ਭੂਚਾਲ ਪੀੜਤਾਂ ਨੂੰ ਮਦਦ ਪਹੁੰਚਾਉਣ ’ਚ ਜੁਟੀ ਨੇਪਾਲ ਸਰਕਾਰ

ਭੂਚਾਲ ਪੀੜਤਾਂ ਨੂੰ ਮਦਦ ਪਹੁੰਚਾਉਣ ’ਚ ਜੁਟੀ ਨੇਪਾਲ ਸਰਕਾਰ

ਜਾਜਰਕੋਟ ਤੇ ਰੂਕੁਮ ਜ਼ਿਲ੍ਹਿਆਂ ਵਿਚ ਸੈਂਕੜੇ ਮਕਾਨ ਢਹਿ-ਢੇਰੀ; ਹਰੇਕ ਮ੍ਰਿਤਕ ਦੇ ਪਰਿਵਾਰ ਨੂੰ ਦੋ-ਦੋ ਲੱਖ ਰੁਪਏ ਦੇਵੇਗੀ ਸਰਕਾਰ
ਕਾਠਮੰਡੂ – ਨੇਪਾਲ ਦੇ ਪਰਬਤੀ ਖੇਤਰ ਵਿਚ ਸ਼ੁੱਕਰਵਾਰ ਆਏ ਭੂਚਾਲ ਨਾਲ ਘੱਟੋ-ਘੱਟ 157 ਲੋਕਾਂ ਦੀ ਮੌਤ ਤੇ ਭਿਆਨਕ ਤਬਾਹੀ ਤੋਂ ਬਾਅਦ ਹੁਣ ਮੁਲਕ ਦਾ ਪ੍ਰਸ਼ਾਸਨ ਬਚਾਅ ਤੇ ਰਾਹਤ ਕਾਰਜਾਂ ਵਿਚ ਜੁਟ ਗਿਆ ਹੈ। ਸ਼ੁੱਕਰਵਾਰ ਅੱਧੀ ਰਾਤ ਨੂੰ ਆਏ 6.4 ਦੀ ਤੀਬਰਤਾ ਵਾਲੇ ਭੂਚਾਲ ਦਾ ਕੇਂਦਰ ਕਾਠਮੰਡੂ ਦੇ 500 ਕਿਲੋਮੀਟਰ ਪੱਛਮ ਵਿਚ ਸਥਤਿ ਜਾਜਰਕੋਟ ਜ਼ਿਲ੍ਹੇ ਵਿਚ ਸੀ। ਭੂਚਾਲ ਕਾਰਨ ਸੈਂਕੜੇ ਮਕਾਨ ਤਬਾਹ ਹੋ ਗਏ ਹਨ। ਇਸ ਤ੍ਰਾਸਦੀ ਵਿਚ ਮਾਰੇ ਗਏ ਕੁੱਲ 157 ਲੋਕਾਂ ਵਿਚੋਂ 120 ਦੀਆਂ ਦੇਹਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਭੂਚਾਲ ਵਿਚ ਕਰੀਬ 253 ਲੋਕ ਫੱਟੜ ਹੋਏ ਹਨ। ਭੂਚਾਲ ਨੇ ਜਾਜਰਕੋਟ ਤੇ ਰੂਕੁਮ ਜ਼ਿਲ੍ਹਿਆਂ ਵਿਚ ਸਭ ਤੋਂ ਵੱਧ ਤਬਾਹੀ ਮਚਾਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਲ ‘ਪ੍ਰਚੰਡ’ ਨੇ ਅੱਜ ਇਕ ਕੈਬਨਿਟ ਬੈਠਕ ਕੀਤੀ ਜਿਸ ਵਿਚ ਉਨ੍ਹਾਂ ਭੂਚਾਲ ਵਿਚ ਮਾਰੇ ਗਏ ਹਰੇਕ ਵਿਅਕਤੀ ਦੇ ਪਰਿਵਾਰ ਨੂੰ ਤੁਰੰਤ ਰਾਹਤ ਦੇ ਰੂਪ ਵਿਚ ਦੋ-ਦੋ ਲੱਖ ਰੁਪਏ ਨਗ਼ਦ ਦੇਣ ਦਾ ਫੈਸਲਾ ਕੀਤਾ ਹੈ। ਨੇਪਾਲ ਸਰਕਾਰ ਨੇ ਜ਼ਖ਼ਮੀ ਹੋਏ ਲੋਕਾਂ ਦਾ ਮੁਫ਼ਤ ਇਲਾਜ ਕਰਾਉਣ ਦਾ ਫੈਸਲਾ ਵੀ ਕੀਤਾ ਹੈ। ਨੇਪਾਲ ਦੇ ਮੰਤਰੀ ਮੋਹਨ ਬਹਾਦੁਰ ਬਸਨੇਤ ਨੇ ਦੱਸਿਆ ਕਿ ਬਚਾਅ ਦੇ ਯਤਨ ਪੂਰੇ ਹੋ ਚੁੱਕੇ ਹਨ ਪਰ ਬਚਾਅ ਕਰਮੀ ਅਜੇ ਵੀ ਅਜਿਹੇ ਲੋਕਾਂ ਦੀ ਤਲਾਸ਼ ਕਰ ਰਹੇ ਹਨ ਜੋ ਢਹਿ ਚੁੱਕੀਆਂ ਇਮਾਰਤਾਂ ਵਿਚ ਫਸੇ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਕੁਝ ਪ੍ਰਭਾਵਤਿ ਖੇਤਰਾਂ ਵਿਚ ਭੋਜਨ, ਤਰਪਾਲਾਂ ਤੇ ਤੰਬੂ ਪਹੁੰਚਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਮੰਤਰੀ ਨੇ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਲੋਕਾਂ ਨੂੰ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾਵੇ। ਦੱਸਣਯੋਗ ਹੈ ਕਿ ਨੇਪਾਲ ਦੇ ਨੇੜਲੇ ਗੁਆਂਢੀਆਂ- ਭਾਰਤ ਤੇ ਚੀਨ ਤੋਂ ਇਲਾਵਾ ਅਮਰੀਕਾ ਨੇ ਹਿਮਾਲਿਆ ਖੇਤਰ ਦੇ ਇਸ ਮੁਲਕ ਨੂੰ ਰਾਸ਼ਣ ਸਬੰਧੀ ਮਦਦ ਮੁਹੱਈਆ ਕਰਾਉਣ ਤੇ ਬਚਾਅ ਦਲ ਭੇਜ ਕੇ ਪੀੜਤਾਂ ਦੀ ਤਲਾਸ਼ ਵਿਚ ਸਹਿਯੋਗ ਕਰਨ ਦੀ ਪੇਸ਼ਕਸ਼ ਕੀਤੀ ਹੈ। ਸਥਾਨਕ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਆਫ਼ਤ ਨਾਲ ਨਜਿੱਠਣ ਲਈ ਸਾਧਨ ਨਾਕਾਫੀ ਹਨ। ਜਾਜਰਕੋਟ ਵਿਚ ਸਹਾਇਕ ਮੁੱਖ ਜ਼ਿਲ੍ਹਾ ਅਧਿਕਾਰੀ ਹਰੀਚੰਦਰ ਸ਼ਰਮਾ ਨੇ ਕਿਹਾ ਕਿ ਜ਼ਿਲ੍ਹਾ ਹਸਪਤਾਲ ਐਨੀ ਵੱਡੀ ਗਿਣਤੀ ਵਿਚ ਜ਼ਖਮੀਆਂ ਦਾ ਇਲਾਜ ਕਰਨ ਦੇ ਸਮਰੱਥ ਨਹੀਂ ਹੈ ਕਿਉਂਕਿ ਲੋੜੀਂਦੇ ਸਾਧਨ ਮੌਜੂਦ ਨਹੀਂ ਹਨ।