ਬੇਅਦਬੀ ਮਾਮਲਾ: ਪਿੰਡ ਮੋਹਲਗੜ੍ਹ ਦੀ ਸੰਗਤ ਨੂੰ ਤਨਖ਼ਾਹ ਲਾਈ

ਬੇਅਦਬੀ ਮਾਮਲਾ: ਪਿੰਡ ਮੋਹਲਗੜ੍ਹ ਦੀ ਸੰਗਤ ਨੂੰ ਤਨਖ਼ਾਹ ਲਾਈ

ਅੰਮ੍ਰਿਤਸਰ- ਜ਼ਿਲ੍ਹਾ ਪਟਿਆਲਾ ਦੇ ਪਿੰਡ ਮੋਹਲਗੜ੍ਹ ਦੇ ਗੁਰਦੁਆਰੇ ਵਿੱਚ 19 ਅਕਤੂਬਰ ਨੂੰ ਵਾਪਰੀ ਬੇਅਦਬੀ ਦੀ ਘਟਨਾ ਦੇ ਸਬੰਧ ਵਿੱਚ ਅੱਜ ਸ੍ਰੀ ਅਕਾਲ ਤਖ਼ਤ ਦੇ ਪੰਜ ਪਿਆਰਿਆਂ ਵੱਲੋਂ ਪਿੰਡ ਦੀ ਸਮੁੱਚੀ ਸੰਗਤ ਨੂੰ ਇਸ ਘਟਨਾ ਲਈ ਖਿਮਾਯਾਚਨਾ ਕਰਨ ’ਤੇ ਤਨਖ਼ਾਹ ਲਾਈ ਗਈ। ਮੋਹਲਗੜ੍ਹ ਵਾਸੀ ਅੱਜ ਇੱਥੇ ਸ੍ਰੀ ਅਕਾਲ ਤਖ਼ਤ ’ਤੇ ਭੁੱਲ ਬਖਸ਼ਾਉਣ ਆਏ ਸਨ। ਸ੍ਰੀ ਅਕਾਲ ਤਖ਼ਤ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੇ ਦੱਸਿਆ ਕਿ ਪੰਜ ਪਿਆਰਿਆਂ ਵੱਲੋਂ ਪਿੰਡ ਵਾਸੀਆਂ ਨੂੰ ਤਨਖ਼ਾਹ ਲਾਈ ਗਈ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਪਟਿਆਲਾ ਵਿੱਚ ਲਗਾਤਾਰ ਪੰਜ ਦਿਨ ਉੱਥੇ ਤਿੰਨ ਘੰਟੇ ਸੇਵਾ ਨਿਭਾਉਣਗੇ। ਇਸ ਤਹਿਤ ਉਹ ਸੰਗਤ ਦੇ ਜੂਠੇ ਬਰਤਨ ਸਾਫ਼ ਕਰਨਗੇ, ਸੰਗਤ ਦੇ ਜੋੜੇ ਝਾੜਨਗੇ ਅਤੇ ਗੁਰੂ ਘਰ ਵਿੱਚ ਝਾੜੂ ਲਾ ਕੇ ਸਫ਼ਾਈ ਕਰਨਗੇ। ਅੱਜ ਇੱਥੇ ਪੁੱਜੇ ਪਿੰਡ ਵਾਸੀਆਂ ਵਿੱਚ ਸਾਬਕਾ ਸਰਪੰਚ ਸ਼ਾਮ ਸਿੰਘ, ਜਸਵਿੰਦਰ ਸਿੰਘ ਅਤੇ ਸਹਿਜਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਦੀ ਸਮੁੱਚੀ ਸੰਗਤ ਲਾਈ ਤਨਖ਼ਾਹ ਸਿਰ ਮੱਥੇ ਪ੍ਰਵਾਨ ਕਰਦੀ ਹੈ ਅਤੇ ਉਸ ਨੂੰ ਪੂਰਾ ਕਰੇਗੀ।