ਮਾਲੇਰਕੋਟਲਾ ਰਿਆਸਤ ਦੀ ਆਖ਼ਰੀ ਬੇਗ਼ਮ ਮੁਨੱਵਰ-ਉਨ-ਨਿਸ਼ਾ ਦਾ ਇੰਤਕਾਲ

ਮਾਲੇਰਕੋਟਲਾ ਰਿਆਸਤ ਦੀ ਆਖ਼ਰੀ ਬੇਗ਼ਮ ਮੁਨੱਵਰ-ਉਨ-ਨਿਸ਼ਾ ਦਾ ਇੰਤਕਾਲ

ਮਾਲੇਰਕੋਟਲਾ- ਚੜ੍ਹਦੇ ਪੰਜਾਬ ਦੀ ਇਕਲੌਤੀ ਮੁਸਲਿਮ ਰਿਆਸਤ ਮਾਲੇਰਕੋਟਲਾ ਦੇ ਆਖ਼ਰੀ ਨਵਾਬ ਮਰਹੂਮ ਇਫ਼ਤਖਾਰ ਅਲੀ ਖ਼ਾਨ ਦੀ ਤੀਜੀ ਤੇ ਆਖ਼ਰੀ ਬੇਗ਼ਮ ਮੁਨੱਵਰ ਉਨ ਨਿਸ਼ਾ (103) ਸਾਲ ਕੁਝ ਦਿਨ ਬਿਮਾਰ ਰਹਿਣ ਮਗਰੋਂ ਅੱਜ ਸਵੇਰੇ ਪੰਜ ਵਜੇ ਸਥਾਨਕ ਹਜ਼ਰਤ ਹਲੀਮਾ ਹਸਪਤਾਲ ਵਿਖੇ ਵਫ਼ਾਤ ਪਾ ਗਏ। ਬੇਗ਼ਮ ਮੁਨੱਵਰ ਨਿਸ਼ਾ ਬੇਗ਼ਮ ਦੇ ਨੇੜਲੇ ਭਾਈ ਕਮਲਜੀਤ ਸਿੰਘ ਬੋਪਾਰਾਏ ਅਤੇ ਕੇਅਰ ਟੇਕਰ ਮੁਹੰਮਦ ਮਹਿਮੂਦ ਨੇ ਦੱਸਿਆ ਕਿ ਬੇਗ਼ਮ ਉਮਰ ਦੇ ਤਕਾਜ਼ੇ ਵਜੋਂ ਸਰੀਰਕ ਪੱਖੋਂ ਕਾਫ਼ੀ ਕਮਜ਼ੋਰ ਹੋਣ ਕਾਰਨ ਕੁਝ ਔਖ ਮਹਿਸੂਸ ਕਰ ਰਹੇ ਸਨ। ਬੇਗ਼ਮ ਦੀ ਨਾਜ਼ੁਕ ਸਿਹਤ ਨੂੰ ਦੇਖਦੇ ਹੋਏ ਕਰੀਬ ਦਸ ਦਿਨ ਪਹਿਲਾਂ ਉਨ੍ਹਾਂ ਨੂੰ ਸਥਾਨਕ ਹਲੀਮਾ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਸੀ। ਤਿੰਨ-ਚਾਰ ਦਿਨ ਹਸਪਤਾਲ ‘ਚ ਦਾਖ਼ਲ ਰਹਿਣ ਉਪਰੰਤ ਉਨ੍ਹਾਂ ਸਿਹਤਯਾਬ ਹੋਣ ‘ਤੇ ਸਥਾਨਕ ਰਿਹਾਇਸ਼ ਮੁਬਾਰਿਕ ਮੰਜ਼ਿਲ ਮਹਿਲ ਵਿਖੇ ਵਾਪਸ ਲਿਆਂਦਾ ਗਿਆ ਸੀ। ਤਿੰਨ ਦਿਨ ਪਹਿਲਾਂ ਤਬੀਅਤ ਫਿਰ ਨਾਸਾਜ਼ ਹੋਣ ‘ਤੇ ਮੁੜ ਹਜ਼ਰਤ ਹਲੀਮਾ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਉਨ੍ਹਾਂ ਅੱਜ ਸਵੇਰੇ ਪੰਜ ਵਜੇ ਆਖ਼ਰੀ ਸਾਹ ਲਏ। ਉਨ੍ਹਾਂ ਦੀ ਦੇਹ ਨੂੰ ਮਹਿਲ ਵਿਖੇ ਲੋਕਾਂ ਦੇ ਆਖ਼ਰੀ ਦਰਸ਼ਨ ਲਈ ਰੱਖਿਆ ਗਿਆ ਹੈ। ਸ਼ਹਿਰ ਦੇ ਲੋਕ ਆਖ਼ਰੀ ਦਰਸ਼ਨ ਕਰਨ ਲਈ ਪੁੱਜ ਰਹੇ ਹਨ। ਅੱਜ ਬਾਅਦ ਦੁਪਹਿਰ ਤਿੰਨ ਵਜੇ ਸਰਹਿੰਦੀ ਦਰਵਾਜ਼ੇ ਨੇੜੇ ਸਥਿਤ ਸ਼ਾਹੀ ਕਬਰਸਤਾਨ ਵਿੱਚ ਉਨ੍ਹਾਂ ਨੂੰ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ।