੰਭਾਲ ਦੀ ਗਵਾਹੀ ਹੈ। ਅੱਜ ਸਾਡੇ ਪਾਸ ਰੌਸ਼ਨੀ ਲਈ ਭਾਵੇਂ ਬੇਅੰਤ ਸਾਧਨ ਹਨ ਪਰ ਰੌਸ਼ਨੀ ਦੇ ਵੱਡੇ-ਵਡੇਰੇ ਦੀਵੇ ਜਾਂ ਦੀਪਕ ਹੀ ਹਨ ਜੋ ਸਮੂਹ ਮਾਨਵਤਾ ਨੂੰ ਬਹਿਰੂਨੀ ਤੇ ਅੰਦਰੂਨੀ ਤਲ ’ਤੇ ਚਾਨਣਮਈ ਤੇ ਗਿਆਨਮਈ ਹੋਣ ਦਾ ਸਦੀਵੀ ਸੁਨੇਹਾ ਦੇ ਰਹੇ ਹਨ।