ਅਗਲਾ ਪ੍ਰਧਾਨ ਮੰਤਰੀ ਲਾਹੌਰ ਤੋਂ ਨਹੀਂ ਹੋਵੇਗਾ: ਬਿਲਾਵਲ ਭੁੱਟੋ

ਅਗਲਾ ਪ੍ਰਧਾਨ ਮੰਤਰੀ ਲਾਹੌਰ ਤੋਂ ਨਹੀਂ ਹੋਵੇਗਾ: ਬਿਲਾਵਲ ਭੁੱਟੋ

ਕਰਾਚੀ- ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਸੁਪਰੀਮੋ ਨਵਾਜ਼ ਸ਼ਰੀਫ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਲਾਹੌਰ ਤੋਂ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਗਲੇ ਸਾਲ 8 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ‘’ਆਪਣੇ ਬੂਤੇ’ ਲੜੇਗੀ। ‘ਜੀਓ ਨਿਊਜ਼’ ਮੁਤਾਬਕ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ (35) ਨੇ ਸਪੱਸ਼ਟ ਕੀਤਾ ਹੈ ਕਿ ਪੀਪੀਪੀ ਨੂੰ ਆਉਣ ਵਾਲੀਆਂ ਚੋਣਾਂ ਜਿੱਤਣ ਲਈ ਕਿਸੇ ਹੋਰ ਦੀ ਮਦਦ ਦੀ ਲੋੜ ਨਹੀਂ ਹੈ।

ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘‘ਜਦੋਂ ਚੋਣਾਂ ਦੀ ਗੱਲ ਆਉਂਦੀ ਹੈ ਤਾਂ ਅਸੀਂ (ਪੀਪੀਪੀ) ਸਿਰਫ਼ ਪਾਕਿਸਤਾਨ ਦੇ ਲੋਕਾਂ ਤੋਂ ਮਦਦ ਮੰਗਦੇ ਹਾਂ। ਸਾਨੂੰ ਕਿਸੇ ਹੋਰ ਤੋਂ ਕੋਈ ਉਮੀਦ ਨਹੀਂ ਹੈ। ਸਿਰਫ਼ ਉਹੀ ਵਿਅਕਤੀ ਪ੍ਰਧਾਨ ਮੰਤਰੀ ਬਣੇਗਾ ਜਿਸ ਨੂੰ ਪਾਕਿਸਤਾਨ ਦੇ ਲੋਕ ਚੁਣਨਗੇ ਅਤੇ ਮੇਰਾ ਮੰਨਣਾ ਹੈ ਕਿ ਇਸ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਲਾਹੌਰ ਤੋਂ ਨਹੀਂ ਹੋਵੇਗਾ।’’ ਜ਼ਿਕਰਯੋਗ ਹੈ ਕਿ ਐਤਵਾਰ ਨੂੰ ਸਿੰਧ ਦੇ 14 ਜ਼ਿਲ੍ਹਿਆਂ ’ਚ ਹੋਈਆਂ ਜ਼ਿਮਨੀ ਚੋਣਾਂ ’ਚ ਪੀਪੀਪੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਕੁਝ ਹਫਤੇ ਪਹਿਲਾਂ ਬਿਲਾਵਲ ਭੁੱਟੋ ਦੇ ਪਤਿਾ ਤੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਅਤੇ ਨਵਾਜ਼ ਸ਼ਰੀਫ ਵਿਚਾਲੇ ਟੈਲੀਫੋਨ ’ਤੇ ਗੱਲਬਾਤ ਹੋਈ ਸੀ। ਇਸ ਗੱਲਬਾਤ ਨੇ ਦੋਵਾਂ ਪਾਰਟੀਆਂ ਵਿਚਾਲੇ ਚੋਣਾਂ ਤੋਂ ਪਹਿਲਾਂ ਗੱਠਜੋੜ ਦੀਆਂ ਅਟਕਲਾਂ ਨੂੰ ਜਨਮ ਦਿੱਤਾ ਸੀ। ਭੁੱਟੋ ਨੇ ਉਪ ਚੋਣਾਂ ਵਿੱਚ ਪੀਪੀਪੀ ਦੀ ਜਿੱਤ ਨੂੰ ਸਿਰਫ਼ ਇੱਕ ਸ਼ੁਰੂਆਤ ਦੱਸਿਆ ਅਤੇ ਕਿਹਾ, ‘‘ਲੋਕਾਂ ਨੇ (ਵੋਟ ਦੇ ਕੇ) ਸਾਬਤ ਕਰ ਦਿੱਤਾ ਹੈ ਕਿ ਉਹ ਪੀਪੀਪੀ ਦੇ ਨਾਲ ਹਨ। ਭਾਵੇਂ ਸਾਡੇ ਵਿਰੋਧੀ ਇੱਕਜੁਟ ਹੋ ਜਾਣ, ਫਿਰ ਵੀ ਉਹ ਪੀਪੀਪੀ ਨੂੰ ਹਰਾਉਣ ’ਚ ਕਾਮਯਾਬ ਨਹੀਂ ਹੋ ਸਕਣਗੇ।’’ ਇੱਕ ਵੱਖਰੇ ਬਿਆਨ ਵਿੱਚ ਆਸਿਫ ਅਲੀ ਜ਼ਰਦਾਰੀ ਨੇ ਕਿਹਾ, ‘‘’8 ਫਰਵਰੀ ਦਾ ਸੂਰਜ ਬਿਲਾਵਲ ਭੁੱਟੋ ਜ਼ਰਦਾਰੀ ਦੀ ਜਿੱਤ ਦੀ ਖਬਰ ਨਾਲ ਚੜ੍ਹੇਗਾ। ਲੋਕਾਂ ਦੇ ਦੁੱਖਾਂ ਦੇ ਦਿਨ ਲਗਪਗ ਖਤਮ ਹੋ ਚੁੱਕੇ ਹਨ ਕਿਉਂਕਿ ਪੀਪੀਪੀ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰੇਗੀ।’’