ਬਰਤਾਨੀਆ: ਫਲਸਤੀਨ-ਪੱਖੀ ਰੋਸ ਮੁਜ਼ਾਹਰਿਆਂ ’ਚ ਚਾਰ ਪੁਲੀਸ ਅਧਿਕਾਰੀ ਫੱਟੜ

ਬਰਤਾਨੀਆ: ਫਲਸਤੀਨ-ਪੱਖੀ ਰੋਸ ਮੁਜ਼ਾਹਰਿਆਂ ’ਚ ਚਾਰ ਪੁਲੀਸ ਅਧਿਕਾਰੀ ਫੱਟੜ

ਲੰਡਨ ਦੀ ਪੁਲੀਸ ਨੇ 29 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ; ਰੋਸ ਮੁਜ਼ਾਹਰੇ ਲਈ ਇਕੱਠੇ ਹੋਏ ਸਨ ਹਜ਼ਾਰਾਂ ਲੋਕ
ਲੰਡਨ- ਬਰਤਾਨੀਆ ਦੀ ਰਾਜਧਾਨੀ ਲੰਡਨ ਦੇ ਕੇਂਦਰੀ ਇਲਾਕੇ ਵਿਚ ਅੱਜ ਫਲਸਤੀਨ-ਪੱਖੀ ਮੁਜ਼ਾਹਰਾਕਾਰੀਆਂ ਨੇ ਇਕ ਭੀੜ ’ਤੇ ਪਟਾਕੇ ਚਲਾ ਦਿੱਤੇ ਜਿਸ ਕਾਰਨ ਚਾਰ ਪੁਲੀਸ ਅਧਿਕਾਰੀ ਫੱਟੜ ਹੋ ਗਏ। ਇਸ ਸ਼ੱਕੀ ਨਸਲੀ ਅਪਰਾਧ ਦੇ ਮਾਮਲੇ ਵਿਚ 29 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੈਟਰੋਪੋਲਿਟਨ ਪੁਲੀਸ (ਲੰਡਨ ਪੁਲੀਸ) ਮੁਤਾਬਕ ਇਜ਼ਰਾਈਲ-ਗਾਜ਼ਾ ਟਕਰਾਅ ਵਿਰੁੱਧ ਮੁਜ਼ਾਹਰੇ ਵਾਲੀ ਥਾਂ ’ਤੇ ਹਜ਼ਾਰਾਂ ਲੋਕ ਇਕੱਠੇ ਹੋਏ ਸਨ। ਇੱਥੇ ਲਗਭਗ 1300 ਪੁਲੀਸ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ ਸੀ। ਪੁਲੀਸ ਨੇ ਕਿਹਾ ਕਿ ਉਨ੍ਹਾਂ ਵੱਲੋਂ ਰੋਸ ਮੁਜ਼ਾਹਰਿਆਂ ਵਿਰੁੱਧ ਜ਼ਿਆਦਾ ‘ਤਿੱਖੀ ਤੇ ਸਰਗਰਮ’ ਪਹੁੰਚ ਅਪਣਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਤੇ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੇ ਇਨ੍ਹਾਂ ਰੋਸ ਮੁਜ਼ਾਹਰਿਆਂ ਦੌਰਾਨ ਕੱਟੜਵਾਦੀ ਤੱਤਾਂ ਖ਼ਿਲਾਫ਼ ਸਖ਼ਤ ਕਦਮ ਚੁੱਕਣ ਦਾ ਸੱਦਾ ਦਿੱਤਾ ਹੈ। ਅਗਲੇ ਹਫ਼ਤੇ ਦੇ ਅਖੀਰ ਵਿਚ ਵੀ ਇਕ ਰੋਸ ਪ੍ਰਦਰਸ਼ਨ ਦਾ ਸੱਦਾ ਦਿੱਤਾ ਗਿਆ ਹੈ। ਮੈੱਟ ਪੁਲੀਸ ਦੇ ਕਮਾਂਡਰ ਕੇਰਨ ਫਿੰਡਲੇ ਨੇ ਕਿਹਾ ਕਿ ਅਜਿਹੇ ਵਿਹਾਰ ਨੂੰ ਦੇਖ ਕੇ ਨਿਰਾਸ਼ਾ ਹੁੰਦੀ ਹੈ, ਲੰਡਨ ਵਿਚ ਇਸ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਭ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਟਾਕੇ ਪੁਲੀਸ ਅਧਿਕਾਰੀਆਂ ਨੂੰ ਨਿਸ਼ਾਨਾ ਬਣਾ ਕੇ ਚਲਾਏ ਗਏ ਸਨ ਤੇ ਉਹ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੁਜ਼ਾਹਰੇ ਤੋਂ ਅਲੱਗ ਕੁਝ ਗਰੁੱਪ ਸਨ, ਜਿਨ੍ਹਾਂ ਨਾਲ ਸਖ਼ਤੀ ਵਰਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੇ ਸਖ਼ਤੀ ਵਰਤ ਕੇ ਹਾਲਾਤ ਹੋਰ ਖਰਾਬ ਹੋਣ ਤੋਂ ਰੋਕੇ।