ਇਜ਼ਰਾਈਲ-ਹਮਾਸ ਜੰਗ ਤਬਾਹੀ ਦੇ ਮੂੰਹ ਪਈ ਦੁਨੀਆ ਲਈ ਖਤਰਨਾਕ : ਅਜੈਪਾਲ ਸਿੰਘ ਬੰਗਾ

ਇਜ਼ਰਾਈਲ-ਹਮਾਸ ਜੰਗ ਤਬਾਹੀ ਦੇ ਮੂੰਹ ਪਈ ਦੁਨੀਆ ਲਈ ਖਤਰਨਾਕ : ਅਜੈਪਾਲ ਸਿੰਘ ਬੰਗਾ

ਸਾਊਦੀ ਅਰਬ : ਵਿਸ਼ਵ ਬੈਂਕ ਦੇ ਮੁਖੀ ਅਜੈਪਾਲ ਸਿੰਘ ਬੰਗਾ ਨੇ ਕਿਹਾ ਹੈ ਕਿ ਇਜ਼ਰਾਈਲ-ਹਮਾਸ ਜੰਗ ਪਹਿਲਾਂ ਹੀ ਆਰਥਿਕ ਤੌਰ ’ਤੇ ਤਬਾਹੀ ਦੇ ਮੂੰਹ ਪਈਦੁਨੀਆ ਲਈ ਹੋਰ ਵਧੇਰੇ ਖਤਰਨਾਕ ਸਾਬਤ ਹੋਵੇਗੀ। ਸਾਊਦੀ ਅਰਬ ਵਿਚ ਇਕ ਇਨਵੈਸਟਰ ਕਾਨਫਰੰਸ ਵਿਚ ਸੰਬੋਧਨ ਕਰਦਿਆਂ ਵਿਸ਼ਵ ਬੈਂਕ ਮੁਖੀ ਨੇ ਕਿਹਾ ਕਿ ਦੁਨੀਆ ਅੱਜ ਬਹੁਤ ਖਤਰਨਾਕ ਮੋੜ ਉਪਰ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਦੁਨੀਆ ਵਿਚ ਬਹੁਤ ਕੁਝ ਗਲਤ ਚੱਲ ਰਿਹਾ ਹੈ, ਜਿਸ ਦੇ ਸਿੱਟੇ ਧਰਤੀ ਅਤੇ ਮਨੁੱਖਤਾ ਦੋਵਾਂ ਨੂੰ ਭੁਗਤਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਧਰਤੀ ਉਪਰ ਵੱਧ ਰਿਹਾ ਸਿਆਸੀ ਤਣਾਅ ਦੁਨੀਆ ਦੀ ਅਰਥ ਵਿਵਸਥਾ ਲਈ ਸਭ ਤੋਂ ਵੱਡਾ ਖਤਰਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਘਟਨਾਵਾਂ ਦੇ ਹੋਰ ਫੇਰ ਆਰਥਿਕ ਖਤਰੇ ਤੇਜ਼ੀ ਨਾਲ ਵਧਾਉਂਦੇ ਹਨ ਅਤੇ ਇਨ੍ਹਾਂ ਨੂੰ ਕਿਸੇ ਵੀ ਹਾਲਤ ਵਿਚ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਜ਼ਰਾਈਲ-ਹਮਾਸ ਜੰਗ ਦੇ ਚੱਲਦਿਆਂ ਦੁਨੀਆ ਭਰ ਦੇ ਸ਼ੇਅਰ ਬਾਜ਼ਾਰ ਵਿਚ ਵੀ ਗਿਰਾਵਟ ਦੇਖੀ ਜਾ ਰਹੀ ਹੈ। ਇਸੇ ਦੌਰਾਨ ਇਜ਼ਰਾਈਲ ਅਤੇ ਹਮਾਸ ਲੜਾਕਿਆਂ ਨੇ ਕਈਬੰਧਕ ਬਣਾਏ ਲੋਕਾਂ ਨੂੰ ਰਿਹਾਅ ਕੀਤਾ ਹੈ। ਇਸੇ ਤਹਿਤ ਬੰਧਕਾਂ ਦੇ ਨਾਲ ਰਿਹਾਅ ਹੋਈ ਇਕ 85 ਸਾਲਾ ਬਜ਼ੁਰਗ ਔਰਤ ਨੇ ਦੱਸਿਆ ਕਿ ਬੰਧਕ ਬਣਾਉਣ ਤੋਂ ਬਾਅਦ ਸਾਨੂੰ ਪਹਿਲਾਂ ਬੇਰਹਿਮੀ ਨਾਲ ਕੁੱਟਿਆ ਮਾਰਿਆ ਗਿਆ ਅਤੇ ਫਿਰ ਇਲਾਜ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਜ਼ਰਾਈਲ ਤੋਂ ਲਿਜਾਣ ਤੋਂ ਬਾਅਦ ਗਾਜ਼ਾ ਵਿਚ ਸਾਨੂੰ ਜ਼ਮੀਨੀ ਸੁਰੰਗਾਂ ਦੇ ਜਾਲ ਵਿਚ ਛੁਪਾ ਕੇ ਰੱਖਿਆ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਹਮਾਸ ਲੜਾਕਿਆਂ ਨੇ ਸਾਡੇ ਗਹਿਣੇ, ਘੜੀਆਂ ਅਤੇ ਹਰ ਕੀਮਤੀ ਸਮਾਨ ਪਹਿਲਾਂ ਹੀ ਲੈ ਲਏ ਸਨ ਅਤੇ ਸਾਨੂੰ ਖੇਤਾਂ ਵਿਚਂ ਦੀ ਸੁਰੰਗਾਂ ਵਿਚੋਂ ਦੀ ਲਿਜਾਇਆ ਗਿਆ।