ਛੱਤੀਸਗੜ੍ਹ: ਭਾਜਪਾ ਵੱਲੋਂ 500 ਰੁਪਏ ’ਚ ਸਿਲੰਡਰ ਦੇਣ ਦਾ ਵਾਅਦਾ

ਛੱਤੀਸਗੜ੍ਹ: ਭਾਜਪਾ ਵੱਲੋਂ 500 ਰੁਪਏ ’ਚ ਸਿਲੰਡਰ ਦੇਣ ਦਾ ਵਾਅਦਾ

ਰਾਏਪੁਰ – ਛੱਤੀਸਗੜ੍ਹ ਵਿਚ ਭਾਜਪਾ ਨੇ ਰਾਜ ਦੇ ਕਿਸਾਨਾਂ ਤੋਂ 3100 ਰੁਪਏ ਪ੍ਰਤੀ ਕੁਇੰਟਲ ਦੀ ਦਰ ’ਤੇ ਝੋਨਾ ਖਰੀਦਣ, ਵਿਆਹੁਤਾ ਔਰਤਾਂ ਨੂੰ ਹਰ ਸਾਲ 12 ਹਜ਼ਾਰ ਰੁਪਏ ਦੇਣ, 500 ਰੁਪਏ ਵਿਚ ਰਸੋਈ ਗੈਸ ਸਿਲੰਡਰ ਦੇਣ, ਦੋ ਸਾਲਾਂ ਵਿਚ ਇਕ ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਤੇ ਰਾਜ ਦੇ ਗਰੀਬਾਂ ਨੂੰ ਅਯੁੱਧਿਆ ਵਿਚ ਰਾਮਲਲਾ ਦੇ ਦਰਸ਼ਨ ਕਰਾਉਣ ਦਾ ਵਾਅਦਾ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਤਿ ਸ਼ਾਹ ਨੇ ਰਾਜ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਅੱਜ ਪਾਰਟੀ ਦਾ ਚੋਣ ਮਨੋਰਥ ਪੱਤਰ (ਮੈਨੀਫੈਸਟੋ) ਜਾਰੀ ਕੀਤਾ। ਇਸ ਨੂੰ ਛੱਤੀਗਸੜ੍ਹ ਲਈ ‘ਮੋਦੀ ਦੀ ਗਾਰੰਟੀ 2023’ ਨਾਂ ਦਿੱਤਾ ਗਿਆ ਹੈ।

ਸ਼ਾਹ ਨੇ ਇਹ ਸਾਰੇ ਐਲਾਨ ਕਰਦਿਆਂ ਕਿਹਾ ਕਿ ਰਾਜ ਦੇ ਹਰੇਕ ਘਰ ਵਿਚ ਸਾਫ਼ ਪਾਣੀ ਪਹੁੰਚਾਇਆ ਜਾਵੇਗਾ। ਗ੍ਰਹਿ ਮੰਤਰੀ ਅੱਜ ਇੱਥੇ ਕੁਸ਼ਾਭਾਊ ਠਾਕਰੇ ਕੰਪਲੈਕਸ ਵਿਚ ਇਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਹ ਰਾਏਪੁਰ ਵਿਚ ਭਾਜਪਾ ਦਾ ਸੂਬਾਈ ਦਫ਼ਤਰ ਹੈ। ਸ਼ਾਹ ਨੇ ਕਿਹਾ ਕਿ ਭਾਜਪਾ ਨੇ ਪਿਛਲੇ 15 ਸਾਲਾਂ ਦੇ ਸ਼ਾਸਨ (2003-2018) ਦੌਰਾਨ ਛੱਤੀਗਸੜ੍ਹ ਨੂੰ ਇਕ ਚੰਗਾ ਰਾਜ ਬਣਾਇਆ ਜੋ ਕਿ ਪਹਿਲਾਂ ਪੱਛੜਿਆ ਹੋਇਆ ਸੀ। ਉਨ੍ਹਾਂ ਭਰੋਸਾ ਦਿੱਤਾ ਕਿ ਭਾਜਪਾ ਹੁਣ ਅਗਲੇ ਪੰਜ ਸਾਲਾਂ ਦੌਰਾਨ ਛੱਤੀਸਗੜ੍ਹ ਨੂੰ ਵਿਕਸਤਿ ਰਾਜ ਬਣਾਉਣ ਲਈ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ਦੀ ਸੂਰਤ ਵਿਚ ‘ਕ੍ਰਿਸ਼ੀ ਉੱਨਤੀ ਸਕੀਮ’ ਲਾਂਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ‘ਦੀਨਦਿਆਲ ਉਪਾਧਿਆਏ ਕ੍ਰਿਸ਼ੀ ਮਜ਼ਦੂਰ ਯੋਜਨਾ’ ਲਾਂਚ ਕੀਤੀ ਜਾਵੇਗੀ ਜਿਸ ਤਹਤਿ ਖੇਤੀ ਮਜ਼ਦੂਰਾਂ ਨੂੰ ਹਰ ਸਾਲ 10 ਹਜ਼ਾਰ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਮਹੀਨਾਵਾਰ ਸਫ਼ਰ ਭੱਤਾ ਵੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਤਿ 18 ਲੱਖ ਮਕਾਨਾਂ ਦੀ ਉਸਾਰੀ ਲਈ ਫੰਡ ਜਾਰੀ ਕੀਤੇ ਜਾਣਗੇ।