ਮੁੱਖ ਮੰਤਰੀ ਵੱਲੋਂ ਸਮਾਜਿਕ ਬੁਰਾਈਆਂ ਦੇ ਖ਼ਾਤਮੇ ਦਾ ਸੱਦਾ

ਮੁੱਖ ਮੰਤਰੀ ਵੱਲੋਂ ਸਮਾਜਿਕ ਬੁਰਾਈਆਂ ਦੇ ਖ਼ਾਤਮੇ ਦਾ ਸੱਦਾ

ਹੁਸ਼ਿਆਰਪੁਰ ਦੇ ਦਸਹਿਰਾ ਸਮਾਗਮ ਵਿੱਚ ਪੁੱਜੇ ਭਗਵੰਤ ਮਾਨ
ਹੁਸ਼ਿਆਰਪੁਰ- ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਬਦੀ ’ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦਸਹਿਰੇ ਦੇ ਤਿਉਹਾਰ ਮੌਕੇ ਪੰਜਾਬ ’ਚੋਂ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਦਾ ਸੰਕਲਪ ਲੈਣ ਦਾ ਸੱਦਾ ਦਿੱਤਾ। ਉਹ ਇੱਥੇ ਸ੍ਰੀ ਰਾਮ ਲੀਲਾ ਕਮੇਟੀ ਵੱਲੋਂ ਮਨਾਏ ਗਏ ਦਸਹਿਰੇ ਦੇ ਤਿਉਹਾਰ ਦੌਰਾਨ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਇਥੇ ਦਸਹਿਰੇ ਨੂੰ ਮਨਾਉਣ ਲਈ ਡੇਢ ਲੱਖ ਤੋਂ ਵੱਧ ਲੋਕ ਇਕੱਠੇ ਹੋਏ ਹਨ। ਉਨ੍ਹਾਂ ਕਿਹਾ ਕਿ ਦਸਹਿਰਾ ਮੈਦਾਨ ਵਾਲੀ ਥਾਂ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਵੱਢਾ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ’ਚ ਨਿਰਮਾਣ ਅਧੀਨ ਮੈਡੀਕਲ ਕਾਲਜ ਆਉਣ ਵਾਲੇ ਸਾਲ ਤੋਂ ਚਾਲੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ’ਚ ਮਸ਼ਹੂਰ ਹੁਸ਼ਿਆਰਪੁਰ ਦੇ ਦਸਹਿਰੇ ਦਾ ਹਿੱਸਾ ਬਣਨਾ ਉਨ੍ਹਾਂ ਲਈ ਬੜੀ ਖੁਸ਼ੀ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਸ਼ਹਿਰ ਵਿੱਚ ਲੋਕਾਂ ਵੱਲੋਂ ਇਕ ਥਾਂ ’ਤੇ ਇਕੱਠਿਆਂ ਦਸਹਿਰਾ ਮਨਾਇਆ ਜਾ ਰਿਹਾ ਹੈ ਕਿਉਂਕਿ ਅਕਸਰ ਸ਼ਹਿਰਾਂ ਵਿੱਚ ਅਜਿਹੀ ਇਕਜੁੱਟਤਾ ਦੇਖਣ ਨੂੰ ਨਹੀਂ ਮਿਲਦੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਖੁਸ਼ੀ ਦੇ ਮੌਕੇ ਨੂੰ ਸੂਬੇ ਵਿਚ ਸ਼ਾਂਤੀ, ਸਦਭਾਵਨਾ ਤੇ ਭਾਈਚਾਰਕ ਸਾਂਝ ਨੂੰ ਵਧਾਉਣ ਲਈ ਖੁਦ ਨੂੰ ਸਮਰਪਿਤ ਕਰਕੇ ਸੁਹਿਰਦਤਾ ਨਾਲ ਤਿਉਹਾਰ ਮਨਾਉਣ। ਇਸ ਮੌਕੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਵਿਧਾਇਕ ਡਾ. ਰਵਜੋਤ ਸਿੰਘ, ਜਸਵੀਰ ਸਿੰਘ ਰਾਜਾ ਗਿੱਲ, ਕਰਮਵੀਰ ਸਿੰਘ ਘੁੰਮਣ, ਐਡਵੋਕੇਟ ਜਨਰਲ ਇੰਦਰਪਾਲ ਸਿੰਘ ਧੰਨਾ, ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ, ਸਾਬਕਾ ਮੰਤਰੀ ਤੀਕਸ਼ਣ ਸੂਦ, ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਸ੍ਰੀ ਰਾਮਲੀਲਾ ਕਮੇਟੀ ਦੇ ਪ੍ਰਧਾਨ ਗੋਪੀ ਚੰਦ ਕਪੂਰ ਤੇ ਚੇਅਰਮੈਨ ਸ਼ਿਵ ਸੂਦ ਆਦਿ ਮੌਜੂਦ ਸਨ।