ਅਮਰੀਕਾ: ਰੈਸਟੋਰੈਂਟ ਗੋਲੀਬਾਰੀਵਿੱਚ 16 ਹਲਾਕ

ਅਮਰੀਕਾ: ਰੈਸਟੋਰੈਂਟ ਗੋਲੀਬਾਰੀਵਿੱਚ 16 ਹਲਾਕ

ਲੈਵਿਸਟਨ(ਯੂਐੱਸ)- ਅਮਰੀਕਾ ਦੇ ਮੇਨ ਸੂਬੇ ਦੇ ਲੈਵਿਸਟਨ ਵਿਚ ਬੁੱਧਵਾਰ ਰਾਤ ਨੂੰ ਇਕ ਵਿਅਕਤੀ ਵੱਲੋਂ ਰੈਸਟੋਰੈਂਟ ਤੇ ਬੌਲਿੰਗ ਐਲੇ ਵਿੱਚ ਅੰਨ੍ਹੇਵਾਹ ਕੀਤੀ ਗੋਲੀਬਾਰੀ ਵਿੱਚ ਘੱਟੋ-ਘੱਟ 16 ਵਿਅਕਤੀ ਹਲਾਕ ਹੋ ਗਏ ਜਦੋਂਕਿ ਦਰਜਨਾਂ ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਹਮਲਾਵਰ ਦੀ ਪਛਾਣ ਰੌਬਰਟ ਕਾਰਡ (40) ਵਜੋਂ ਦੱਸੀ ਗਈ ਹੈ, ਜੋ ਮਗਰੋਂ ਹਨੇਰੇ ਦਾ ਲਾਹਾ ਲੈਂਦਿਆਂ ਭੱਜਣ ਵਿੱਚ ਸਫ਼ਲ ਰਿਹਾ। ਉਸ ਦੀ ਭਾਲ ਵਿੱਚ ਸੈਂਕੜੇ ਪੁਲੀਸ ਅਧਿਕਾਰੀ ਲੱਗੇ ਹੋਏ ਹਨ। ਹਮਲਾਵਰ ਦੇ ਖੌਫ਼ ਕਰਕੇ ਵੱਡੀ ਗਿਣਤੀ ਲੋਕਾਂ ਨੂੰ ਆਪਣੇ ਘਰਾਂ ਵਿੱਚ ਬੰਦ ਰਹਿਣ ਲਈ ਮਜਬੂਰ ਹੋਣਾ ਪਿਆ। ਪੁਲੀਸ ਵੱਲੋਂ ਜਾਰੀ ਬੁਲਿਟਨ ਮੁਤਾਬਕ ਕਾਰਡ ਹਥਿਆਰ ਚਲਾਉਣ ਦੀ ਸਿਖਲਾਈ ਦੇਣ ਵਾਲਾ ਇੰਸਟਰਕਟਰ ਹੈ ਤੇ ਮੰਨਿਆ ਜਾਂਦਾ ਹੈ ਕਿ ਉਹ ਫੌਜ ’ਚ ਵੀ ਰਿਹਾ ਹੈ। ਪੁਲੀਸ ਨੇ ਕਿਹਾ ਕਿ ਕਾਰਡ ਮਾਨਸਿਕ ਸਿਹਤ ਨਾਲ ਜੁੜੇ ਵਿਗਾੜ ਦਾ ਇਲਾਜ ਵੀ ਕਰਵਾਉਂਦਾ ਰਿਹਾ ਹੈ। ਐਂਡਰੋਸਕੌਗਨਿ ਕਾਊਂਟੀ ਸ਼ੈਰਿਫ ਪੁਲੀਸ ਨੇ ਆਪਣੇ ਫੇਸਬੁੱਕ ਪੇਜ ’ਤੇ ਮਸ਼ਕੂਕ ਦੀਆਂ ਦੋ ਤਸਵੀਰਾਂ ਜਾਰੀ ਕੀਤੀਆਂ ਹਨ, ਜਿਸ ਵਿੱਚ ਉਹ ਆਪਣੇ ਮੋਢੇ ’ਤੇ ਹਥਿਆਰ ਰੱਖ ਕੇ ਰੈਸਟੋਰੈਂਟ ਵਿੱਚ ਦਾਖ਼ਲ ਹੁੰਦਾ ਦਿਖਾਈ ਦੇ ਰਿਹਾ ਹੈ। ਪੁਲੀਸ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਘੱਟੋ-ਘੱਟ 16 ਵਿਅਕਤੀ ਮਾਰੇ ਗਏ ਹਨ ਤੇ ਇਹ ਗਿਣਤੀ ਵਧ ਸਕਦੀ ਹੈ। ਰਾਸ਼ਟਰਪਤੀ ਜੋਅ ਬਾਇਡਨ ਨੇ ਗਵਰਨਰ ਜੈਨੇਟ ਮਿਲਸ ਅਤੇ ਸੈਨੇਟ ਤੇ ਹਾਊਸ ਮੈਂਬਰਾਂ ਨੂੰ ਫੋਨ ਕਰਕੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ।