ਇਜ਼ਰਾਇਲੀ ਫੌਜ ਵੱਲੋਂ ਗਾਜ਼ਾ ਵਿੱਚ ਜ਼ਮੀਨੀ ਹਮਲੇ ਸ਼ੁਰੂ

ਇਜ਼ਰਾਇਲੀ ਫੌਜ ਵੱਲੋਂ ਗਾਜ਼ਾ ਵਿੱਚ ਜ਼ਮੀਨੀ ਹਮਲੇ ਸ਼ੁਰੂ

ਹਮਲੇ ਨੂੰ ‘ਅਗਲੇ ਪੜਾਅ ਦੀ ਜੰਗ’ ਲਈ ਤਿਆਰੀ ਦੱਸਿਆ; ਸਿਰਫ਼ ਦਹਿਸ਼ਤੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ

ਤਾਇਬਲ ਰਾਫ਼ਾਹ(ਗਾਜ਼ਾ ਪੱਟੀ)- ਇਜ਼ਰਾਇਲੀ ਫੌਜਾਂ ਤੇ ਟੈਂਕਾਂ ਨੇ ਉੱਤਰੀ ਗਾਜ਼ਾ ਵਿੱਚ ਜ਼ਮੀਨੀ ਹਮਲੇ ਸ਼ੁਰੂ ਕਰ ਦਿੱਤੇ ਹਨ, ਜੋ ਵੀਰਵਾਰ ਵੱਡੇ ਤੜਕੇ ਵੀ ਜਾਰੀ ਰਹੇ। ਇਸ ਦੌਰਾਨ ਫੌਜ ਨੇ ਦਹਿਸ਼ਤਗਰਦਾਂ ਦੇ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਜ਼ਰਾਇਲੀ ਫੌਜ ਦੇ ਇਸ ਹਮਲੇ ਨੂੰ ‘ਅਗਲੇ ਪੜਾਅ ਦੀ ਜੰਗ ਦੀ ਤਿਆਰੀ’ ਦੱਸਿਆ ਹੈ। ਉਂਜ ਇਹ ਹਮਲੇ ਅਜਿਹੇ ਮੌਕੇ ਕੀਤੇ ਗਏ ਹਨ ਜਦੋਂ ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿੱਤੀ ਹੈ ਕਿ ਗਾਜ਼ਾ ਪੱਟੀ ਵਿੱਚ ਈਂਧਣ ਖ਼ਤਮ ਹੋਣ ਕੰਢੇ ਹੈ, ਜਿਸ ਕਰ ਕੇ ਉਸ ਨੂੰ ਖੇਤਰ ਵਿੱਚ ਵਿੱਢੇ ਆਪਣੇ ਰਾਹਤ ਕਾਰਜ ਰੋਕਣੇ ਪੈ ਰਹੇ ਹਨ। ਇਜ਼ਰਾਇਲੀ ਫੌਜ ਨੇ ਹਾਲਾਂਕਿ ਦਾਅਵਾ ਕੀਤਾ ਹੈ ਕਿ ਉਸ ਵੱਲੋਂ ਸਿਰਫ਼ ਦਹਿਸ਼ਤੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਜ਼ਰਾਈਲ ਨੇ ਦੋਸ਼ ਲਾਇਆ ਹੈ ਕਿ ਹਮਾਸ ਸੰਘਣੀ ਆਬਾਦੀ ਵਾਲੇ ਗਾਜ਼ਾ ਵਿੱਚ ਆਮ ਲੋਕਾਂ ਵਿੱਚ ਰਹਿ ਕੇ ਆਪਣੀਆਂ ਸਰਗਰਮੀਆਂ ਚਲਾ ਰਿਹਾ ਹੈ। ਉਧਰ ਪ੍ਰਧਾਨ ਮੰਤਰੀ ਬੈਂਜਾਮਨਿ ਨੇਤਨਯਾਹੂ ਨੇ ਬੁੱਧਵਾਰ ਰਾਤ ਨੂੰ ਦਿੱਤੇ ਭਾਸ਼ਣ ਵਿੱਚ ਕਿਹਾ ਕਿ ਉਨ੍ਹਾਂ ਦੀ ਜਵਾਬਦੇਹੀ ਹਮਾਸ ਨੂੰ ਹਰਾਉਣ ਮਗਰੋਂ ਹੀ ਨਿਰਧਾਰਿਤ ਕੀਤੀ ਜਾਵੇ। ਉਨ੍ਹਾਂ ਕਿਹਾ, ‘‘ਜੋ ਕੁਝ ਹੋਇਆ ਉਹ ਉਸ ਦੀ ਤਹਿ ਤੱਕ ਜਾਣਗੇ। ਜਾਂਚ ਹੋਵੇਗੀ। ਮੇਰੇ ਸਣੇ ਸਾਰਿਆਂ ਨੂੰ ਜਵਾਬ ਦੇਣੇ ਹੋਣਗੇ।’’

ਉਧਰ ਹਮਾਸ ਸ਼ਾਸਿਤ ਗਾਜ਼ਾ ਵਿੱਚ ਸਿਹਤ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਪਿਛਲੇ 24 ਘੰਟਿਆਂ ਦੌਰਾਨ 750 ਤੋਂ ਵੱਧ ਲੋਕ ਮਾਰੇ ਗਏ ਹਨ, ਜੋ ਕਿ ਇਕ ਦਿਨ ਪਹਿਲਾਂ ਮਾਰੇ ਗਏ 704 ਲੋਕਾਂ ਨਾਲੋਂ ਵੱਧ ਅੰਕੜਾ ਹੈ। ਹਾਲਾਂਕਿ ਖ਼ਬਰ ਏਜੰਸੀ (ਏਪੀ) ਆਪਣੇ ਪੱਧਰ ’ਤੇੇ ਮੌਤਾਂ ਦੇ ਇਸ ਅੰਕੜੇ ਦੀ ਤਸਦੀਕ ਨਹੀਂ ਕਰ ਸਕੀ। ਸੰਯੁਕਤ ਰਾਸ਼ਟਰ ਦੇ ਅੰਕੜਿਆਂ ਮੁਤਾਬਕ ਸਾਲ 2014 ਵਿੱਚ ਛੇ ਹਫ਼ਤਿਆਂ ਤੱਕ ਚੱਲੀ ਜੰਗ ਦੌਰਾਨ 2251 ਫਲਸਤੀਨੀ ਮਾਰੇ ਗਏ ਸਨ, ਜਨਿ੍ਹਾਂ ਵਿਚੋਂ ਬਹੁਗਿਣਤੀ ਆਮ ਲੋਕਾਂ ਦੀ ਸੀ। ਇਸ ਦੌਰਾਨ ਬੁੱਧਵਾਰ ਨੂੰ ਗਾਜ਼ਾ ਵਿੱਚ ਅਲ-ਜਜ਼ੀਰਾ ਦੇ ਸੀਨੀਅਰ ਪੱਤਰਕਾਰ ਵੇਲ ਦਾਊਦ ਦੀ ਪਤਨੀ, ਪੁੱਤ ਤੇ ਧੀ ਇਜ਼ਰਾਇਲੀ ਹਵਾਈ ਹਮਲਿਆਂ ਵਿੱਚ ਮਾਰੇ ਗਏ ਹਨ। ਕਤਰ ਅਧਾਰਿਤ ਸੈਟੇਲਾਈਟ ਚੈਨਲ ਵੱਲੋਂ ਪ੍ਰਸਾਰਿਤ ਫੁਟੇਜ ਵਿੱਚ ਸੋਗ ’ਚ ਡੁੱਬੇ ਦਾਊਦ ਨੂੰ ਹਸਪਤਾਲ ਵਿੱਚ ਦਾਖ਼ਲ ਹੁੰਦਿਆਂ ਤੇ ਆਪਣੇ ਮ੍ਰਿਤਕ ਪੁੱਤਰ ਦੀ ਦੇਹ ਨੂੰ ਤੱਕਦੇ ਦਿਖਾਇਆ ਗਿਆ ਹੈ।

ਬੁੱਧਵਾਰ ਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਕੀਤੇ ਹਮਲਿਆਂ ਦੌਰਾਨ ਇਜ਼ਰਾਇਲੀ ਫੌਜੀਆਂ ਨੇ ਲੜਾਕਿਆਂ ਨੂੰ ਮਾਰ ਮੁਕਾਇਆ ਤੇ ਫੌਜੀ ਟਿਕਾਣਿਆਂ ਤੇ ਐਂਟੀ ਟੈਂਕ ਮਿਜ਼ਾਈਲ ਲਾਂਚਿੰਗ ਮੋਰਚਿਆਂ ਨੂੰ ਤਬਾਹ ਕੀਤਾ। ਫੌਜ ਦੇ ਤਰਜਮਾਨ ਰੀਅਰ ਐਡਮਿਰਲ ਡੈਨੀਅਲ ਹਗਾਰੀ ਨੇ ਕਿਹਾ ਕਿ ਇਹ ਸੀਮਤ ਚੜ੍ਹਾਈ ‘ਅਗਲੇ ਪੜਾਵਾਂ ਦੀ ਜੰਗ ਲਈ ਸਾਡੀ ਤਿਆਰੀਆਂ ਦਾ ਹਿੱਸਾ ਸੀ।’ ਇਜ਼ਰਾਈਲ ਨੇ ਪਿਛਲੇ 24 ਘੰਟਿਆਂ ਦੌਰਾਨ ਗਾਜ਼ਾ ਵਿੱਚ ਢਾਈ ਸੌ ਦੇ ਕਰੀਬ ਹਵਾਈ ਹਮਲੇ ਕਰਨ ਦਾ ਦਾਅਵਾ ਕੀਤਾ ਹੈ। ਇਨ੍ਹਾਂ ਹਮਲਿਆਂ ਦੌਰਾਨ ਟਨਲ ਸਾਫ਼ਟਾਂ, ਰਾਕੇਟ ਲਾਂਚਰਾਂ ਤੇ ਹੋਰ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਖਾਨ ਯੂਨਿਸ ਦੇ ਦੱਖਣੀ ਕਸਬੇ ’ਤੇ ਕੀਤੇ ਹਮਲੇ ਵਿੱਚ ਰਿਹਾਇਸ਼ੀ ਇਮਾਰਤ ਨੂੰ ਨਿਸ਼ਾਨਾ ਬਣਾਇਆ ਗਿਆ, ਜਿੱਥੇ 75 ਦੇ ਕਰੀਬ ਲੋਕ ਰਹਿ ਰਹੇ ਸਨ। ਹਮਲੇ ਵਾਲੀ ਥਾਂ ਐਂਬੂਲੈਂਸਾਂ ਦੀ ਆਮਦੋਰਫ਼ਤ ਰਹੀ, ਪਰ ਅਜੇ ਤੱਕ ਮੌਤਾਂ ਦੀ ਅਧਿਕਾਰਤ ਤੌਰ ’ਤੇ ਕੋਈ ਪੁਸ਼ਟੀ ਨਹੀਂ ਹੋ ਸਕੀ। ਇਜ਼ਰਾਈਲ ਨੇ ਵੀਰਵਾਰ ਵੱਡੇ ਤੜਕੇ ਹਵਾਈ ਤੇ ਡਰੋਨ ਹਮਲਿਆਂ ਨਾਲ ਦੱਖਣੀ ਲਬਿਨਾਨ ਨਾਲ ਲੱਗਦੇ ਆਇਤਾ ਅਲ ਸ਼ਾਬ ਕਸਬੇ ਨੂੰ ਵੀ ਨਿਸ਼ਾਨਾ ਬਣਾਇਆ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਜੰਗ ਵਿੱਚ ਹੁਣ ਤੱਕ 6500 ਤੋਂ ਵੱਧ ਫਲਸਤੀਨੀ ਮਾਰੇ ਗਏ ਹਨ। ਉਧਰ ਇਜ਼ਰਾਇਲੀ ਸਰਕਾਰ ਮੁਤਾਬਕ ਹਮਾਸ ਵੱਲੋਂ ਕੀਤੇ ਹਮਲੇ ਦੀ ਸ਼ੁਰੂਆਤ ਵਿੱਚ 1400 ਤੋਂ ਵੱਧ ਲੋਕ ਮਾਰੇ ਗਏ ਸਨ। ਹਮਾਸ ਨੇ ਗਾਜ਼ਾ ਵਿੱਚ 224 ਵਿਅਕਤੀਆਂ ਨੂੰ ਬੰਧਕ ਬਣਾਇਆ ਹੋਇਆ ਹੈ।