ਆਓ, ਹਨੇਰਿਆਂ ਖਿਲਾਫ਼ ਆਪਣੇ ਹਿੱਸੇ ਦੇ ਦੀਵੇ ਜਗਾਈਏ

ਆਓ, ਹਨੇਰਿਆਂ ਖਿਲਾਫ਼ ਆਪਣੇ ਹਿੱਸੇ ਦੇ ਦੀਵੇ ਜਗਾਈਏ

ਗੁਰਚਰਨ ਸਿੰਘ ਨੂਰਪੁਰੀ

ਦੀਵਾਲੀ ਦੇ ਤਿਉਹਾਰ ਨੂੰ ਵੱਖ-ਵੱਖ ਧਰਮਾਂ ਦੀਆਂ ਕੁਝ ਵੱਖ-ਵੱਖ ਘਟਨਾਵਾਂ ਨਾਲ ਵੀ ਜੋੜਿਆ ਜਾਂਦਾ ਹੈ ਪਰ ਕਿਤੇ ਨਾ ਕਿਤੇ ਇਸ ਦਾ ਸੰਬੰਧ ਉਤਰੀ ਭਾਰਤ ਦੇ ਰੁੱਤ ਚੱਕਰ ਨਾਲ ਵੀ ਜੁੜਦਾ ਹੈ। ਉੱਤਰੀ ਭਾਰਤ ਵਿਚ ਜਦੋਂ ਸਰਦ ਰੁੱਤ ਦੀ ਆਮਦ ਤੇ ਰਾਤਾਂ ਲੰਮੀਆਂ ਕੱਕਰ ਭਰੀਆਂ, ਵਧੇਰੇ ਸੰਘਣੇ ਹਨੇਰੇ ਵਾਲੀਆਂ ਹੋਣ ਲਗਦੀਆਂ ਹਨ ਤਾਂ ਦੀਵਿਆਂ ਦੀ ਮਹੱਤਤਾ ਹੋਰ ਵਧ ਜਾਂਦੀ ਹੈ।
ਦੀਵਾਲੀ ਦੀਵਿਆਂ ਦਾ ਤਿਉਹਾਰ ਹੈ ਅਤੇ ਦੀਵੇ ਦਾ ਧਰਮ ਹੈ ਕਿ ਉਹ ਹਨੇਰੇ ਖਿਲਾਫ਼ ਬਲਦਾ ਰਹੇ। ਅੱਜ ਸਾਨੂੰ ਹਨੇਰੀਆਂ ਰਾਤਾਂ ਨੂੰ ਰੌਸ਼ਨ ਕਰਨ ਲਈ ਦੀਵਿਆਂ ਦੀ ਲੋੜ ਭਾਵੇਂ ਨਹੀਂ ਰਹੀ। ਪਰ ਸਾਡੇ ਮਨਾਂ ਅੰਦਰਲੇ ਪਸਰੇ ਅੰਧਕਾਰ ਨੂੰ ਦੂਰ ਕਰਨ ਲਈ ਸਾਨੂੰ ਗਿਆਨ ਦੇ ਚਿਰਾਗਾਂ ਦੀ ਪਹਿਲਾਂ ਨਾਲੋਂ ਵੀ ਕਿਤੇ ਵੱਧ ਲੋੜ ਹੈ। ਮਨੁੱਖ ਬੇਸ਼ੱਕ ਵਿਕਾਸ ਕਰ ਰਿਹਾ ਹੈ ਪਰ ਮਨਾਂ ਅੰਦਰਲੇ ਅੰਧਕਾਰ ਅੱਜ ਵੀ ਵਧ ਰਹੇ ਹਨ। ਅੱਜ ਸਾਡੇ ਮਨਾਂ ਅੰਦਰ ਵਿਖਾਵੇ ਦੀ ਮਨੋਬਿਰਤੀ ਬੜੀ ਪ੍ਰਬਲ ਹੋ ਗਈ ਹੈ। ਦੀਵਾਲੀ ਦੇ ਨਾਲ ਆਤਿਸ਼ਬਾਜ਼ੀ ਨੂੰ ਜੋੜ ਦਿੱਤਾ ਗਿਆ। ਸਾਡੇ ਧਰਮ ਅਸਥਾਨ ਜਿੱਥੋਂ ਲੋਕਾਈ ਨੂੰ ਮਾਨਵਤਾ ਦਾ ਪੈਗ਼ਾਮ ਮਿਲਣਾ ਹੁੰਦਾ ਹੈ ਤੇ ਵੀ ਹੁਣ ਬੰਬ ਪਟਾਕੇ ਚਲਾ ਕੇ ਹਵਾ ਨੂੰ ਪਲੀਤ ਕਰਨ ਵਰਗੀਆਂ ਗਤੀਵਿਧੀਆਂ ਸ਼ੁਰੂ ਹੋ ਗਈਆਂ ਹਨ।
ਅੱਜ ਦਾ ਮਨੁੱਖ ਭਾਵੇਂ ਆਪਣੇ-ਆਪ ਦਾ ਵਿਕਾਸ ਕਰਨ ਦਾ ਦਾਅਵਾ ਕਰਦਾ ਹੈ ਪਰ ਹਕੀਕਤ ਇਹ ਹੈ ਕਿ ਅੱਜ ਵੀ ਸਾਡੇ ਮਨਾਂ ਵਿਚ ਕਈ ਤਰ੍ਹਾਂ ਦੇ ਅੰਧਕਾਰ ਪਸਰੇ ਹੋਏ ਹਨ। ਸਾਡਾ ਅਜੋਕਾ ਸਮਾਜ ਭਾਵੇਂ ਪੜ੍ਹ-ਲਿਖ ਰਿਹਾ ਹੈ ਵਿਗਿਆਨਕ ਤਕਨੀਕਾਂ ਦੀ ਵਰਤੋਂ ਅਸੀਂ ਹਰ ਪਲ ਕਰ ਰਹੇ ਹਾਂ ਪਰ ਸਮਾਜ ਦੀ ਬਹੁਗਿਣਤੀ ਅਜੇ ਵੀ ਕਈ ਤਰ੍ਹਾਂ ਦੇ ਅੰਧ-ਵਿਸ਼ਵਾਸਾਂ ਦੇ ਅੰਧਕਾਰ ਵਿਚ ਭਟਕ ਰਹੀ ਹੈ। ਸਾਡੀਆਂ ਔਲਾਦਾਂ ਨੂੰ ਅਗਿਆਨੀ ਅਤੇ ਅੰਧ-ਵਿਸ਼ਵਾਸ ਦੇ ਹਨੇਰਿਆਂ ਵਿਚ ਰੱਖਣ ਲਈ ਕਾਲੀਆਂ ਤਾਕਤਾਂ ਦੇ ਦਾਅਵੇਦਾਰ ਅੱਜ ਵੀ ਬੜੇ ਸਰਗਰਮ ਹਨ। ਸਾਨੂੰ ਗਿਆਨ ਵਿਗਿਆਨ ਦੇ ਪ੍ਰਕਾਸ਼ ਦੀ ਲੋੜ ਹੈ। ਸਮਾਜ ਵਿਚ ਭ੍ਰਿਸ਼ਟਾਚਾਰ, ਮਾਰਾਮਾਰੀ, ਗ਼ਰੀਬੀ, ਮੰਦਹਾਲੀ ਦਾ ਗਲਬਾ ਵਧ ਰਿਹਾ ਹੈ। ਰਿਸ਼ਵਤਖੋਰੀ ਅਤੇ ਕੁਟਿਲ ਨੀਤੀਆਂ ਨਾਲ ਦੂਜੇ ਨੂੰ ਪਛਾੜ ਕੇ ਅੱਗੇ ਲੰਘ ਜਾਣ ਦੀ ਪ੍ਰਵਿਰਤੀ ਨੂੰ ਸਨਮਾਨਜਨਕ ਸਮਝਿਆ ਜਾਣ ਲੱਗ ਪਿਆ ਹੈ। ਪੜ੍ਹੇ ਲਿਖੇ ਕੁਲੀਨ ਵਰਗ ਦਾ ਕਿਰਦਾਰ ਇਹ ਹੈ ਇਹ ਆਪਣੀ ਜ਼ਬਾਨ, ਆਪਣੀ ਮਿੱਟੀ ਅਤੇ ਆਪਣੀਆਂ ਨਿੱਗਰ ਕਦਰਾਂ ਕੀਮਤਾਂ ਨੂੰ ਤਿਆਗਣ ਵਿਚ ਮਾਣ ਮਹਿਸੂਸ ਕਰ ਰਿਹਾ ਹੈ। ਅਸੀਂ ਬੇਸ਼ੱਕ ਪੜ੍ਹ-ਲਿਖ ਗਏ ਹਾਂ ਪਰ ਸਾਡੇ ਮਨਾਂ ਅੰਦਰਲਾ ਅੰਧਕਾਰ ਹੋਰ ਸੰਘਣਾ ਹੋ ਰਿਹਾ ਹੈ ਜੋ ਸਾਡੇ ਲਈ ਬੇਹੱਦ ਖ਼ਤਰਨਾਕ ਹੈ। ਸਮਾਜ ਵਿਚ ਅੰਧ-ਵਿਸ਼ਵਾਸਾਂ, ਰੂੜੀਵਾਦੀ ਕਰਮਕਾਂਡਾਂ ਦਾ ਗਲਬਾ ਤੇਜ਼ੀ ਨਾਲ ਵਧ ਰਿਹਾ ਹੈ। ਸਮਾਜ ਵਿਚ ਗੁੰਡਾਗਰਦੀ, ਹਨੇਰਗਰਦੀ, ਹੁੱਲੜਬਾਜ਼ੀ ਲਗਾਤਾਰ ਵਧ ਰਹੀ ਹੈ। ਸੰਚਾਰ ਦੇ ਸਾਧਨ ਸਾਡੇ ਸਮਾਜ ਦੇ ਦੁੱਖਾਂ ਦਰਦਾਂ ਦੀ ਗੱਲ ਕਰਨ ਦੀ ਬਜਾਏ ਲੋਕਾਂ ਨੂੰ ਧਰਮਾਂ, ਜਾਤਾਂ ਪਾਤਾਂ, ਮੰਦਰਾਂ ਮਸਜਿਦਾਂ ਦੇ ਝਗੜਿਆਂ ਵਿਚ ਉਲਝਾਅ ਕੇ ਸਮਾਜ ਵਿਚ ਪਈਆਂ ਵੰਡੀਆਂ ਨੂੰ ਹੋਰ ਵਧਾ ਰਹੇ ਹਨ। ਸਮਾਜ ਵਿਚ ਵਖਰੇਵੇਂ ਸਦੀਆਂ ਤੋਂ ਚਲੇ ਆ ਰਹੇ ਹਨ ਪਰ ਇਨ੍ਹਾਂ ਨੂੰ ਫਿਰਕੂ ਰੰਗਤ ਦੇ ਕੇ ਆਪਣੀਆਂ ਰਾਜਨੀਤਕ ਰੋਟੀਆਂ ਸੇਕਣ ਦੀ ਪਰਵਿਰਤੀ ਅੱਜ ਦੇ ਸੱਭਿਅਕ ਅਖਵਾਏ ਜਾਣ ਵਾਲੇ ਸਾਡੇ ਸਮਾਜ ਵਿਚ ਸਿਖ਼ਰਾਂ ’ਤੇ ਹੈ। ਮਨੁੱਖੀ ਹੱਕਾਂ ਦੀ ਲੜਾਈ ਲੜਨ ਵਾਲੇ, ਮਾਨਵਤਾ ਦੀ ਗੱਲ ਕਰਨ ਵਾਲੇ ਬੁੱਧੀਜੀਵੀ, ਲੇਖਕ, ਪੱਤਰਕਾਰ, ਸਾਹਿਤਕਾਰ ਕਤਲ ਹੋ ਰਹੇ ਹਨ। ਡਰ ਅਤੇ ਸਹਿਮ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਸਾਨੂੰ ਅੱਜ ਇਨ੍ਹਾਂ ਸਭ ਤਰ੍ਹਾਂ ਦੀਆਂ ਹਨੇਰੀਆਂ ਤਾਕਤਾਂ ਖਿਲਾਫ਼ ਦੇਸ਼ ਦੀ ਹਰ ਨੁੱਕਰੇ ਗਿਆਨ ਵਿਗਿਆਨ ਦੇ ਦੀਵੇ ਬਾਲਣ ਦੀ ਲੋੜ ਹੈ। ਇਹ ਧਰਤੀ ਜਿਸ ’ਤੇ ਸਾਡੀਆਂ ਔਲਾਦਾਂ ਨੇ ਵੀ ਰਹਿਣਾ ਹੈ, ਇਹ ਬੜਾ ਜ਼ਰੂਰੀ ਹੈ ਕਿ ਇੱਥੇ ਮਨੁੱਖ ਦੇ ਰਹਿਣ ਲਈ ਸਾਜ਼ਗਾਰ ਮਾਹੌਲ ਬਣਿਆ ਰਹੇ। ਹਰ ਤਰ੍ਹਾਂ ਦੇ ਅੰਧਕਾਰ ਖਿਲਾਫ਼, ਰੌਸ਼ਨ ਦਿਮਾਗਾਂ ਵਾਲੇ ਲੋਕਾਂ ਨੂੰ ਗਿਆਨ ਦੇ ਦੀਪ ਬਾਲਣ ਦੀ ਲੋੜ ਹੈ।
ਅਸੀਂ ਬੇਸ਼ੱਕ ਆਟੇ ਅਤੇ ਮਿੱਟੀ ਦੇ ਬਣੇ ਦੀਵਿਆਂ ਤੋਂ ਇਲੈਕਟ੍ਰਾਨਿਕ ਲੜੀਆਂ ਤੱਕ ਆ ਪਹੁੰਚੇ ਹਾਂ। ਪਰ ਸਾਡੇ ਕਿਰਦਾਰ ਦਿਨੋ-ਦਿਨ ਬੌਣੇ ਹੋ ਗਏ ਹਨ। ਸਾਡੇ ਜੀਵਨ ਚੋਂ ਪਵਿੱਤਰਤਾ ਗਵਾਚ ਰਹੀ ਹੈ ਅਸੀਂ ਦੀਵਾਲੀ ਵਰਗੇ ਪਵਿੱਤਰ ਤਿਉਹਾਰ ਤੇ ਵੱਡੇ ਪੱਧਰ ’ਤੇ ਪ੍ਰਦੂਸ਼ਣ ਫੈਲਾਅ ਕੇ ਹਵਾ ਨੂੰ ਗੰਦਾ ਕਰਨ ਲੱਗ ਪਏ ਹਾਂ। ਇਸ ਦਿਨ ਕਰੋੜਾਂ-ਅਰਬਾਂ ਦੇ ਪਟਾਕੇ ਚਲਾ ਕੇ ਟਨਾਂ ਦੇ ਟਨ ਜ਼ਹਿਰੀਲੀਆਂ ਗੈਸਾਂ ਦਾ ਜ਼ਹਿਰ ਹਵਾਵਾਂ ਵਿਚ ਘੋਲ ਦਿੰਦੇ ਹਾਂ। ਮਿੱਟੀ ਅਤੇ ਪਾਣੀ ਦੀ ਵੱਡੀ ਪੱਧਰ ਤੇ ਬਰਬਾਦੀ ਹੁੰਦੀ ਹੈ। ਧੂੰਏਂ ਨਾਲ ਭਰੀ ਹਵਾ ਵਿਚ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਸਾਨੂੰ ਆਪਣੇ ਤਿਉਹਾਰਾਂ ’ਤੇ ਜਸ਼ਨ ਮਨਾਉਣੇ ਚਾਹੀਦੇ ਹਨ ਪਰ ਇਸ ਤਰ੍ਹਾਂ ਬੰਬ ਪਟਾਕੇ ਚਲਾ ਕੇ ਹਰਗਿਜ਼ ਨਹੀਂ। ਸਾਡਾ ਆਲਾ ਦੁਆਲਾ ਦਿਨੋ ਦਿਨ ਪਲੀਤ ਹੋ ਰਿਹਾ ਹੈ। ਪੰਛੀ ਜੀਵ ਜੰਤੂ ਅਤੇ ਵੱਡੇ ਛੋਟੇ ਜਾਨਵਰ ਉੱਚੀ ਆਵਾਜ਼ ਵਿਚ ਚਲਦੇ ਪਟਾਕਿਆਂ ਨਾਲ ਤ੍ਰਹਿ ਜਾਂਦੇ ਹਨ। ਇਨ੍ਹਾਂ ਵਿਚ ਡਰ ਅਤੇ ਖੌਫ਼ ਪੈਦਾ ਹੁੰਦਾ ਹੈ। ਰੁੱਖ ਪੌਦੇ ਬਨਸਪਤੀ ਅਦਿ ਵੀ ਧੂੰਏਂ ਤੋਂ ਬੇਹੱਦ ਪ੍ਰਭਾਵਿਤ ਹੁੰਦੇ ਹਨ ਸਾਨੂੰ ਇਹ ਵਿਚਾਰਨ ਦੀ ਲੋੜ ਹੈ ਕਿ ਇਹ ਧਰਤੀ ਕੇਵਲ ਮਨੁੱਖ ਦੇ ਰਹਿਣ ਲਈ ਨਹੀਂ ਹੈ ਇਸ ’ਤੇ ਦੂਜੇ ਜੀਵਾਂ ਦਾ ਵੀ ਹੱਕ ਹੈ। ਨਵੰਬਰ ਮਹੀਨੇ ਇਨ੍ਹਾਂ ਦਿਨਾਂ ਦੌਰਾਨ ਜਦੋਂ ਤਾਪਮਾਨ ਕੁਝ ਘੱਟ ਹੋਣ ਲਗਦਾ ਹੈ ਤਾਂ ਧੂੰਏਂ ਅਤੇ ਗਰਦ ਦਾ ਗੁਬਾਰ ਵਿਸ਼ਾਲ ਇਲਾਕੇ ਨੂੰ ਕਈ ਦਿਨ ਆਪਣੀ ਗ੍ਰਿਫਤ ਵਿਚ ਲਈ ਰੱਖਦਾ ਹੈ। ਇਸ ਨਾਲ ਵੱਖ ਵੱਖ ਬਿਮਾਰੀਆਂ ਤੋਂ ਪੀੜਤ ਕਈ ਲੋਕਾਂ ਦੇ ਦੁੱਖ ਵਿਚ ਹੋਰ ਵਾਧਾ ਹੋ ਜਾਂਦਾ ਹੈ। ਕਈ ਸਾਹ ਦਮੇਂ ਅਤੇ ਹਾਰਟ ਅਟੈਕ ਦੇ ਮਰੀਜ਼ ਤਰਾਹ-ਤਰਾਹ ਕਰਨ ਲੱਗ ਪਏ ਸਨ। ਧੂੰਏਂ ਦੇ ਗੁਬਾਰ ਨਾਲ ਪਸ਼ੂ ਪੰਛੀਆਂ ਸਮੇਤ ਮਨੁੱਖਾਂ, ਬੱਚਿਆਂ ਸਭ ਦੀ ਜ਼ਿੰਦਗੀ ਦੇ ਕੁਝ ਸਾਲ ਘੱਟ ਹੋ ਜਾਂਦੇ ਹਨ।
ਸਾਨੂੰ ਚਾਹੀਦਾ ਹੈ ਕਿ ਇਸ ਦਿਨ ਅਸੀਂ ਫ਼ਜ਼ੂਲ-ਖਰਚੀ ਕਰਨ ਦੀ ਬਜਾਏ ਲੋੜਵੰਦਾਂ ਦੇ ਕੰਮ ਆਈਏ। ਆਲੇ-ਦੁਆਲੇ ਕੰਮ ਕਰਦੇ ਕਿਰਤੀ ਲੋਕਾਂ ਭਾਵੇਂ ਉਹ ਅਖ਼ਬਾਰ ਦੇ ਕੇ ਜਾਣ ਵਾਲਾ ਹੈ ਜਾਂ ਸਾਡੇ ਲਈ ਗੈਸ ਦੀ ਸਪਲਾਈ ਕਰਦਾ ਹੈ ਜਾਂ ਸਾਡੇ ਘਰ ਦੇ ਆਲੇ-ਦੁਆਲੇ ਸਫ਼ਾਈ ਕਰਦਾ ਹੈ, ਉਸ ਨਾਲ ਦੀਵਾਲੀ ਦੀ ਖ਼ੁਸ਼ੀ ਸਾਂਝੀ ਕਰੀਏ। ਇਸ ਦਿਨ ਘਰਾਂ ਵਿਚ ਫੁੱਲ ਬੂਟੇ ਲਾਈਏ ਪਟਾਕਿਆਂ ਦੀ ਬਜਾਏ ਗਮਲੇ ਅਤੇ ਕਿਤਾਬਾਂ ਖ਼ਰੀਦੀਏ। ਘਰ ਵਿਚ ਲੱਗੇ ਗਮਲਿਆਂ ਨੂੰ ਰੰਗ ਰੋਗਨ ਕਰੀਏ। ਨਵੇਂ ਬੂਟੇ ਲਾਈਏ। ਲੋੜਵੰਦਾਂ ਦੀ ਮਦਦ ਕਰੀਏ ਚਾਰ ਪੰਜ ਹਜ਼ਾਰ ਰੁਪਏ ਦੇ ਪਟਾਕੇ ਖਰੀਦਣ ਨਾਲੋਂ ਉਸ ਬੱਚੇ ਦੀ ਮਦਦ ਕਰੀਏ ਜਿਸ ਨੂੰ ਕਿਤਾਬਾਂ ਕਾਪੀਆਂ ਦੀ ਲੋੜ ਹੈ। ਉਸ ਬੱਚੇ ਦੀ ਮਦਦ ਲਈ ਹੱਥ ਵਧਾਈਏ ਜੋ ਆਪਣੀ ਸਕੂਲ ਦੀ ਫ਼ੀਸ ਨਹੀਂ ਦੇ ਸਕਿਆ।
ਸਾਡੇ ਦੇਸ਼ ਦੀ ਮਿੱਟੀ ਦੇ ਜਾਏ ਸਦੀਆਂ ਤੋਂ ਹਨੇਰਗਰਦੀ ਖਿਲਾਫ ਜੂਝਦੇ ਆਏ ਹਨ। ਅੱਜ ਸਾਡਾ ਪੰਜਾਬੀ ਸਮਾਜ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਸਾਨੂੰ ਅੰਧਕਾਰ ਦੇ ਖਿਲਾਫ਼ ਖੜ੍ਹੇ ਹੋਣ ਦੀ ਲੋੜ ਹੈ। ਇੱਥੋਂ ਦੇ ਦਾਨਿਸ਼ਵਰ, ਸਾਹਿਤਕਾਰ, ਵਿਦਵਾਨ ਲੋਕ ਵੀ ਅੰਧਕਾਰ ਦੇ ਖਿਲਾਫ਼ ਸਮੇਂ-ਸਮੇਂ ’ਤੇ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਹਨ। ਗੁਰੂ ਨਾਨਕ ਦੇਵ ਜੀ, ਭਗਤ ਕਬੀਰ ਸਾਹਿਬ ਅਤੇ ਬੁੱਲੇ ਸ਼ਾਹ ਵਰਗੇ ਦਰਵੇਸ਼ਾਂ ਕੱਟੜ ਰੂੜੀਵਾਦੀ ਧਾਰਨਾਵਾਂ ਖਿਲਾਫ਼ ਲੋਕਾਈ ਨੂੰ ਜਾਗਰਤ ਕੀਤਾ। ਗੁਰੂ ਨਾਨਕ ਦੇਵ ਜੀ ਦੇ ਆਗਮਨ ਦੀ ਭਾਈ ਗੁਰਦਾਸ ਜੀ ਨੇ ਉਸ ਸਮੇਂ ਸਮਾਜ ਵਿਚ ਪਏ ਹਨੇਰੇ ਖਿਲਾਫ਼ ਸੱਚ ਦਾ ਸੂਰਜ ਚੜ੍ਹਨ ਨਾਲ ਤੁਲਨਾ ਕੀਤੀ। ਅੱਜ ਵੀ ਹਨੇਰਗਰਦੀ ਖਿਲਾਫ ਸਾਡੇ ਸਮਾਜ ਨੂੰ ਬਲਦੇ ਅੱਖਰਾਂ ਦੀ ਲੋੜ ਹੈ। ਦਾਨਿਸ਼ਵਰਾਂ, ਵਿਦਵਾਨਾਂ, ਆਰਿਫ਼ਾਂ ਦੀ ਅਗਵਾਈ ਦੀ ਲੋੜ ਹੈ ਤਾਂ ਕਿ ਮਨਾਂ ਅੰਦਰਲੇ ਅੰਧਕਾਰ ਨੂੰ ਦੂਰ ਕਰਕੇ ਇਸ ਸਮਾਜ ਨੂੰ ਅਜਿਹੇ ਇਨਸਾਨਾਂ ਦਾ ਸਮਾਜ ਬਣਾਇਆ ਜਾ ਸਕੇ ਜਿਨ੍ਹਾਂ ’ਤੇ ਮਾਣ ਕੀਤਾ ਜਾ ਸਕੇ। ਆਓ ਦੀਵਾਲੀ ਦੇ ਇਸ ਪਵਿੱਤਰ ਤਿਉਹਾਰ ਤੇ ਆਪਣੇ ਮਨਾਂ ਨੂੰ ਗਿਆਨ ਦੀ ਰੌਸ਼ਨੀ ਨਾਲ ਰੁਸ਼ਨਾਉਣ ਦੇ ਨਾਲ-ਨਾਲ ਹਨੇਰਿਆਂ ਖਿਲਾਫ਼ ਬਲਦੇ ਰਹਿਣ ਦਾ ਸੰਕਲਪ ਕਰੀਏ।