ਕਾਂਗਰਸ ਨੇ ਆਦਿਵਾਸੀਆਂ ਦੀ ਭਲਾਈ ਲਈ ਕਦੇ ਕੰਮ ਨਹੀਂ ਕੀਤਾ: ਮੋਦੀ

ਕਾਂਗਰਸ ਨੇ ਆਦਿਵਾਸੀਆਂ ਦੀ ਭਲਾਈ ਲਈ ਕਦੇ ਕੰਮ ਨਹੀਂ ਕੀਤਾ: ਮੋਦੀ

ਮੱਧ ਪ੍ਰਦੇਸ਼ ’ਚ ਕਾਂਗਰਸ ਦੇ ਦੋ ਸੀਨੀਅਰ ਆਗੂਆਂ ਵਿਚਾਲੇ ਚੱਲ ਰਹੇ ਟਕਰਾਅ ਦਾ ਕੀਤਾ ਜ਼ਿਕਰ
ਸਿਓਨੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕਾਂਗਰਸ ਨੇ ਆਦਿਵਾਸੀਆਂ ਦੀ ਭਲਾਈ ਲਈ ਕਦੇ ਵੀ ਕੰਮ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ’ਚ ਕਾਂਗਰਸ ਦੇ ਦੋ ਸੀਨੀਅਰ ਆਗੂ ਆਪਣੇ ਪੁੱਤਰਾਂ ਨੂੰ ਸਥਾਪਤਿ ਕਰਨ ਅਤੇ ਪਾਰਟੀ ’ਤੇ ਕਬਜ਼ੇ ਲਈ ਆਪਸ ’ਚ ਲੜ ਰਹੇ ਹਨ। ਉਨ੍ਹਾਂ ਦਾ ਇਸ਼ਾਰਾ ਦਿਗਵਜਿੈ ਸਿੰਘ ਅਤੇ ਕਮਲਨਾਥ ਵੱਲ ਸੀ। ਸਿਓਨੀ ਜ਼ਿਲ੍ਹੇ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ,‘‘ਅਸੀਂ ਆਦਿਵਾਸੀਆਂ ਦੇ ਚੇਲੇ ਅਤੇ ਭਗਤ ਹਾਂ ਜਿਨ੍ਹਾਂ ਭਗਵਾਨ ਰਾਮ ਨੂੰ ਪੁਰਸ਼ੋਤਮ ਰਾਮ ਬਣਾਇਆ।’’ ਉਨ੍ਹਾਂ ਭਾਜਪਾ ਸਰਕਾਰ ਵੱਲੋਂ ਆਦਿਵਾਸੀਆਂ ਲਈ ਕੀਤੇ ਗਏ ਕੰਮ ਗਿਣਾਏ ਅਤੇ ਵੱਖ ਵੱਖ ਘੁਟਾਲਿਆਂ ਲਈ ਪਿਛਲੀ ਕਾਂਗਰਸ ਸਰਕਾਰ ਦੀ ਨੁਕਤਾਚੀਨੀ ਕੀਤੀ। ਉਨ੍ਹਾਂ ਕਿਹਾ ਕਿ ਸਾਲ 2014 ਤੋਂ ਪਹਿਲਾਂ ਕਾਂਗਰਸ ਦੇ ਸ਼ਾਸਨ ਦੌਰਾਨ ਲੱਖਾਂ-ਕਰੋੜਾਂ ਰੁਪਏ ਦੇ ਘੁਟਾਲੇ ਹੋਏ ਪਰ ਭਾਜਪਾ ਸਰਕਾਰ ਦੌਰਾਨ ਅਜਿਹਾ ਕੋਈ ਦੋਸ਼ ਨਹੀਂ ਲੱਗਾ ਅਤੇ ਬਚਾਇਆ ਗਿਆ ਪੈਸਾ ਹੁਣ ਗਰੀਬ ਲੋਕਾਂ ਨੂੰ ਮੁਫ਼ਤ ਰਾਸ਼ਨ ਦੇਣ ’ਤੇ ਖ਼ਰਚਿਆ ਜਾ ਰਿਹਾ ਹੈ। ‘ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਆਦਿਵਾਸੀਆਂ ਦੀ ਭਲਾਈ ਲਈ ਵੱਖਰਾ ਮੰਤਰਾਲਾ ਬਣਾਇਆ ਸੀ। ਇਹ ਸਾਡਾ ਸੱਭਿਆਚਾਰ ਹੈ। ਆਦਿਵਾਸੀਆਂ ਦੀ ਭਲਾਈ ਲਈ ਮੰਤਰਾਲਾ, ਵਿਭਾਗ ਅਤੇ ਬਜਟ ਮਨਜ਼ੂਰ ਕੀਤਾ ਗਿਆ। ਹਰ ਸਾਲ 15 ਨਵੰਬਰ ਨੂੰ ਜਨਜਾਤੀ ਗੌਰਵ ਦਿਵਸ ਵੀ ਮਨਾਇਆ ਜਾਂਦਾ ਹੈ ਜਦਕਿ ਕਾਂਗਰਸ ਨੇ ਆਦਿਵਾਸੀਆਂ ਨੂੰ ਹਮੇਸ਼ਾ ਹਨੇਰੇ ’ਚ ਰੱਖਿਆ।’

ਪ੍ਰਧਾਨ ਮੰਤਰੀ ਨੇ ਕਿਸੇ ਦਾ ਨਾਮ ਲਏ ਬਿਨਾਂ ਕਿਹਾ ਕਿ ਕਾਂਗਰਸ ਦੀਆਂ ਸੂਬਾ ਸਰਕਾਰਾਂ ਨੇ ਇਕੋ ਹੀ ਪਰਿਵਾਰ ਦੇ ਨਾਮ ’ਤੇ ਸੜਕਾਂ ਅਤੇ ਗਲੀਆਂ ਦੇ ਨਾਮ ਰੱਖੇ। ਇਥੋਂ ਤੱਕ ਕੇ ਉਨ੍ਹਾਂ ਦੇ ਚੋਣ ਮਨੋਰਥ ਪੱਤਰ ’ਚ ਵੀ ਉਨ੍ਹਾਂ ਦੇ ਨਾਮ ਹਨ।

ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਦੇਸ਼ ’ਚ ਯੂਰੀਆ ਦਾ ਥੈਲਾ 300 ਰੁਪਏ ’ਚ ਮਿਲ ਰਿਹਾ ਹੈ ਅਤੇ ਇਹ ਰਕਮ ਅਮਰੀਕਾ ਦੇ ਕਿਸਾਨਾਂ ਨੂੰ ਮਿਲਦੇ ਯੂਰੀਏ ਨਾਲੋਂ 10 ਗੁਣਾ ਘੱਟ ਹੈ।