ਯੂਕਰੇਨ ’ਚ ਰੂਸੀ ਰਾਕੇਟ ਹਮਲਿਆਂ ਵਿਚ ਛੇ ਮੌਤਾਂ

ਯੂਕਰੇਨ ’ਚ ਰੂਸੀ ਰਾਕੇਟ ਹਮਲਿਆਂ ਵਿਚ ਛੇ ਮੌਤਾਂ

ਯੂਕਰੇਨੀ ਸੈਨਾ ਮੁਤਾਬਕ ਰੂਸ ਨੇ ਵੱਡੇ ਪੱਧਰ ’ਤੇ ਕੀਤੀ ਬੰਬਾਰੀ
ਕੀਵ- ਯੂਕਰੇਨ ਦੇ ਖਾਰਕੀਵ ਸ਼ਹਿਰ ’ਚ ਰੂਸ ਵੱਲੋਂ ਡਾਕ ਡਿਪੂ ਉਤੇ ਕੀਤੇ ਮਿਜ਼ਾਈਲ ਹਮਲੇ ’ਚ ਛੇ ਜਣੇ ਮਾਰੇ ਗਏ ਹਨ। ਇਸ ਤੋਂ ਇਲਾਵਾ 16 ਹੋਰ ਫੱਟੜ ਵੀ ਹੋਏ ਹਨ। ਸ਼ਨਿਚਰਵਾਰ ਦੇਰ ਰਾਤ ਹੋਏ ਧਮਾਕੇ ਵਿਚ ਕਾਫ਼ੀ ਨੁਕਸਾਨ ਹੋਣ ਦੀ ਸੂਚਨਾ ਹੈ। ਮੰਨਿਆ ਜਾ ਰਿਹਾ ਹੈ ਕਿ ਰੂਸ ਨੇ ਹਮਲੇ ਲਈ ਐੱਸ-300 ਰਾਕੇਟ ਵਰਤਿਆ ਹੈ। ਮ੍ਰਿਤਕ ਯੂਕਰੇਨ ਦੀ ਪ੍ਰਾਈਵੇਟ ਡਾਕ ਤੇ ਕੋਰੀਅਰ ਸੇਵਾ ਦੇ ਮੁਲਾਜ਼ਮ ਸਨ। ਇਕ ਬਿਆਨ ਵਿਚ ਕੰਪਨੀ ਨੇ ਕਿਹਾ ਕਿ ਏਅਰ ਰੇਡ ਸਾਇਰਨ ਹਮਲੇ ਤੋਂ ਬਿਲਕੁਲ ਪਹਿਲਾਂ ਵੱਜਿਆ, ਜਿਸ ਕਾਰਨ ਜਿਹੜੇ ਡਾਕ ਡਿਪੂ ਦੇ ਅੰਦਰ ਸਨ, ਉਨ੍ਹਾਂ ਨੂੰ ਬਚਣ ਦਾ ਮੌਕਾ ਨਹੀਂ ਮਿਲ ਸਕਿਆ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਇਸ ਹਮਲੇ ਨੂੰ ਆਮ ਨਾਗਰਿਕਾਂ ਉਤੇ ਹਮਲਾ ਕਰਾਰ ਦਿੱਤਾ ਹੈ। ਜ਼ੇਲੈਂਸਕੀ ਨੇ ਕਿਹਾ ਕਿ ਯੂਕਰੇਨ ਨੂੰ ਹਰ ਰੋਜ਼ ਰੂਸੀ ਅਤਿਵਾਦ ਦਾ ਜਵਾਬ ਦੇਣ ਦੀ ਲੋੜ ਹੈ, ਤੇ ਇਸ ਦਹਿਸ਼ਤ ਨਾਲ ਨਜਿੱਠਣ ਲਈ ਸਾਨੂੰ ਆਲਮੀ ਏਕੇ ਦੀ ਵੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਰੂਸ ਨੂੰ ਇਸ ਅਤਿਵਾਦ ਤੇ ਕਤਲੇਆਮ ਤੋਂ ਕੁਝ ਵੀ ਹਾਸਲ ਨਹੀਂ ਹੋਵੇਗਾ, ਸਾਰੇ ਅਤਿਵਾਦੀਆਂ ਦਾ ਇਕੋ ਹਸ਼ਰ ਹੁੰਦਾ ਹੈ। ਖਾਰਕੀਵ ਦੇ ਕੁਪੀਆਂਸਕ ਸ਼ਹਿਰ ’ਤੇ ਹੋਈ ਰੂਸੀ ਗੋਲੀਬਾਰੀ ’ਚ ਵੀ ਤਿੰਨ ਲੋਕ ਫੱਟੜ ਹੋਏ ਹਨ। ਦੱਖਣੀ ਯੂਕਰੇਨ ’ਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੂਸੀ ਫੌਜ ਨੇ ਪਿਛਲੇ 24 ਘੰਟਿਆਂ ’ਚ ਖੇਰਸਾਨ ਖੇਤਰ ਵਿਚ ਰਿਕਾਰਡ ਗਿਣਤੀ ’ਚ ਏਰੀਅਲ ਬੰਬ ਸੁੱਟੇ ਹਨ। ਯੂਕਰੇਨੀ ਸੈਨਾ ਮੁਤਾਬਕ ਇਲਾਕੇ ਵਿਚ 36 ਮਿਜ਼ਾਈਲ ਹਮਲੇ ਦਰਜ ਕੀਤੇ ਗਏ ਹਨ। ਮਿਜ਼ਾਈਲਾਂ ਇਲਾਕੇ ਦੇ ਪਿੰਡਾਂ ਵਿਚ ਡਿੱਗੀਆਂ ਹਨ।