ਕਿਸਾਨਾਂ ਨੇ ਕੇਂਦਰ ਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕ ਕੇ ਦਸਹਿਰਾ ਮਨਾਇਆ

ਕਿਸਾਨਾਂ ਨੇ ਕੇਂਦਰ ਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕ ਕੇ ਦਸਹਿਰਾ ਮਨਾਇਆ

ਪਟਿਆਲਾ- ਉੱਤਰੀ ਭਾਰਤ ਦੀਆਂ 18 ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਭਾਰਤੀ ਕਿਸਾਨ ਯੂਨੀਅਨ (ਆਜ਼ਾਦ) ਵੱਲੋ ਅੱਜ ਇਥੇ ਅੱਜ ਇੱਥੇ ਪਸਿਆਣਾ ਪੁਲ ਨੇੜੇ ਕੇਂਦਰ ਤੇ ਕਾਰਪੋਰੇਟ ਘਰਾਣਿਆਂ ਦਾ ਪੁਤਲਾ ਫੂਕ ਕੇ ਦਸਹਿਰਾ ਮਨਾਇਆ। ਇਸ ਦੌਰਾਨ ਜਿੱਥੇ ਕੇਂਦਰ ਸਰਕਾਰ ਨੂੰ ਦਰਸਾਉਂਦਾ ਆਦਮ ਕੱਦ ਪੁਤਲਾ ਬਣਾਇਆ ਗਿਆ, ਉਥੇ ਹੀ ਵੱਖ-ਵੱਖ ਕਾਰਪਰੇਟ ਘਰਾਣਿਆਂ ਦੇ ਮੁਖੀਆਂ ਦੀਆਂ ਤਸਵੀਰਾਂ ਵੀ ਲਾਈਆਂ ਗਈਆਂ। ਜਨਿ੍ਹਾਂ ਨੂੰ ਬਾਅਦ ’ਚ ਦਸਹਿਰੇ ਦੀ ਤਰਜ ’ਤੇ ਅੱਗ ਲਾ ਕੇ ਸਾੜ ਦਿੱਤਾ ਗਿਆ। ਕਿਸਾਨ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਰਾਵਣ ਨਾਲ ਕਰਦਿਆਂ, ਕਾਰਪੋਰੇਟ ਘਰਾਣਿਆਂ ’ਤੇ ਆਧਾਰਤ ਉਸ ਦੇ ਸੰਗੀ ਸਾਥੀ ਕੁੰਭਕਰਨ ਤੇ ਮੇਘ ਨਾਥ ਦੇ ਤੁੱਲ ਦੱਸੇ ਅਤੇ ਕਿਹਾ ਕਿ ਇਹ ਲੋਕ ਅਜਿਹੇ ਹੀ ਵਿਵਹਾਰ ਦੇ ਹੱਕਦਾਰ ਹਨ। ਇਸੇ ਤਰਕ ਤਹਿਤ ਸਮੁੱਚੀ ਲੋਕਾਈ, ਖਾਸ ਕਰ ਕੇ ਕਿਸਾਨ ਭਾਈਚਾਰੇ ਨੂੰ ਦਸਹਿਰੇ ਮੌਕੇ ਇਨ੍ਹਾਂ ਦੇ ਪੁਤਲੇ ਸਾੜਦਿਆਂ ਦਸਹਿਰਾ ਮਨਾਉਣ ਦਾ ਸੱਦਾ ਵੀ ਦਿੱਤਾ। ਇਸ ਮੌਕੇ ਕਿਸਾਨਾਂ ਨੇ ਕੇਂਦਰ ਖ਼ਿਲਾਫ਼ ਰੋਸ ਰੈਲੀ ਕੀਤੀ ਅਤੇ ਨਵਰੰਗ ਮੰਚ ਵੱਲੋ ਨਾਟਕ ਵੀ ਖੇਡਿਆ ਗਿਆ। ਇਸ ਐਕਸ਼ਨ ਦੀ ਅਗਵਾਈ ਰਣਜੀਤ ਸਵਾਜਪੁਰ, ਗੁਰਦੇਵ ਗੱਜੂਮਾਜਰਾ, ਕਰਨੈਲ ਲੰਗ, ਜਰਨੈਲ ਕਾਲੇਕੇ, ਯਾਦਵਿੰਦਰ ਬੁਰਰ, ਸਤਵੰਤ ਵਜੀਦਪੁਰ, ਬਲਕਾਰ ਤਰੌੜਾ, ਵਿਕਰਮਜੀਤ ਅਰਨੋਂ, ਕੁਲਦੀਪ ਬਰਾਸ, ਸ਼ਿਵ ਰਤਨ, ਭਗਵੰਤ ਸਮਾਣਾ, ਚਮਕੌਰ ਘਨੁੜਕੀ, ਸੂਬੇਦਾਰ ਜੋਗਿੰਦਰ ਸਿੰਘ ਤੇ ਹੋਰਾਂ ਨੇ ਕੀਤੀ। ਕਿਸਾਨਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਰਣਜੀਤ ਸਵਾਜਪੁਰ ਅਤੇ ਹੋਰ ਕਿਸਾਨ ਆਗੂਆਂ ਨੇ ਸਾਰੀਆਂ ਫਸਲਾਂ ਦੀ ਐੱਮਐੱਸਪੀ ਗਾਰੰਟੀ ਕਨੂੰਨ ਬਣਾਉਣ ਅਤੇ ਰੇਟ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ 32+50 ਫੀਸਦੀ ਦੇ ਫਾਰਮੂਲੇ ਨਾਲ ਦੇਣ ਦੀ ਮੰਗ ਕੀਤੀ।

ਸੰਗਰੂਰ (ਗੁਰਦੀਪ ਸਿੰਘ ਲਾਲੀ): ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਵੱਲੋਂ ਕਾਰਜਕਾਰੀ ਜ਼ਿਲ੍ਹਾ ਆਗੂਆਂ ਦੀ ਅਗਵਾਈ ਹੇਠ ਨੇੜਲੇ ਪਿੰਡ ਬਡਰੁੱਖਾਂ ਵਿੱਚ ਕੌਮੀ ਹਾਈਵੇਅ ’ਤੇ ਸਥਿਤ ਖੇਡ ਸਟੇਡੀਅਮ ’ਚ ਸੈਂਕੜੇ ਕਿਸਾਨ-ਮਜ਼ਦੂਰਾਂ ਅਤੇ ਔਰਤਾਂ ਵਲੋਂ ਕੇਂਦਰ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੇ ਵੱਡ ਅਕਾਰੀ ਪੁਤਲੇ ਸਾੜਦਿਆਂ ‘‘ਕਿਸਾਨ-ਮਜ਼ਦੂਰ ਦਸਹਿਰਾ ਦਿਵਸ ’’ ਮਨਾਇਆ ਗਿਆ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪਿੰਡ ਬਡਰੁੱਖਾਂ ਦੇ ਖੇਡ ਸਟੇਡੀਅਮ ਅੰਦਰ ਵੱਖ-ਵੱਖ ਪਿੰਡਾਂ ’ਚੋਂ ਕਿਸਾਨ, ਮਜ਼ਦੂਰ, ਨੌਜਵਾਨ ਅਤੇ ਔਰਤਾਂ ਨੇ ਇਕੱਠੇ ਹੋ ਕੇ ਕੇਂਦਰ ਅਤੇ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ, ਜਿਸ ਮਗਰੋਂ ਕਰੀਬ 15 ਫੁੱਟ ਉਚੇ ਵੱਡ ਅਕਾਰੀ ਪੁਤਲੇ ਨੂੰ ਅਗਨ ਭੇਟ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਕਾਰਜਕਾਰੀ ਸੂਬਾਈ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਮਹਿਲਾ ਆਗੂ ਬਲਜੀਤ ਕੌਰ ਕਿਲਾ ਭਰੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਹੱਕੀ ਅਤੇ ਵਾਜਬ ਮੰਗਾਂ ਮੰਨਣ ਤੋ ਪਾਸਾ ਵੱਟ ਕੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਿਆ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਮੰਡੀਆਂ ਅੰਦਰ ਬਾਇਓਮੈਟਰਿਕ ਸਕੀਮ ਤੁਰੰਤ ਵਾਪਸ ਲਏ ਤੇ ਝੋਨੇ ਦੀ ਖ਼ਰੀਦ ਲਈ ਲੋੜੀਂਦੇ ਸਾਰੇ ਪੁਖ਼ਤਾ ਪ੍ਰਬੰਧ ਕਰ ਕੇ ਨਿਰਵਿਘਨ ਖਰੀਦ ਬਹਾਲ ਕਰੇ। ਇਸ ਮੌਕੇ ਦਰਬਾਰਾ ਲੋਹਾਖੇੜਾ, ਸੁਖਦੇਵ ਲੌਂਗੋਵਾਲ, ਗੁਰਦੀਪ ਮੰਡੇਰ ਖੁਰਦ, ਜੰਗੀਰ ਉਭਾਵਾਲ, ਧੰਨਾ ਦਿਆਲਗੜ੍ਹ, ਸਤਿਗੁਰੂ ਨਮੋਲ ਆਦਿ ਵੀ ਹਾਜ਼ਰ ਸਨ।