ਸਿੱਖਾਂ ਖ਼ਿਲਾਫ਼ ਵਧੀਕੀਆਂ ਦੇ ਇਨਸਾਫ਼ ਲਈ ‘ਆਜ਼ਾਦੀ ਮਾਰਚ’ ਪਹਿਲੀ ਨੂੰ

ਸਿੱਖਾਂ ਖ਼ਿਲਾਫ਼ ਵਧੀਕੀਆਂ ਦੇ ਇਨਸਾਫ਼ ਲਈ ‘ਆਜ਼ਾਦੀ ਮਾਰਚ’ ਪਹਿਲੀ ਨੂੰ

ਅੰਮ੍ਰਿਤਸਰ- ਨਵੰਬਰ 1984 ਸਿੱਖ ਕਤਲੇਆਮ ਤੋਂ ਲੈ ਕੇ ਹਰਦੀਪ ਸਿੰਘ ਨਿੱਝਰ ਦੇ ਕਤਲ ਤੱਕ ਇਨਸਾਫ਼ ਲੈਣ ਲਈ ਦਲ ਖ਼ਾਲਸਾ ਵਲੋਂ 1 ਨਵੰਬਰ ਨੂੰ ਅੰਮ੍ਰਿਤਸਰ ਵਿਖੇ ‘ਆਜ਼ਾਦੀ ਮਾਰਚ’ ਦੇ ਨਾਂਅ ਹੇਠ ਮਾਰਚ ਕੀਤਾ ਜਾਵੇਗਾ।

ਅਜ ਇਥੇ ਪਾਰਟੀ ਦਫਤਰ ਵਿੱਚ ਜਥੇਬੰਦੀ ਦੇ ਬੁਲਾਰੇ ਪਰਮਜੀਤ ਸਿੰਘ ਮੰਡ, ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਅਤੇ ਜਥੇਬੰਦਕ ਸਕੱਤਰ ਰਣਵੀਰ ਸਿੰਘ ਨੇ ਕਿਹਾ ਕਿ ਮਾਰਚ ਤੋਂ ਪਹਿਲਾਂ ਗੁਰਦੁਆਰਾ ਪਾਤਸ਼ਾਹੀ ਛੇਵੀਂ ਰਣਜੀਤ ਐਵੀਨਿਊ ਵਿਖੇ ਸਮਾਗਮ ਕੀਤਾ ਜਾਵੇਗਾ ਉਪਰੰਤ ਮਾਰਚ ਸ਼ਾਮ 4 ਵਜੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਲਾਰੈਂਸ ਰੋਡ ਚੌਕ ਵਿਖੇ ਸਮਾਪਤ ਹੋਵੇਗਾ। ਇਹ ਮਾਰਚ ਨਵੰਬਰ 1984 ’ਚ ਦਿੱਲੀ ਅਤੇ ਭਾਰਤ ਦੇ ਹੋਰਨਾਂ ਹਿੱਸਿਆਂ ਵਿੱਚ ਕਥਿਤ ਸਰਕਾਰੀ ਸ਼ਹਿ ਉੱਤੇ ਕਤਲ ਕੀਤੇ ਗਏ ਲਗਪਗ 8 ਹਜ਼ਾਰ ਨਿਰਦੋਸ਼ ਸਿੱਖ ਪੁਰਸ਼-ਔਰਤਾਂ ਤੋਂ ਲੈ ਕੇ ਹੁਣ ਤੱਕ ਗੈਰ-ਨਿਆਂਇਕ ਢੰਗਾਂ ਨਾਲ ਕਤਲ ਕੀਤੇ ਸਿੱਖਾਂ ਦੀਆਂ ਯਾਦਾਂ ਨੂੰ ਸਮਰਪਿਤ ਹੋਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ਵਿਚ ਸਿੱਖਾਂ ਦੀ ਨਸਲਕੁਸ਼ੀ ਦਾ ਦੌਰ ਅੱਜ ਵੀ ਬਦਲਵੇਂ ਰੂਪਾਂ ਵਿੱਚ ਜਾਰੀ ਹੈ। ਆਗੂਆਂ ਨੇ ਕਿਹਾ ਕਿ ਹਾਲਾਂਕਿ ਜਿਸ ਕਤਲੇਆਮ ਪਿੱਛੇ ਉਸ ਸਮੇਂ ਦੀ ਸਰਕਾਰ ਹੋਵੇ, ਉਸ ਦੇ ਇਨਸਾਫ਼ ਦੀ ਉਮੀਦ ਰੱਖਣੀ ਇੱਕ ਭਰਮ ਤੋਂ ਵੱਧ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਸਵੈ-ਨਿਰਣੇ ਦੇ ਅਧਿਕਾਰ ਰਾਹੀਂ ਆਜ਼ਾਦੀ ਲਈ ਆਪਣੀ ਲੜਾਈ ਜਾਰੀ ਰੱਖਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ 1 ਨਵੰਬਰ ਨੂੰ ਪੰਜਾਬ ਦਿਵਸ ਵੀ ਹੈ। ਇਸ ਲਈ ਪੰਜਾਬ ਨਾਲ ਜੁੜੇ ਹਰ ਮਸਲੇ ਅਤੇ ਚੁਣੌਤੀ ਖਾਸ ਕਰਕੇ ਪਾਣੀਆਂ ਦੀ ਲੁੱਟ ਨੂੰ ਉਜਾਗਰ ਕੀਤਾ ਜਾਵੇਗਾ। ਸਿੱਖ ਜਥੇਬੰਦੀ ਨੇ ਹਰਦੀਪ ਸਿੰਘ ਨਿੱਝਰ ਕਤਲ ਕੇਸ ਵਿੱਚ ਕੈਨੇਡਾ ਵਲੋਂ ਕੀਤੀ ਬੇਨਤੀ ਦੇ ਬਾਵਜੂਦ ਭਾਰਤ ਵੱਲੋਂ ਜਾਂਚ ਵਿੱਚ ਸਹਿਯੋਗ ਨਾ ਦੇਣ ਲਈ ਮੋਦੀ ਸਰਕਾਰ ਦੀ ਆਲੋਚਨਾ ਵੀ ਕੀਤੀ।