ਮਾਂ-ਪੁੱਤ ਦੀ ਕਲਕੱਤੇ ’ਚ ਮੁਲਾਕਾਤ, ਦਲੀਪ ਸਿੰਘ ਤੱਕ ਰਾਣੀ ਜਿੰਦਾਂ ਦੀ ਕੋਈ ਖ਼ਬਰ ਨਹੀਂ ਸੀ ਪਹੁੰਚਣ ਦਿੱਤੀ ਜਾਂਦੀ

ਮਾਂ-ਪੁੱਤ ਦੀ ਕਲਕੱਤੇ ’ਚ ਮੁਲਾਕਾਤ, ਦਲੀਪ ਸਿੰਘ ਤੱਕ ਰਾਣੀ ਜਿੰਦਾਂ ਦੀ ਕੋਈ ਖ਼ਬਰ ਨਹੀਂ ਸੀ ਪਹੁੰਚਣ ਦਿੱਤੀ ਜਾਂਦੀ

162 ਸਾਲ ਪੁਰਾਣੀ ਗੱਲ ਹੈ। ਸੰਨ 1861 ਦਾ ਉਹ ਦਿਨ ਜਦ ਇਕ ਦਹਾਕੇ ਤੋਂ ਵੱਧ ਸਮੇਂ ਬਾਅਦ ਇਕ 22 ਸਾਲ ਦੇ ਵਿਛੜੇ ਪੁੱਤਰ ਨੂੰ ਆਪਣੀ ਮਾਂ ਨਾਲ ਮਿਲਣ ਦਾ ਮੌਕਾ ਮਿਲਿਆ। ਇਹ ਮੁਲਾਕਾਤ ਕਲਕੱਤਾ ਵਿਚ ਹੋਈ। ਪੁੱਤਰ ਨੂੰ ਆਪਣੀ ਮਾਂ ਤੋਂ ਸਾਲ 1849 ਤੋਂ ਬਾਅਦ ਇਸ ਦਿਨ ਤੱਕ ਵੱਖ ਕਰ ਦਿੱਤਾ ਗਿਆ ਸੀ। ਜਦੋਂ ਉਹ ਅਜੇ 10 ਸਾਲਾਂ ਦਾ ਸੀ।

ਪੁੱਤਰ ਨੂੰ ਮਾਂ ਨਾਲੋਂ ਹੀ ਨਹੀਂ ਸਗੋਂ ਉਸ ਦੇ ਅਮੀਰ ਵਿਰਸੇ ਤੇ ਵਿਰਾਸਤ ਤੋਂ ਦੂਰ ਰੱਖਣ ਲਈ ਕੋਝੀਆਂ ਸਾਜ਼ਿਸ਼ਾਂ ਰਚੀਆਂ ਗਈਆਂ ਸਨ। ਅਜਿਹਾ ਵਰਤਾਰਾ ਦੁਨੀਆ ਦੇ ਇਤਿਹਾਸ ਵਿਚ ਕਿਧਰੇ ਨਜ਼ਰ ਨਹੀਂ ਆਉਂਦਾ।
ਮੁਲਾਕਾਤ ਲਈ ਪੰਜਾਬ ਤੋਂ ਦੂਰ ਥਾਂ ਦੀ ਚੋਣ ਕੀਤੀ ਗਈ। ਕਲਕੱਤਾ ਦਾ ਸਪੈਂਸ ਹੋਟਲ ਜਿੱਥੇ ਮੁਲਾਕਾਤ ਹੋਈ। ਇਹ ਹੋਟਲ ਦੁਨੀਆ ਦੇ ਸਭ ਤੋਂ ਵਧੀਆ ਹੋਟਲਾਂ ਵਿੱਚੋਂ ਇਕ ਸੀ ਅਤੇ ਇੱਥੇ ਹੀ ਮਹਾਰਾਜਾ

ਦਲੀਪ ਸਿੰਘ, ਬਿ੍ਰਟਿਸ਼ ਰਾਜ ਦੇ ਨੁਮਾਇੰਦਿਆਂ ਦੀ ਨਿਗਰਾਨੀ ਹੇਠ 16 ਜਨਵਰੀ 1861 ਨੂੰ ਆਪਣੀ ਮਾਂ ਮਹਾਰਾਣੀ ਜਿੰਦਾਂ ਦੀ ਉਡੀਕ ਕਰ ਰਿਹਾ ਸੀ।

ਤ੍ਰਾਸਦੀ ਇਹ ਸੀ ਕਿ ਮਹਾਰਾਣੀ ਜਿੰਦਾਂ ਦੀ ਸਿਹਤ ਬਹੁਤ ਹੀ ਖ਼ਰਾਬ ਹੋ ਚੁੱਕੀ ਸੀ ਅਤੇ ਅੱਖਾਂ ਤੋਂ ਦਿਸਣਾ ਬੰਦ ਹੋ ਚੁੱਕਾ ਸੀ। ਬਿ੍ਰਟਿਸ਼ ਸਰਕਾਰ ਨੇ ਵੀ ਮਾਂ-ਪੁੱਤ ਨੂੰ ਮਿਲਣ ਦੀ ਇਜਾਜ਼ਤ ਉਸ ਵਕਤ ਦਿੱਤੀ ਜਦ ਉਸ ਨੂੰ ਇਹ ਵਿਸ਼ਵਾਸ ਹੋ ਗਿਆ ਸੀ ਕਿ ਮਹਾਰਾਣੀ ਜਿੰਦਾਂ ਤੋਂ ਉਨ੍ਹਾਂ ਦੇ ਰਾਜ ਨੂੰ ਹੁਣ ਕੋਈ ਖ਼ਤਰਾ ਨਹੀਂ। ਇਸ ਤੋਂ ਪਹਿਲਾਂ ਦਲੀਪ ਸਿੰਘ ਤੱਕ ਰਾਣੀ ਜਿੰਦਾਂ ਦੀ ਕੋਈ ਖ਼ਬਰ ਨਹੀਂ ਸੀ ਪਹੁੰਚਣ ਦਿੱਤੀ ਜਾਂਦੀ। ਮਾਂ ਪੁੱਤ ਵੱਲੋਂ ਇਕ-ਦੂਜੇ ਨੂੰ ਚਿੱਠੀਆਂ ਲਿਖੀਆਂ ਜਾਂਦੀਆਂ ਸਨ ਜੋ ਰਸਤੇ ਵਿਚ ਹੀ ਰੋਕ ਦਿੱਤੀਆਂ ਜਾਂਦੀਆਂ ਸਨ।

ਲੋਕ-ਕਥਾਵਾਂ ਅਨੁਸਾਰ ਜਦੋਂ ਰਾਣੀ ਨੂੰ ਦਲੀਪ ਸਿੰਘ ਨੂੰ ਦੇਖਣ ਲਈ ਲਿਆਂਦਾ ਗਿਆ ਤਾਂ ਮਾਂ ਨੇ ਇਕ ਸ਼ਬਦ ਵੀ ਨਹੀਂ ਕਿਹਾ ਸਗੋਂ ਪੁੱਤਰ ਨੂੰ ਆਪਣੇ ਹੱਥਾਂ ਨਾਲ ਸਰੀਰ ਤੋਂ ਮੂੰਹ ਤੱਕ ਟੋਹਣ ਲੱਗੀ। ਜਦੋਂ ਜਿੰਦਾਂ ਨੇ ਦਲੀਪ ਦੇ ਸਿਰ ਦੇ ਵਾਲਾਂ ’ਚ ਹੱਥ ਮਾਰਿਆ ਤਾਂ ਉਸ ਦੀ ਧਾਹ ਨਿਕਲ ਗਈ ਜੋ ਲੰਬੇ ਸਮੇਂ ਤੋਂ ਮਾਂ ਆਪਣੇ ਅੰਦਰ ਦਬਾਈ ਬੈਠੀ ਸੀ। ਜਿੰਦਾਂ ਨੇ ਆਪਣੇ ਪੁੱਤਰ ’ਤੇ ਗੁੱਸਾ ਜ਼ਾਹਰ ਕੀਤਾ। ਅਮੀਰ ਸਿੱਖ ਇਤਿਹਾਸ ਦੇ ਹਵਾਲੇ ਦਿੱਤੇ। ਉਸ ਦੀ ਆਤਮਾ ਨੂੰ ਝੰਜੋੜਿਆ। ਹਾਲਾਂਕਿ ਉਹ ਜਾਣਦੀ ਸੀ ਕਿ ਅੰਗਰੇਜ਼ਾਂ ਨੇ ਉਸ ਦਾ ਰਾਜ ਅਤੇ ਉਸ ਦਾ ਕੋਹਿਨੂਰ ਖੋਹ ਲਿਆ ਹੈ। ਉਸ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਅੰਗਰੇਜ਼ ਉਨ੍ਹਾਂ ਦਾ ਧਰਮ ਵੀ ਖੋਹ ਲੈਣਗੇ।
ਆਪਣੇ-ਆਪ ਨੂੰ ਸੰਭਾਲਦੇ ਹੋਏ ਮਾਂ ਜਿੰਦਾਂ ਨੇ ਉੱਥੇ ਮੌਜੂਦ ਬਿ੍ਰਟਿਸ਼ ਅਧਿਕਾਰੀਆਂ ਨੂੰ ਕਿਹਾ ਕਿ ਉਹ ਹੁਣ ਕਦੇ ਵੀ ਆਪਣੇ ਪੁੱਤਰ ਤੋਂ ਵੱਖ ਨਹੀਂ ਹੋਣਾ ਚਾਹੁੰਦੀ ਅਤੇ ਉਹ ਉਸ ਦੇ ਨਾਲ ਇੰਗਲੈਂਡ ਜਾਣਾ ਚਾਹੁੰਦੀ ਹੈ।

ਦਲੀਪ ਸਿੰਘ ਨੇ ਵੀ ਆਪਣੀ ਮਾਂ ਦੀ ਇੱਛਾ ਇਕ ਚਿੱਠੀ ਰਾਹੀਂ ਬਿ੍ਰਟਿਸ਼ ਰਾਜ ਦਰਬਾਰ ਨੂੰ ਲਿਖੀ।ਪਰ ਹੈਰਾਨੀ ਵਾਲੀ ਗੱਲ ਇਹ ਸੀ ਕਿ ਸਰਕਾਰ ਨੇ ਇਹ ਅਰਜ਼ ਮੰਨ ਲਈ ਸੀ ਤੇ ਪੁੱਤ ਦਲੀਪ ਨੂੰ ਆਪਣੀ ਮਾਂ ਜਿੰਦਾਂ ਨੂੰ ਨਾਲ ਲੈ ਕੇ ਜਾਣ ਦੀ ਮਨਜ਼ੂਰੀ ਦੇ ਦਿੱਤੀ ਸੀ। ਬਿ੍ਰਟਿਸ਼ ਰਾਜ

ਜਿੰਦਾਂ ਦੇ ਹਰ ਕਦਮ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦਾ ਸੀ ਪਰ ਹੁਣ ਉਸ ਨੂੰ ਪੂਰਾ ਯਕੀਨ ਸੀ ਕਿ ਜਿੰਦਾਂ ਉਸ ਦਾ ਕੁਝ ਨਹੀਂ ਵਿਗਾੜ ਸਕਦੀ। ਮਹਾਰਾਣੀ ਜਿੰਦਾਂ ਦਾ ਇੰਗਲੈਂਡ ਜਾਣਾ ਬਿ੍ਰਟਿਸ਼ ਹਕੂਮਤ ਦੇ ਦੋ ਰਾਹ ਸੌਖੇ ਕਰਦਾ ਸੀ। ਇਕ ਇਹ ਕਿ ਉਹ ਉਸ ਨੂੰ ਭਾਰਤ ’ਚੋਂ ਕੱਢ ਰਹੀ ਸੀ ਤੇ ਦੂਜਾ ਉਹ ਉਸ ਦੀ ਨਿਗਰਾਨੀ ਹੇਠ ਰਹੇਗੀ।

ਸਿੱਖ ਰੈਜੀਮੈਂਟ ਦੀਆਂ ਟੁਕੜੀਆਂ ਦੂਜੀ ਓਪੀਅਮ ਜੰਗ ਤੋਂ ਕਲਕੱਤੇ ਦੇ ਹੁਗਲੀ ਦਰਿਆ ’ਤੇ ਸਮੁੰਦਰੀ ਜਹਾਜ਼ ਰਾਹੀਂ ਵਾਪਸ ਪਰਤ ਰਹੀਆਂ ਸਨ। ਅਫ਼ਵਾਹਾਂ ਫੈਲ ਗਈਆਂ ਕਿ ਉਨ੍ਹਾਂ ਦਾ ਗਵਾਚਿਆ ਹੋਇਆ ਮਹਾਰਾਜਾ ਦਲੀਪ ਸਿੰਘ ਭਾਰਤ ਵਾਪਸ ਆ ਗਿਆ ਹੈ ਅਤੇ ਮਹਾਰਾਣੀ ਜਿੰਦਾਂ ਨਾਲ ਕਲਕੱਤੇ ਵਿਚ ਹੈ। ਕੁਝ ਹੀ ਸਮੇਂ ਵਿਚ ਸੈਂਕੜੇ ਥੱਕੇ ਹੋਏ ਭਾਵੁਕ ਸਿੱਖ ਸਿਪਾਹੀ ਸਪੈਂਸ ਹੋਟਲ ਦੇ ਆਲੇ-ਦੁਆਲੇ ਇਕੱਠੇ ਹੋ ਗਏ। ਉਨ੍ਹਾਂ ਨੇ ਹੋਟਲ ਦੇ ਅੱਗੇ ਖੜ੍ਹ ਕੇ ਆਪਣੇ ਮਹਾਰਾਜੇ ਦੇ ਸਨਮਾਨ ਵਜੋਂ ‘ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’”ਦੇ ਨਾਅਰੇ ਲਾਉਣੇ

ਸ਼ੁਰੂ ਕਰ ਦਿੱਤੇ। ਆਸਾ-ਪਾਸਾ ਇਨ੍ਹਾਂ ਨਾਅਰਿਆਂ ਨਾਲ ਗੂੰਜਣ ਲੱਗਾ। ਇਹ ਦੇਖ ਕੇ ਬਿ੍ਰਟਿਸ਼ ਰਾਜ ਦੇ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਅੰਗਰੇਜ਼ਾਂ ਨੇ ਅਗਲੇ ਹੀ ਜਹਾਜ਼ ’ਤੇ ਦਲੀਪ ਸਿੰਘ ਅਤੇ ਰਾਣੀ ਜਿੰਦਾਂ ਨੂੰ ਇੰਗਲੈਂਡ ਲਈ ਰਵਾਨਾ ਕਰ ਦਿੱਤਾ।

ਸਮੇਂ ਦੇ ਰੰਗ ਦੇਖੋ ਮਾਂ (ਮਹਾਰਾਣੀ ਜਿੰਦਾਂ) ਨੂੰ ਆਪਣੇ ਪੁੱਤ ਲਈ ਉਸ ਦੇਸ਼ (ਬਰਤਾਨੀਆ) ਵਿਚ ਜਾ ਕੇ ਰਹਿਣ ਦਾ ਵੀ ਕੌੜਾ ਘੁੱਟ ਭਰਨਾ ਪਿਆ ਜਿਸ ਦੇਸ਼ ਨਾਲ ਉਸ ਨੂੰ ਸਖ਼ਤ ਨਫ਼ਰਤ ਸੀ, ਜਿਸ ਦੇਸ਼ ਨੇ ਉਨ੍ਹਾਂ ਦਾ ਸਭ ਕੁਝ ਖੋਹ ਲਿਆ ਸੀ, ਜਿਸ ਬਿ੍ਰਟਿਸ਼ ਰਾਜ ਨੇ ਉਨ੍ਹਾਂ ਦੇ ਪਰਿਵਾਰ ਅਤੇ ਰਾਜ ਨੂੰ ਤਬਾਹ ਕਰ ਦਿੱਤਾ ਸੀ। ਰਾਣੀ ਜਿੰਦਾਂ ਨੂੰ ਇਹ ਵੀ ਪਤਾ ਸੀ ਕਿ ਉਹ ਆਪਣੇ ਦੇਸ਼ ਅਤੇ ਪੰਜਾਬ ਹੁਣ ਕਦੇ ਵੀ ਪਰਤ ਨਹੀਂ ਸਕਦੀ। ਉਹ ਆਪਣੇ ਵਤਨ ਨੂੰ ਸਦਾ ਲਈ ਅਲਵਿਦਾ ਕਹਿ ਰਹੀ ਸੀ।

ਇਕ ਅਗਸਤ 1863 ਦੀ ਸਵੇਰ ਨੂੰ ਮਹਾਰਾਣੀ ਜਿੰਦ ਕੌਰ ਦੀ ਅਬਿੰਗਡਨ ਹਾਊਸ, ਕੇਨਸਿੰਗਟਨ ਵਿਖੇ ਮੌਤ ਹੋ ਗਈ। ਸੰਨ 1885 ਤੋਂ ਪਹਿਲਾਂ ਗ੍ਰੇਟ ਬਿ੍ਰਟੇਨ ਵਿਚ ਸਸਕਾਰ ਗ਼ੈਰ-ਕਾਨੂੰਨੀ ਸੀ ਅਤੇ ਦਲੀਪ ਸਿੰਘ ਨੂੰ ਆਪਣੀ ਮਾਂ ਦੀ ਦੇਹ ਨੂੰ ਪੰਜਾਬ ਲਿਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ।

ਦੇਹ ਨੂੰ ਕੇਨਸਲ ਗ੍ਰੀਨ ਕਬਰਸਤਾਨ ਵਿਚ ਕੁਝ ਦਿਨਾਂ ਲਈ ਰੱਖਿਆ ਗਿਆ। ਸੰਨ 1864 ਦੀ ਬਸੰਤ ਵਿਚ ਮਹਾਰਾਜੇ ਨੇ ਦੇਹ ਨੂੰ ਭਾਰਤ ਵਿਚ ਬੰਬਈ ਲਿਜਾਣ ਦੀ ਇਜਾਜ਼ਤ ਲਈ ਜਿੱਥੇ ਉਨ੍ਹਾਂ ਨੇ ਆਪਣੀ ਮਾਂ ਦਾ ਸਸਕਾਰ ਕੀਤਾ ਅਤੇ ਗੋਦਾਵਰੀ ਨਦੀ ਦੇ ਪੰਚਵਟੀ ਵਾਲੇ ਪਾਸੇ ਦਲੀਪ ਸਿੰਘ ਨੇ ਆਪਣੀ ਮਾਤਾ ਦੀ ਯਾਦ ਵਿਚ ਇਕ ਛੋਟੀ ਸਮਾਧ ਬਣਾਈ ਸੀ। ਜਿੰਦ ਕੌਰ ਦੀ ਲਾਹੌਰ ਵਿਚ ਸਸਕਾਰ ਕਰਨ ਦੀ ਇੱਛਾ ਬਿ੍ਰਟਿਸ਼ ਅਧਿਕਾਰੀਆਂ ਨੇ ਪੂਰੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਹਰਜੋਤ ਸਿੰਘ ਸਿੱਧੂ