ਅਮਰੀਕਾ ’ਚ ਸਿੱਖਾਂ ਵਿਰੁੱਧ ਵੱਧ ਰਹੇ ਨਫ਼ਰਤੀ ਅਪਰਾਧਾਂ ਤੇ ਮੇਅਰ ਰਵੀ ਐੱਸ. ਭੱਲਾ ਨੇ ਪ੍ਰਗਟਾਈ ਚਿੰਤਾ

ਅਮਰੀਕਾ ’ਚ ਸਿੱਖਾਂ ਵਿਰੁੱਧ ਵੱਧ ਰਹੇ ਨਫ਼ਰਤੀ ਅਪਰਾਧਾਂ ਤੇ ਮੇਅਰ ਰਵੀ ਐੱਸ. ਭੱਲਾ ਨੇ ਪ੍ਰਗਟਾਈ ਚਿੰਤਾ

ਵਾਸ਼ਿੰਗਟਨ : ਨਿਊਯਾਰਕ ਅਤੇ ਅਮਰੀਕਾ ਦੇ ਹੋਰ ਹਿੱਸਿਆਂ ਵਿਚ ਸਿੱਖਾਂ ਦੇ ਖ਼ਿਲਾਫ਼ ਹਾਲ ਹੀ ਵਿਚ ਵਾਪਰੀਆਂ ਨਫ਼ਰਤ ਅਤੇ ਹਿੰਸਾ ਦੀਆਂ ਘਟਨਾਵਾਂ ਨੂੰ ‘ਨਿੰਦਾਯੋਗ’ ਕਾਰਵਾਈਆਂ ਦੱਸਦੇ ਹੋਏ ਅਮਰੀਕੀ ਰਾਜ ਨਿਊਜਰਸੀ ਦੇ ਹੋਬੋਕਨ ਸ਼ਹਿਰ ਦੇ ਮੇਅਰ ਨੇ ਦੇਸ਼ ਵਿੱਚ ਘੱਟ ਗਿਣਤੀ ਭਾਈਚਾਰੇ ਖ਼ਿਲਾਫ਼ ਵੱਧ ਰਹੇ ਨਫ਼ਰਤੀ ਅਪਰਾਧਾਂ ’ਤੇ ਚਿੰਤਾ ਪ੍ਰਗਟਾਈ। ਮੇਅਰ ਰਵੀ ਐੱਸ. ਭੱਲਾ ਨੇ ਕੁਝ ਦਿਨ ਪਹਿਲਾਂ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ਕਈ ਅਜਿਹੀਆਂ ਚਿੱਠੀਆਂ ਮਿਲੀਆਂ ਹਨ, ਜਿਸ ਵਿੱਚ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ।
ਸੀ.ਬੀ.ਐੱਸ. ਨਿਊਜ਼ ਦੀ ਮੰਗਲਵਾਰ ਦੀ ਰਿਪੋਰਟ ਮੁਤਾਬਕ ਭੱਲਾ ਨੂੰ ਪਿਛਲੇ ਸਾਲ ਜੋ ਮਿਲੇ ਪੱਤਰ ਸਨ, ਉਨ੍ਹਾਂ ਵਿਚ ਪਹਿਲਾਂ ਉਨ੍ਹਾਂ ਨੂੰ ਅਸਤੀਫਾ ਦੇਣ ਲਈ ਕਿਹਾ ਗਿਆ ਸੀ, ਪਰ ਬਾਅਦ ’ਚ ਸਿੱਖ ਧਰਮ ਨਾਲ ਜੁੜੇ ਹੋਣ ਕਾਰਨ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਮੈਂਬਰਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾਣ ਲੱਗੀ। ਭੱਲਾ ਨੇ ਕਿਹਾ, ’ਮੈਂ ਨਫਰਤੀ ਅਪਰਾਧ ਦੀਆਂ ਹਾਲ ਹੀ ਦੀਆਂ ਘਟਨਾਵਾਂ ਤੋਂ ਪਰੇਸ਼ਾਨ ਅਤੇ ਦੁਖੀ ਹਾਂ, ਜਿਨ੍ਹਾਂ ਨੇ ਰਿਚਮੰਡ ਹਿੱਲ, ਨਿਊਯਾਰਕ ’ਚ ਸਿੱਖ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ, ਜਿੱਥੇ ਇਕ ਸਿੱਖ ਨੌਜਵਾਨ ’ਤੇ ਹਮਲਾ ਕੀਤਾ ਗਿਆ, ਉਸ ਦੀ ਜ਼ਬਰਦਸਤੀ ਪੱਗ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਇਕ ਹੋਰ ਸੀਨੀਅਰ ਸਿੱਖ ਵਿਅਕਤੀ ਨਾਲ ਦੁਰਵਿਵਹਾਰ ਕੀਤਾ ਗਿਆ।’
ਨਿਊਯਾਰਕ ’ਚ ਬੁੱਧਵਾਰ ਨੂੰ ਇਕ ਸ਼ਟਲ ਬੱਸ ’ਤੇ ਸਫ਼ਰ ਕਰਦੇ ਸਮੇਂ ਇਕ 19 ਸਾਲਾ ਸਿੱਖ ਲੜਕੇ ’ਤੇ ਪੱਗ ਬੰਨ੍ਹਣ ਕਾਰਨ ਹਮਲਾ ਕੀਤਾ ਗਿਆ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਬਾਅਦ ਵਿਚ ਇਸ ਮਾਮਲੇ ਵਿਚ ਇੱਕ 26 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ’ਤੇ ਹਮਲੇ ਲਈ ਨਫ਼ਰਤ ਅਪਰਾਧ ਦਾ ਦੋਸ਼ ਲਗਾਇਆ ਗਿਆ।ਅਮਰੀਕਾ ਦੇ ਇਕਲੌਤੇ ਸਿੱਖ ਮੇਅਰ ਭੱਲਾ ਨੇ ਕਿਹਾ, “ਨਫ਼ਰਤ ਅਤੇ ਹਿੰਸਾ ਦੀਆਂ ਇਹ ਨਿੰਦਣਯੋਗ ਕਾਰਵਾਈਆਂ ਏਕਤਾ, ਵਿਭਿੰਨਤਾ ਅਤੇ ਸਵੀਕਾਰਤਾ ਦੀਆਂ ਸਾਡੀਆਂ ਸਾਂਝੀਆਂ ਅਮਰੀਕੀ ਕਦਰਾਂ-ਕੀਮਤਾਂ ’ਤੇ ਹਮਲਾ ਹਨ। ਇਸ ਸਮੇਂ ਇਹ ਮਹੱਤਵਪੂਰਨ ਹੈ ਕਿ ਅਸੀਂ ਆਪਣੇ ਦੋਸਤਾਂ ਅਤੇ ਗੁਆਂਢੀਆਂ ਵਿਚਕਾਰ ਸਮਝ ਅਤੇ ਹਮਦਰਦੀ ਦਾ ਮਾਹੌਲ ਬਣਾਉਣ ਦੀ ਆਪਣੀ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਕਰਨ ਲਈ ਇਕੱਠੇ ਹੋਣ।’