ਸਾਈਫਰ ਕੇਸ: ਇਮਰਾਨ ਖ਼ਾਨ ਖ਼ਿਲਾਫ਼ ਕੇਸ ਦੀ ਸੁਣਵਾਈ 10 ਤੱਕ ਮੁਲਤਵੀ

ਸਾਈਫਰ ਕੇਸ: ਇਮਰਾਨ ਖ਼ਾਨ ਖ਼ਿਲਾਫ਼ ਕੇਸ ਦੀ ਸੁਣਵਾਈ 10 ਤੱਕ ਮੁਲਤਵੀ

ਇਸਲਾਮਾਬਾਦ- ਪਾਕਿਸਤਾਨ ਦੀ ਇੱਕ ਵਿਸ਼ੇਸ਼ ਅਦਾਲਤ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਸਾਈਫਰ ਕੇਸ ’ਚ ਗਵਾਹਾਂ ਦੇ ਬਿਆਨ ਦਰਜ ਕਰਨ ਮਗਰੋਂ ਮਾਮਲੇ ਦੀ ਸੁਣਵਾਈ 10 ਨਵੰਬਰ ਤੱਕ ਮੁਲਤਵੀ ਕਰ ਦਿੱਤੀ ਹੈ। ਜਸਟਿਸ ਅਬੁਲ ਹਸਨਤ ਜ਼ੁਲਕਰਨੈਣ ਦੀ ਅਗਵਾਈ ਵਾਲੀ ਵਿਸ਼ੇਸ਼ ਅਦਾਲਤ ਨੇ ਰਾਵਲਪਿੰਡੀ ਵਿੱਚ ਉੱਚ ਸੁਰੱਖਿਆ ਵਾਲੀ ਅਡਿਆਲਾ ਜੇਲ੍ਹ ’ਚ ਸੁਣਵਾਈ ਕੀਤੀ, ਜਿਥੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਮੁਖੀ ਇਮਰਾਨ ਖ਼ਾਨ 26 ਸਤੰਬਰ ਤੋਂ ਬੰਦ ਹਨ। ਉਨ੍ਹਾਂ ਨੂੰ ਅਟਕ ਜੇਲ੍ਹ ਤੋੋਂ ਅਡਿਆਲਾ ਜੇਲ੍ਹ ’ਚ ਤਬਦੀਲ ਕੀਤਾ ਗਿਆ ਸੀ। ਪੀਟੀਆਈ ਪਾਰਟੀ ਮੁਤਾਬਕ ਵਿਸ਼ੇਸ਼ ਗੁਪਤ ਕਾਨੂੰਨ (ਐੱਸਐੱਸਏ) ਤਹਤਿ ਜੇਲ੍ਹ ਕੰਪਲੈਕਸ ’ਚ ਸੁਣਵਾਈ ਕੀਤੀ ਗਈ। ਪਾਰਟੀ ਨੇ ਇੱਕ ਸੰਖੇਪ ਬਿਆਨ ’ਚ ਕਿਹਾ, ‘‘ਇਸਤਗਾਸਾ ਧਿਰ ਵੱਲੋਂ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਅਤੇ ਸੁਣਵਾਈ ਸ਼ੁੱਕਰਵਾਰ 10 ਨਵੰਬਰ ਤੱਕ ਮੁਲਤਵੀ ਕਰ ਦਿੱਤੀ ਗਈ।’’ ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਕਿੰਨੇ ਗਵਾਹਾਂ ਨੇ ਆਪਣੇ ਬਿਆਨ ਦਰਜ ਕਰਵਾਏ ਹਨ।