ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ…

ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ…

ਦੀਵਾਲੀ ਉਹ ਜੋ ਦਿਲਾਂ ਦੇ ਹਨ੍ਹੇਰੇ ਮਿਟਾਵੇ, ਦੀਵਾਲੀ ਉਹ ਜੋ ਗਿਆਨ ਦੇ ਦੀਵੇ ਬਾਲ਼ੇ, ਦੀਵਾਲੀ ਉਹ ਜੋ ਏਕਤਾ ਦਾ ਚਾਨਣ ਫੈਲਾਵੇ, ਦੀਵਾਲੀ ਦਾ ਮਤਲਬ ਸਿਰਫ਼ ਲਾਈਟਾਂ ਜਗਾਉਣੀਆਂ, ਲੜੀਆਂ ਲਗਾਉਣੀਆਂ, ਬੰਬ-ਪਟਾਕੇ ਚਲਾਉਣੇ ਤੇ ਗਿਫ਼ਟ ਅਤੇ ਮਠਿਆਈਆਂ ਦਾ ਅਦਾਨ-ਪ੍ਰਦਾਨ ਹੀ ਨਹੀਂ ਦੀਵਾਲੀ ਦੇ ਅਨੇਕਾਂ ਮਤਲਬ ਹਨ। ਕੁਝ ਇਤਿਹਾਸਕ, ਕੁਝ ਸੰਕੇਤਕ ਤੇ ਕੁਝ ਸੋਝੀ ਅਨੁਸਾਰ। ਦੀਵਾਲੀ ਮਤਲਬ ਰੌਸ਼ਨੀਆਂ, ਖੁਸ਼ੀਆਂ, ਚਾਵਾਂ ਤੇ ਮਲਾਰਾਂ ਦਾ ਤਿਉਹਾਰ। ਦੀਵਾਲੀ ਮਤਲਬ ਰਾਮ ਦੀ ਘਰ ਵਾਪਸੀ ਦੀ ਖੁਸ਼ੀ ਦਾ ਤਿਉਹਾਰ, ਦੀਵਾਲੀ ਮਤਲਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਲੋਂ ਰਿਹਾਅ ਕਰਵਾਏ 52 ਰਾਜਿਆਂ ਦੀ ਰਿਹਾਈ ਦੀ ਖੁਸ਼ੀ ’ਤੇ ਬੰਦੀ ਛੋੜ ਦਿਵਸ ਵਜੋਂ ਜਸ਼ਨ ਮਨਾਏ ਜਾਣ ਦਾ ਤਿਉਹਾਰ। ਇੰਝ ਹੀ ਹੋਰ ਪਤਾ ਨਹੀਂ ਕਿੰਨੇ ਹੀ ਇਤਿਹਾਸ, ਕਿੰਨੀਆਂ ਹੀ ਕਹਾਣੀਆਂ, ਕਿੰਨੇ ਹੀ ਬਿਰਤਾਂਤ ਇਸ ਦਿਨ ਨਾਲ ਜੁੜ ਗਏ ਕਿ ਦੀਵਾਲੀ ਭਾਰਤੀਆਂ ਦਾ ਸਭ ਤੋਂ ਵੱਡਾ ਤੇ ਸਾਝਾਂ ਤਿਉਹਾਰ ਬਣ ਗਿਆ। ਦੀਵਾਲੀ ਪ੍ਰਤੀਕ ਹੈ ਸਭਨਾਂ ਦੀ ਸਾਂਝੀ ਖੁਸ਼ੀ ਦਾ, ਦੀਵਾਲੀ ਪ੍ਰਤੀਕ ਹੈ ਸਭਨਾਂ ਦੀ ਏਕਤਾ ਦਾ, ਦੀਵਾਲੀ ਪ੍ਰਤੀਕ ਹੈ ਸਾਡੀ ਭਾਈਚਾਰਕ ਸਾਂਝ ਦਾ, ਦੀਵਾਲੀ ਪ੍ਰਤੀਕ ਹੈ ਮਿਲ ਕੇ ਵੰਡ ਛਕਣ ਦਾ, ਦੀਵਾਲੀ ਪ੍ਰਤੀਕ ਹੈ ਇਕ-ਦੂਜੇ ਨਾਲ ਖੁਸ਼ੀਆਂ ਵੰਡਣ ਦਾ ਤੇ ਸਾਂਝ ਗੂੜ੍ਹੀ ਕਰਨ ਦਾ। ਦਿਵਾਲੀ ਨਵੇਂ ਰੰਗ ਨਾਲ ਕਲੀ ਕੀਤੀਆਂ ਕੰਧਾਂ ਉਪਰ ਨਵੇਂ ਕੰਲੈਡਰ ਟੰਗਣ ਦਾ ਦਿਨ ਹੈ, ਦੀਵਾਲੀ ਇੱਕ ਦੂਜੇ ਨੂੰ ਗਲ ਨਾਲ ਲਾਉਣ ਤੇ ਰੱੁਸਿਆਂ ਨੂੰ ਮਨਾਉਣ ਦਾ ਦਿਨ ਹੈ। ਬੜਾ ਚੰਗਾ ਲੱਗਦਾ ਹੈ ਜਦੋਂ ਘਰਾਂ ਦੇ ਉਤੇ ਰੌਸ਼ਨੀਆਂ ਫੈਲਾਈਆਂ ਹੁੰਦੀਆਂ ਹਨ। ਬੜਾ ਚੰਗਾ ਲੱਗਦਾ ਹੈ ਜਦੋਂ ਬੱਚਿਆਂ ਦੇ ਨਵੇਂ ਲੀੜੇ ਪਾਏ ਹੁੰਦੇ ਹਨ, ਬੜਾ ਚੰਗਾ ਲੱਗਦਾ ਹੈ ਜਦੋਂ ਅਕਾਸ਼ ਰੰਗ-ਬਿਰੰਗੀਆਂ ਆਤਿਸ਼ਬਾਜ਼ੀਆਂ ਨਾਲ ਭਰ ਜਾਂਦਾ ਹੈ। ਪਰ ਅਜੇ ਵੀ ਕਿੰਨੇ ਵਿਹੜੇ, ਕਿੰਨ੍ਹੇ ਬਨੇਰੇ, ਕਿੰਨੇ ਘਰ ਤੇ ਕਿੰਨੇ ਦਰ ਅਜਿਹੇ ਹਨ ਜਿਥੇ ਦੀਵਾ ਨਹੀਂ ਬਲਦਾ ਤੇ ਖੁਸ਼ੀਆਂ ਦੇਹਲੀ ਨਹੀਂ ਟੱਪਦੀਆਂ। ਨਵੇਂ ਤਾਂ ਕੀ ਪੁਰਾਣੇ ਲੀੜੇ ਵੀ ਕਈ ਤਨਾਂ ’ਤੇ ਨਹੀਂ ਮਿਲਦੇ। ਆਓ ਇਸ ਦੀਵਾਲੀ ’ਤੇ ਉਨ੍ਹਾਂ ਸੱਖਣੇ ਬਨ੍ਹੇਰਿਆਂ ’ਤੇ ਵੀ ਦੀਵੇ ਬਾਲੀਏ ਤੇ ਹਰ ਤਨ ’ਤੇ ਲੀੜਾ ਹੋਵੇ ਇਸ ਲਈ ਉਪਰਾਲਾ ਕਰੀਏ ਫਿਰ ਹੀ ਸਾਡੀ ਦੀਵਾਲੀ ਸਾਰਥਿਕ ਹੈ। ਹਰ ਦਿਲ ਰੌਸ਼ਨ ਹੋਵੇ, ਹਰ ਵਿਹੜਾ ਰੁਸ਼ਨਾਵੇ, ਇਹੋ ਅਰਦਾਸ ਕਰੀਏ ਦੀਵਾਲੀ ਸਭਨਾਂ ਲਈ ਖੁਸ਼ੀਆਂ ਲੈ ਕੇ ਆਵੇ।
ਹਰ ਦਿਲ ਰੌਸ਼ਨ, ਹਰ ਵਿਹੜਾ ਰੁਸ਼ਨਾਵੇ,
ਦੀਵਾਲੀ ਸਭਨਾਂ ਲਈ ਖੁਸ਼ੀਆਂ ਲੈ ਕੇ ਆਵੇ
ਅਦਾਰਾ ਸਾਡੇ ਲੋਕ ਦੇ ਸਮੂਹ ਪ੍ਰਵਾਰ ਵਲੋਂ ਪਵਿੱਤਰ ਦੀਵਾਲੀ ਅਤੇ ਬੰਦੀਛੋੜ ਦਿਵਸ ਦੀਆ ਲੱਖ ਲੱਖ ਵਧਾਈਆਂ

  • ਸਤਨਾਮ ਸਿੰਘ ਖਾਲਸਾ