ਗਾਜ਼ਾ ’ਚ ਪਨਾਹ ਵਾਲੀਆਂ ਥਾਵਾਂ ’ਤੇ ਹਵਾਈ ਹਮਲੇ

ਗਾਜ਼ਾ ’ਚ ਪਨਾਹ ਵਾਲੀਆਂ ਥਾਵਾਂ ’ਤੇ ਹਵਾਈ ਹਮਲੇ

ਇਜ਼ਰਾਇਲੀ ਫ਼ੌਜ ਨੇ ਸੀਮਤ ਪੱਧਰ ’ਤੇ ਜ਼ਮੀਨੀ ਹਮਲੇ ਵੀ ਕੀਤੇ
ਦੀਰ ਅਲ ਬਲਾਹ- ਇਜ਼ਰਾਇਲੀ ਜੰਗੀ ਜਹਾਜ਼ਾਂ ਨੇ ਸੋਮਵਾਰ ਤੜਕੇ ਗਾਜ਼ਾ ਦੇ ਵੱਖ ਵੱਖ ਇਲਾਕਿਆਂ ’ਚ ਹਮਲੇ ਕੀਤੇ। ਇਸ ’ਚ ਉਹ ਇਲਾਕੇ ਵੀ ਸ਼ਾਮਲ ਹਨ ਜਿਥੇ ਫਲਸਤੀਨੀ ਨਾਗਰਿਕਾਂ ਨੂੰ ਪਨਾਹ ਲੈਣ ਦੇ ਹੁਕਮ ਦਿੱਤੇ ਗਏ ਹਨ। ਇਹ ਹਮਲਾ ਫਲਸਤੀਨ ਦੇ ਹਮਾਸ ਸ਼ਾਸਿਤ ਇਲਾਕੇ ’ਚ ਮਾਨਵੀ ਸਹਾਇਤਾ ਦੀ ਇਕ ਹੋਰ ਖੇਪ ਲਿਜਾਣ ਦੀ ਇਜਾਜ਼ਤ ਦਿੱਤੇ ਜਾਣ ਮਗਰੋਂ ਕੀਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਇਜ਼ਰਾਈਲ ਗਾਜ਼ਾ ’ਚ ਜ਼ਮੀਨੀ ਹਮਲਾ ਕਰਨ ਦੀ ਤਿਆਰੀ ’ਚ ਹੈ। ਉਂਜ ਇਜ਼ਰਾਇਲੀ ਫ਼ੌਜ ਨੇ ਐਤਵਾਰ ਨੂੰ ਗਾਜ਼ਾ ’ਚ ਸੀਮਤ ਪੱਧਰ ’ਤੇ ਜ਼ਮੀਨੀ ਹਮਲੇ ਵੀ ਕੀਤੇ ਹਨ। ਗਾਜ਼ਾ ਸਰਹੱਦ ’ਤੇ ਟੈਂਕ ਅਤੇ ਹਜ਼ਾਰਾਂ ਸੈਨਿਕ ਪਹਿਲਾਂ ਹੀ ਲਾਮਬੰਦ ਹੋ ਚੁੱਕੇ ਹਨ। ਹਮਾਸ ਨੇ ਕਿਹਾ ਕਿ ਉਨ੍ਹਾਂ ਇਜ਼ਰਾਈਲ ਦਾ ਇਕ ਟੈਂਕ ਅਤੇ ਦੋ ਬਖਤਰਬੰਦ ਬੁਲਡੋਜ਼ਰ ਤਬਾਹ ਕਰ ਦਿੱਤੇ ਹਨ। ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਗਾਜ਼ਾ ਅੰਦਰ ਇਕ ਛਾਪੇ ਦੌਰਾਨ ਟੈਂਕ ਵਿਰੋਧੀ ਮਿਜ਼ਾਈਲ ਕਾਰਨ ਉਨ੍ਹਾਂ ਦਾ ਇਕ ਜਵਾਨ ਮਾਰਿਆ ਗਿਆ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਇਜ਼ਰਾਈਲ ਨੇ ਕਿਹਾ ਕਿ ਉਸ ਨੇ ਅਗਲੇ ਪੜਾਅ ਦੀ ਤਿਆਰੀ ਤਹਿਤ ਆਪਣੇ ਜਵਾਨਾਂ ਦੇ ਜੋਖ਼ਮ ਨੂੰ ਘੱਟ ਕਰਨ ਲਈ ਹਵਾਈ ਹਮਲੇ ਵਧਾ ਦਿੱਤੇ ਹਨ। ਦੋਵੇਂ ਧਿਰਾਂ ’ਚ ਜਾਰੀ ਸੰਘਰਸ਼ ਦੌਰਾਨ ਖ਼ਿੱਤੇ ’ਚ ਵੱਡੇ ਪੱਧਰ ’ਤੇ ਜੰਗ ਫੈਲਣ ਦਾ ਖ਼ਦਸ਼ਾ ਵੱਧ ਗਿਆ ਹੈ। ਇਜ਼ਰਾਈਲ ਨੇ ਸੀਰੀਆ, ਲਬਿਨਾਨ ਅਤੇ ਪੱਛਮੀ ਕੰਢੇ ਦੇ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਨਿ ਨੇਤਨਯਾਹੂ ਨੇ ਐਤਵਾਰ ਨੂੰ ਉੱਤਰੀ ਇਜ਼ਰਾਈਲ ’ਚ ਜਵਾਨਾਂ ਨੂੰ ਹੱਲਾਸ਼ੇਰੀ ਦਿੱਤੀ। ਹਮਾਸ ਨੇ ਕਿਹਾ ਕਿ ਇਜ਼ਰਾਈਲ ਵੱਲੋਂ ਪੂਰੀ ਰਾਤ ਭਾਰੀ ਬੰਬਾਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਖਾਨ ਯੂਨਿਸ ’ਚ ਇਕ ਰਿਹਾਇਸ਼ੀ ਅਪਾਰਟਮੈਂਟ ’ਤੇ ਹਵਾਈ ਹਮਲਾ ਹੋਇਆ ਜਦਕਿ ਨੁਸਰਤ ਸ਼ਰਨਾਰਥੀ ਕੈਂਪ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਇਹ ਦੋਵੇਂ ਥਾਵਾਂ ਦੱਖਣ ’ਚ ਪੈਂਦੀਆਂ ਹਨ ਜਿਥੇ ਇਜ਼ਰਾਈਲ ਨੇ ਲੋਕਾਂ ਨੂੰ ਜਾਣ ਦੇ ਨਿਰਦੇਸ਼ ਦਿੱਤੇ ਹਨ। ਫਲਸਤੀਨੀ ਰੈੱਡ ਕ੍ਰਿਸੈਂਟ ਮੈਡੀਕਲ ਸੇਵਾ ਮੁਤਾਬਕ ਗਾਜ਼ਾ ਸਿਟੀ ਦੇ ਅਲ-ਕੁਦਸ ਹਸਪਤਾਲ ਨੇੜੇ ਰਾਤ ਨੂੰ ਹਵਾਈ ਹਮਲੇ ਹੋਏ। ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਉਨ੍ਹਾਂ ਗਾਜ਼ਾ ’ਚ ਪਿਛਲੇ 24 ਘੰਟਿਆਂ ਦੌਰਾਨ 320 ਅਤਿਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਟੈਂਕ ਫੁੰਡਣ ਵਾਲੀਆਂ ਪ੍ਰਣਾਲੀਆਂ ਅਤੇ ਹੋਰ ਥਾਵਾਂ ਨੂੰ ਨਿਸ਼ਾਨਾ ਬਣਾਇਆ ਜਨਿ੍ਹਾਂ ਨਾਲ ਇਜ਼ਰਾਇਲੀ ਫ਼ੌਜ ਨੂੰ ਖ਼ਤਰਾ ਖੜ੍ਹਾ ਹੋ ਸਕਦਾ ਸੀ। ਇਜ਼ਰਾਈਲ ਦੇ ਕਬਜ਼ੇ ਵਾਲੇ ਪੱਛਮੀ ਕੰਢੇ ’ਚ ਜਾਲਾਜ਼ੋਨ ਸ਼ਰਨਾਰਥੀ ਕੈਂਪ ’ਚ ਸੋਮਵਾਰ ਤੜਕੇ ਕਾਰਵਾਈ ਦੌਰਾਨ ਦੋ ਫਲਸਤੀਨੀਆਂ ਨੂੰ ਗੋਲੀ ਮਾਰ ਦਿੱਤੀ ਗਈ। ਇਜ਼ਰਾਇਲੀ ਫ਼ੌਜ ਦੇ ਤਰਜਮਾਨ ਰੀਅਰ ਐਡਮਿਰਲ ਡੈਨੀਅਲ ਹਗਾਰੀ ਨੇ ਕਿਹਾ ਕਿ ਉਨ੍ਹਾਂ ਪਿਛਲੇ 24 ਘੰਟਿਆਂ ਦੌਰਾਨ ਲਬਿਨਾਨ ਦੇ ਅੱਠ ਦਹਿਸ਼ਤੀ ਸੈੱਲਾਂ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 20 ਤੋਂ ਵੱਧ ਟਿਕਾਣੇ ਨਸ਼ਟ ਕੀਤੇ ਜਾ ਚੁੱਕੇ ਹਨ। ਹਮਾਸ ਸ਼ਾਸਿਤ ਸਿਹਤ ਮੰਤਰਾਲੇ ਦੇ ਤਰਜਮਾਨ ਅਸ਼ਰਫ਼ ਅਲ-ਸ਼ਿਦਰਾ ਨੇ ਕਿਹਾ ਕਿ ਇਜ਼ਰਾਈਲ ਦੇ ਹਮਲੇ ’ਚ 6 ਹਜ਼ਾਰ ਤੋਂ ਵੱਧ ਫਲਸਤੀਨੀ ਮਾਰੇ ਜਾ ਚੁੱਕੇ ਹਨ ਜਨਿ੍ਹਾਂ ’ਚ 2 ਹਜ਼ਾਰ ਬੱਚੇ ਅਤੇ ਕਰੀਬ 1100 ਔਰਤਾਂ ਸ਼ਾਮਲ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ 24 ਘੰਟਿਆਂ ’ਚ 436 ਫਲਸਤੀਨੀ ਮਾਰੇ ਗਏ ਹਨ। ਖ਼ਬਰ ਏਜੰਸੀ ਦੇ ਪੱਤਰਕਾਰ ਮੁਤਾਬਕ ਰਾਫ਼ਾਹ ’ਚ ਸੰਯੁਕਤ ਰਾਸ਼ਟਰ ਦੇ ਦਫ਼ਤਰ ਤੋਂ 200 ਕੁ ਮੀਟਰ ਦੂਰ ਇਕ ਰਿਹਾਇਸ਼ੀ ਇਮਾਰਤ ’ਤੇ ਹਵਾਈ ਹਮਲਾ ਹੋਇਆ ਜਿਸ ’ਚ ਕਈ ਲੋਕ ਮਾਰੇ ਗਏ ਅਤੇ ਜ਼ਖ਼ਮੀ ਹੋਏ ਹਨ।