ਹੈਂਡਬਾਲ: ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀ ਝੰਡੀ

ਹੈਂਡਬਾਲ: ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀ ਝੰਡੀ

ਕਾਲਕਾ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਖੇਡਾਂ ’ਚ ਵੀ ਮੱਲਾਂ ਮਾਰਨ ਲਈ ਪ੍ਰੇਰਿਆ
ਨਵੀਂ ਦਿੱਲੀ- ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸ਼ਾਹਦਰਾ ਦੇ ਬਾਬਾ ਬਘੇਲ ਸਿੰਘ ਸਟੇਡੀਅਮ ਵਿੱਚ ਤਿੰਨ ਰੋਜ਼ਾ ਅੰਤਰ ਸਕੂਲ ਬਾਲਾ ਪ੍ਰੀਤਮ ‘ਹੈਂਡਬਾਲ ਟੂਰਨਾਮੈਂਟ’ ਕਰਵਾਇਆ ਗਿਆ। ਟੂਰਨਾਮੈਂਟ ਦੇ ਆਖਰੀ ਦਿਨ ਮੁੱਖ ਮਹਿਮਾਨ ਵਜੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਦਿੱਲੀ ਕਮੇਟੀ ਦੇ ਸਕੱਤਰ ਜਸਮੇਨ ਸਿੰਘ ਨੋਨੀ ਨੇ ਹਾਜ਼ਰੀ ਭਰੀ। ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਪਰਵਿੰਦਰ ਸਿੰਘ ਲੱਕੀ, ਸੀਨੀਅਰ ਵਾਈਸ ਚੇਅਰਮੈਨ ਦਲਵਿੰਦਰ ਸਿੰਘ ਅਤੇ ਪ੍ਰਿੰਸੀਪਲ ਕਮ ਮੈਨੇਜਰ ਸਤਬਿੀਰ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਦੌਰਾਨ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਸ਼ਾਹਦਰਾ ਦੇ ਮੰੰਡਿਆਂ ਦੀ ਟੀਮ ਪਹਿਲੇ ਸਥਾਨ ’ਤੇ ਅਤੇ ਕੁੜੀਆਂ ਦੀ ਟੀਮ ਦੂਜੇ ਸਥਾਨ ’ਤੇ ਰਹੀ। ਇਸੇ ਤਰ੍ਹਾਂ ਨਾਲ ਨਾਨਕ ਪਿਆਉ ਬ੍ਰਾਂਚ ਦੀ ਮੁੰਡਿਆਂ ਦੀ ਟੀਮ ਦੂਜੇ ਸਥਾਨ ’ਤੇ ਅਤੇ ਕੁੜੀਆਂ ਦੀ ਟੀਮ ਪਹਿਲੇ ਸਥਾਨ ’ਤੇ ਰਹੀ। ਪਰਵਿੰਦਰ ਸਿੰਘ ਲੱਕੀ ਨੇ ਖਿਡਾਰੀਆਂ ਨੂੰ ਕਿਹਾ ਕਿ ਉਹ ਬਾਹਰਲੇ ਮੁਲਕਾਂ ਵਿਚ ਜਾਣ ਦੀ ਬਜਾਏ ਖੇਡਾਂ ਨੂੰ ਅਪਨਾ ਕੇ ਜਿੱਥੇ ਆਪਣਾ ਕਰੀਅਰ ਬਣਾਉਣ ਲਈ ਅੱਗੇ ਆਉਣ ਉਥੇ ਹੀ ਦੇਸ਼ ਅਤੇ ਕੌਮ ਦਾ ਨਾਂ ਵੀ ਰੌਸ਼ਨ ਕਰਨ। ਇਸ ਮੌਕੇ ਹਰਮੀਤ ਸਿੰਘ ਕਾਲਕਾ ਨੇ ਹੈਂਡਬਾਲ ਟੂਰਨਮੈਂਟ ਵਿਚ ਜਿੱਥੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਉਥੇ ਹੀ ਉਮੀਦ ਜ਼ਾਹਿਰ ਕੀਤੀ ਕਿ ਆਉਣ ਵਾਲੇ ਸਮੇਂ ਵਿਚ ਇਹ ਵਿਦਿਆਰਥੀ ਨੈਸ਼ਨਲ ਪੱਧਰ ਦੀਆਂ ਟੀਮਾਂ ਵਿਚ ਵੀ ਆਪਣੀ ਥਾਂ ਜ਼ਰੂਰ ਬਣਾਉਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਦਿੱਲੀ ਕਮੇਟੀ ਵੱਲੋਂ ਸਕੂਲ ਪੱਧਰ ’ਤੇ ਕਰਾਏ ਜਾਂਦੇ ਇਹੋ ਜਿਹੇ ਪ੍ਰੋਗਰਾਮਾਂ ਨੂੰ ਆਉਣ ਵਾਲੇ ਸਮੇਂ ਵਿਚ ਵੀ ਜਾਰੀ ਰੱਖਣ ਦੀ ਆਪਣੀ ਵਚਨਬੱਧਤਾ ਦੁਹਰਾਈ ਤੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਖੇਡਾਂ ਨੂੰ ਅਪਣਾਉਣ ਲਈ ਕਿਹਾ।

ਇਸ ਮੌਕੇ ਸਕੂਲ ਦੀ ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਸਪੋਰਟਸ ਸਬ-ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਬਿੱਟੂ, ਵਾਈਸ ਚੇਅਰਮੈਨ ਜ਼ੋਰਾਵਰ ਸਿੰਘ, ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹਰਿਗੋਬਿੰਦ ਐਨਕਲੇਵ ਦੇ ਚੇਅਰਮੈਨ ਬਲਬੀਰ ਸਿੰਘ ਅਤੇ ਗੁਰਮਤਿ ਕਾਲਜ ਦੇ ਚੇਅਰਮੈਨ ਜਤਿੰਦਰਪਾਲ ਸਿੰਘ ਅਤੇ ਗੁਰੂ ਰਾਮਦਾਸ ਕਾਲਜ ਆਫ਼ ਐਜੂਕੇਸ਼ਨ ਦੀ ਪ੍ਰਿੰਸੀਪਲ ਡਾ. ਨੀਰਜ ਪ੍ਰਿਆ ਨੇ ਵੀ ਸ਼ਮੂਲੀਅਤ ਕੀਤੀ।