ਇਜ਼ਰਾਈਲ-ਫ਼ਲਸਤੀਨ ਟਕਰਾਅ ਦਾ ਭਿਆਨਕ ਰੂਪ

ਇਜ਼ਰਾਈਲ-ਫ਼ਲਸਤੀਨ ਟਕਰਾਅ ਦਾ ਭਿਆਨਕ ਰੂਪ

ਨਵਦੀਪ ਸੂਰੀ

ਇਜ਼ਰਾਈਲ ਵਿਚ ਸੱਤ ਅਕਤੂਬਰ ਨੂੰ ਹਮਾਸ ਦੀ ਕੀਤੀ ਕਤਲੋਗਾਰਤ ਦੀਆਂ ਸ਼ੁਰੂਆਤੀ ਰਿਪੋਰਟਾਂ ਤੋਂ ਆਪਣੇ ਆਪ ਦੇ ਸਹੀ ਹੋਣ ਦਾ ਨਾਖੁਸ਼ਗਵਾਰ ਜਿਹਾ ਭਾਵ ਪੈਦਾ ਹੁੰਦਾ ਹੈ। ਪਿਛਲੀ ਵਾਰ ਮਈ 2021 ਨੂੰ ਗਾਜ਼ਾ ਹੋਈ ਭੜਕਾਹਟ ਤੋਂ ਬਾਅਦ ਮੈਂ ਲੇਖ ਲਿਖਿਆ ਸੀ ਜਿਸ ਦਾ ਸਿਰਲੇਖ ਸੀ ‘ਅਗਲੀ ਵਾਰ ਤੱਕ …’। ਇਹ ਸਹਿਜ ਭਾਅ ਪੇਸ਼ੀਨਗੋਈ ਸੀ ਕਿਉਂਕਿ 2008 ਅਤੇ 2014 ਦੀਆਂ ਲੜਾਈਆਂ ਦੇ ਦਾਗ਼ ਅਜੇ ਅੱਲੇ ਸਨ ਅਤੇ ਇਸ ਸੱਜਰੀ ਭੜਕਾਹਟ ਦੇ ਬੀਜ ਬੀਜੇ ਜਾ ਰਹੇ ਸਨ ਭਾਵੇਂ ਨਿਤਾਣੀ ਜਿਹੀ ਗੋਲੀਬੰਦੀ ਅਮਲ ਵਿਚ ਲਿਆਂਦੀ ਜਾ ਰਹੀ ਸੀ।

ਸੱਤ ਅਕਤੂਬਰ ਨੂੰ ਹੋਏ ਦਹਿਸ਼ਤਪਸੰਦ ਹਮਲਿਆਂ ਦਾ ਪੈਮਾਨਾ ਲਾਮਿਸਾਲ ਸੀ ਅਤੇ ਇਸ ਕਾਰਨ ਜਿੰਨੀਆਂ ਇਜ਼ਰਾਇਲੀਆਂ ਮੌਤਾਂ ਹੋਈਆਂ, ਓਨੀਆਂ ਅਕਤੂਬਰ 1973 ਵਿਚ ਹੋਈ ਯੌਮ ਕਿੱਪਰ ਜੰਗ ਤੋਂ ਲੈ ਕੇ ਹੁਣ ਤੱਕ ਹੋਈ ਕਿਸੇ ਵੀ ਘਟਨਾ ਵਿਚ ਨਹੀਂ ਹੋਈਆਂ ਸਨ। ਇਸ ਘਟਨਾ ਤੋਂ ਕਈ ਵਾਜਬਿ ਸਵਾਲ ਪੈਦਾ ਹੋ ਗਏ ਹਨ: ਇਹ ਘਟਨਾ ਕਿਵੇਂ ਵਾਪਰੀ? ਕਿਉਂ ਹੋਈ ਅਤੇ ਹੁਣੇ ਕਿਉਂ ਵਾਪਰੀ? ਤੇ ਇਸ ਤੋਂ ਬਾਅਦ ਕੀ ਹੋਵੇਗਾ?

ਇਨ੍ਹਾਂ ਦੇ ਠੋਸ ਜਵਾਬ ਮਿਲਣ ਵਿਚ ਕੁਝ ਸਮਾਂ ਲੱਗੇਗਾ ਪਰ ਫਿ਼ਲਹਾਲ ਅਸੀਂ ਜੋ ਕੁਝ ਜਾਣਦੇ ਹਾਂ, ਉਸ ਦੇ ਆਧਾਰ ’ਤੇ ਨਿਰਖ ਪਰਖ ਕਰ ਕੇ ਕਿਆਸ ਲਾ ਸਕਦੇ ਹਾਂ। ਇਜ਼ਰਾਈਲ ਦੇ ਖੁਫ਼ੀਆ ਤੰਤਰ ਦੀ ਉਪਮਾ ਦੀਆਂ ਬਾਤਾਂ ਪਾਈਆਂ ਜਾਂਦੀਆਂ ਹਨ, ਆਖਰ ਹਮਾਸ ਇਸ ਦੇ ਅੱਖੀਂ ਘੱਟਾ ਪਾ ਕੇ ਇਸ ਤਰ੍ਹਾਂ ਦਾ ਹਮਲਾ ਕਿਵੇਂ ਕਰ ਸਕਦਾ ਹੈ? ਇਸ ਦਾ ਜਵਾਬ ਕੁਝ ਹੱਦ ਤੱਕ ਇਜ਼ਰਾਇਲੀ ਖੁਫ਼ੀਆ ਤੰਤਰ ਦੇ ਘਮੰਡ ਅਤੇ ਇਸ ਦੇ ਵਿਰੋਧੀਆਂ ਪ੍ਰਤੀ ਦਿਖਾਏ ਜਾਂਦੇ ਤਿਰਸਕਾਰ ਨਾਲ ਜੁੜਿਆ ਹੋਇਆ ਹੋ ਸਕਦਾ ਹੈ। ਕੁਝ ਇਜ਼ਰਾਇਲੀ ਸਮੀਖਿਅਕਾਂ ਨੇ ਦੇਸ਼ ਦੇ ਸੁਰੱਖਿਆ ਨਿਜ਼ਾਮ ਅੰਦਰ ਬਦਜ਼ਨੀ ਪੈਦਾ ਕਰਨ ਲਈ ਪ੍ਰਧਾਨ ਮੰਤਰੀ ਬੈਂਜਾਮਨਿ ਨੇਤਨਯਾਹੂ ਨੂੰ ਦੋਸ਼ੀ ਠਹਿਰਾਇਆ ਹੈ ਕਿ ਕਿਵੇਂ ਉਨ੍ਹਾਂ ਨਿਆਂਪਾਲਿਕਾ ਨੂੰ ਗੁੱਠੇ ਲਾਉਣ ਦਾ ਪ੍ਰਸਤਾਵ ਲਿਆਂਦਾ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਇਜ਼ਰਾਈਲ ਅੰਦਰ ਬਣੇ ਬਦਅਮਨੀ ਦੇ ਮਾਹੌਲ ਨੇ ਇਸ ਹਮਲੇ ਨੂੰ ਸ਼ਹਿ ਦਿੱਤੀ ਹੋਵੇ। ਹਮਾਸ ਦੇ ਪੈਂਤੜਿਆਂ, ਰੇਂਜ, ਰਾਕੇਟਾਂ ਦੇ ਸਟੀਕ ਹੋਣ ਅਤੇ ਡਰੋਨਾਂ ਤੇ ਪੈਰਾਗਲਾਈਡਰਾਂ ਦੀ ਵਰਤੋਂ ਦੇ ਮੱਦੇਨਜ਼ਰ ਸਾਫ਼ ਤੌਰ ’ਤੇ ਇਸ ਵਿਚ ਇਰਾਨ ਦੀ ਭੂਮਿਕਾ ਨਜ਼ਰ ਆਉਂਦੀ ਹੈ।

ਉਂਝ, ਇਸ ਦਾ ਇਕ ਹੋਰ ਛੁਪਿਆ ਹੋਇਆ ਪਹਿਲੂ ਵੀ ਹੈ। 1980ਵਿਆਂ ਦੇ ਦਹਾਕੇ ਵਿਚ ਹਮਾਸ ਦੇ ਸ਼ੁਰੂਆਤੀ ਅਰਸੇ ਦੌਰਾਨ ਇਜ਼ਰਾਈਲ ਤੋਂ ਮਿਲੀ ਮਦਦ ਨੂੰ ਅੱਜ ਕੱਲ੍ਹ ਬਹੁਤੇ ਲੋਕ ਯਾਦ ਨਹੀਂ ਰੱਖ ਰਹੇ ਜਦੋਂ ਇਜ਼ਰਾਈਲ ਦੀ ਘਰੋਗੀ ਸੁਰੱਖਿਆ ਏਜੰਸੀ ਸ਼ਨਿ ਬੇਤ ਨੇ ਧਰਮ ਨਿਰਪੱਖ ਅਤੇ ਕੌਮਪ੍ਰਸਤ ‘ਫ਼ਲਸਤੀਨ ਲਬਿਰੇਸ਼ਨ ਆਰਗੇਨਾਈਜ਼ੇਸ਼ਨ’ (ਪੀਐੱਲਓ) ਨੂੰ ਹਾਸ਼ੀਏ ’ਤੇ ਧੱਕਣ ਲਈ ਹਮਾਸ ਨੂੰ ਸ਼ਹਿ ਦੇਣੀ ਸ਼ੁਰੂ ਕੀਤੀ ਸੀ। ਇਸ ਤਰ੍ਹਾਂ ਦਾ ਰੁਝਾਨ ਉਦੋਂ ਤਕ ਜਾਰੀ ਰਿਹਾ ਜਦੋਂ ਤੱਕ ਫਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅਬਾਸ ਅਤੇ ਫਲਸਤੀਨੀ ਅਥਾਰਿਟੀ ਨੂੰ ਸਾਹ-ਸਤਹੀਣ ਨਹੀਂ ਕਰ ਦਿੱਤਾ ਗਿਆ ਅਤੇ ਇਸ ਤਰ੍ਹਾਂ ਹਮਾਸ ਨੂੰ ਗਾਜ਼ਾ ਅਤੇ ਪੱਛਮੀ ਕੰਢੇ ਅੰਦਰ ਵੀ ਭਾਰੂ ਸਿਆਸੀ ਤੇ ਫ਼ੌਜੀ ਤਾਕਤ ਵਜੋਂ ਉਭਰਨ ਦੀ ਖੁੱਲ੍ਹ ਮਿਲ ਗਈ। ਹਮਾਸ ਦੇ ਵਰਤਮਾਨ ਮੁਖੀ ਇਸਮਾਈਲ ਹਨੀਆ ਨੇ ਆਪਣੇ ਪੂਰਬਵਰਤੀ ਖਾਲਿਦ ਮਸ਼ਾਲ ਵਾਂਗ ਹੀ ਆਪਣਾ ਟਿਕਾਣਾ ਕਤਰ ਵਿਚ ਬਣਾਇਆ ਹੋਇਆ ਹੈ। ਗਾਜ਼ਾ ਵਿਚ ਹਮਾਸ ਦਾ ਪ੍ਰਸ਼ਾਸਨ ਚਲਾਉਣ ਲਈ ਕਤਰ ਤੋਂ ਆਉਣ ਵਾਲੇ ਫੰਡ ਇਜ਼ਰਾਇਲੀ ਇੰਟੈਲੀਜੈਂਸ ਦੀ ਨਜ਼ਰ ਹੇਠੋਂ ਲੰਘ ਕੇ ਜਾਂਦੇ ਹਨ। ਹਮਾਸ ਅਤੇ ਇਜ਼ਰਾਈਲ ਦਾ ਰਿਸ਼ਤਾ ਇਕ ਦਾਨਵ ਦੇ ਬੇਕਾਬੂ ਹੋ ਜਾਣ ਦੀ ਸ਼ਾਹਕਾਰ ਮਿਸਾਲ ਹੈ।

ਇਹ ਕਤਲੇਆਮ ਕਿਉਂ ਵਾਪਰਿਆ ਹੈ? ਕਿਉਂਕਿ ਅਜਿਹਾ ਹੋਣਾ ਲਗਭਗ ਤੈਅ ਸੀ। ਇਸ ਖਿੱਤੇ ’ਤੇ ਨਜ਼ਰ ਰੱਖਣ ਵਾਲਾ ਕੋਈ ਵੀ ਸ਼ਖ਼ਸ ਉੱਥੇ ਧੁਖ ਰਹੇ ਰੋਹ, ਮਾਯੂਸੀ ਅਤੇ ਭਵਿੱਖ ਦੀ ਨਾਉਮੀਦੀ ਨੂੰ ਮਹਿਸੂਸ ਕਰ ਸਕਦਾ ਸੀ। ਜਦੋਂ ਤੁਸੀਂ 22 ਲੱਖ ਲੋਕਾਂ ਨੂੰ 225 ਵਰਗ ਕਿਲੋਮੀਟਰ ਦੀ ਪੱਟੀ ਵਿਚ ਨਰੜ ਕੇ ਰੱਖ ਦਿਓਗੇ ਜਿਸ ਦੇ ਇਕ ਪਾਸੇ ਭੂ-ਮੱਧ ਸਾਗਰ ਅਤੇ ਦੂਜੇ ਪਾਸੇ ਇਜ਼ਰਾਇਲ ਦੀ ਕੰਧ ਉਸਾਰੀ ਹੋਵੇ ਤਾਂ ਇਹ ਦੁਨੀਆ ਦੀ ਸਭ ਤੋਂ ਵੱਡੀ ਜੇਲ੍ਹ ਬਣ ਜਾਂਦੀ ਹੈ ਜਿੱਥੇ ਤੁਸੀਂ ਅਜਿਹਾ ਮਸਾਲਾ ਪੈਦਾ ਕਰ ਦਿੱਤਾ ਜੋ ਇਕ ਦਿਨ ਫਟਣਾ ਹੀ ਹੁੰਦਾ ਹੈ; ਇਸ ਜੇਲ੍ਹ ਦੇ ਬਾਸ਼ਿੰਦੇ 1948 ਅਤੇ 1967 ਦੀਆਂ ਜੰਗਾਂ ਤੋਂ ਬਾਅਦ ਆਪਣੇ ਪੁਸ਼ਤੈਨੀ ਜ਼ਮੀਨ ਤੋਂ ਉੱਜੜੇ ਲੋਕਾਂ ਦੀ ਦੂਜੀ ਤੀਜੀ ਪੀੜ੍ਹੀ ਦੇ ਲੋਕ ਹਨ। ਪੱਛਮੀ ਕੰਢੇ ਦੇ ਹਾਲਾਤ ਵੀ ਕੋਈ ਬਹੁਤੇ ਬਿਹਤਰ ਨਹੀਂ ਹਨ ਜਿੱਥੇ ਇਜ਼ਰਾਇਲੀ ਸਰਕਾਰ ਦੀ ਨੱਕ ਹੇਠ ਗ਼ੈਰ-ਕਾਨੂੰਨੀ ਯਹੂਦੀ ਬਸਤੀਆਂ ਕਾਇਮ ਕੀਤੀਆਂ ਜਾ ਰਹੀਆਂ ਹਨ। ਨੇਤਨਯਾਹੂ ਸਰਕਾਰ ਇਜ਼ਰਾਈਲ ਦੇ ਇਤਿਹਾਸ ਦੀ ਸਭ ਤੋਂ ਵੱਧ ਕੱਟੜਪੰਥੀ ਸਰਕਾਰ ਸਾਬਿਤ ਹੋਈ ਹੈ ਜਿਸ ਦੇ ਕੌਮੀ ਸੁਰੱਖਿਆ ਮੰਤਰੀ ਇਤਾਮਾਰ ਬਨਿ ਗਵੀਰ ਅਤੇ ਵਿੱਤ ਮੰਤਰੀ ਬੇਜ਼ਲੀਲ ਸਮੋਤਰਿਕ ਮਕਬੂਜ਼ਾ ਖੇਤਰਾਂ ਵਿਚ ਵਸਣ ਵਾਲੇ ਫ਼ਲਸਤੀਨੀਆਂ ਨੂੰ ਸਿਆਸੀ ਮਾਨਤਾ ਦੇਣ ਤੋਂ ਵੀ ਇਨਕਾਰ ਕਰ ਕੇ ਲਗਾਤਾਰ ਭੜਕਾਹਟ ਪੈਦਾ ਕਰਦੇ ਰਹੇ ਹਨ। ‘ਸ਼ਾਂਤੀ ਬਦਲੇ ਜ਼ਮੀਨ’ ਦੀ ਪੁਰਾਣੀ ਇਜ਼ਰਾਇਲੀ ਨੀਤੀ ਨੂੰ ਰੱਦੀ ਦੀ ਟੋਕਰੀ ਵਿਚ ਸੁੱਟ ਦਿੱਤਾ ਗਿਆ ਹੈ। ਮੌਜੂਦਾ ਨੇਤਨਯਾਹੂ ਸਰਕਾਰ ਦੀ ਸੋਚ ਇਹ ਹੈ ਕਿ ਮਕਬੂਜ਼ਾ ਖੇਤਰਾਂ ਵਿਚ ਜ਼ਮੀਨ ’ਤੇ ਜਿੰਨਾ ਮਰਜ਼ੀ ਕਬਜ਼ਾ ਕਰੀ ਜਾਓ ਅਤੇ ਜੇ ਸ਼ਾਂਤੀ ਦੀ ਲੋੜ ਪਵੇਗੀ ਤਾਂ ਇਹ ਬੰਦੂਕ ਦੀ ਨਾਲੀ ’ਚੋਂ ਕੱਢ ਲਈ ਜਾਵੇ।

ਫਿਰ ਹਮਾਸ ਨੇ ਹੁਣ ਹਮਲਾ ਕਿਉਂ ਕੀਤਾ? ਇਸ ਸਵਾਲ ਦੇ ਜਵਾਬ ’ਤੇ ਕੁਝ ਜਿ਼ਆਦਾ ਹੀ ਦਿਮਾਗ ਲੜਾਇਆ ਜਾ ਰਿਹਾ ਹੈ ਅਤੇ ਇਸ ਨੂੰ ਬਾਇਡਨ ਪ੍ਰਸ਼ਾਸਨ ਵੱਲੋਂ ਸਾਊਦੀ ਅਰਬ ਅਤੇ ਇਜ਼ਰਾਈਲ ਵਿਚਕਾਰ ਸ਼ਾਂਤੀ ਸਮਝੌਤਾ ਕਰਾਉਣ ਦੀਆਂ ਕੋਸ਼ਿਸ਼ਾਂ ਨੂੰ ਸਾਬੋਤਾਜ ਕਰਨ ਦੀ ਇਰਾਨ ਦੀ ਮਨਸ਼ਾ ਨਾਲ ਜੋੜਿਆ ਜਾ ਰਿਹਾ ਹੈ। ਬਿਨਾ ਸ਼ੱਕ, ਇਹ ਸੰਭਵ ਹੋ ਸਕਦਾ ਹੈ ਪਰ ਇਹ ਵੀ ਸੰਭਵ ਹੈ ਕਿ ਯੌਮ ਕਿੱਪਰ ਜੰਗ ਦੀ ਪੰਜਾਹਵੀਂ ਵਰ੍ਹੇਗੰਢ ਮੌਕੇ ਹਮਲੇ ਦੀ ਤਸ਼ਬੀਹ ਦੀ ਵਰਤੋਂ ਕੀਤੀ ਗਈ ਹੋਵੇ। ਯੌਮ ਕਿੱਪਰ ਅਜਿਹਾ ਟਕਰਾਅ ਸੀ ਜਿਸ ਵਿਚ ਇਜ਼ਰਾਈਲ ਅਤੇ ਅਰਬ, ਦੋਵੇਂ ਆਪੋ ਆਪਣੀ ਜਿੱਤ ਦਾ ਦਾਅਵਾ ਕਰਦੇ ਰਹੇ ਹਨ; ਜਾਂ ਸਿੱਧ ਪੱਧਰੇ ਢੰਗ ਨਾਲ ਇਹ ਅਚਾਨਕ ਹਮਲੇ ਦਾ ਬਿਹਤਰੀਨ ਵਕਤ ਗਿਣਿਆ ਜਾ ਸਕਦਾ ਹੈ।

ਅਗਾਂਹ ਕੀ ਹੋਵੇਗਾ? ਇਸ ਦੀ ਪੇਸ਼ੀਨਗੋਈ ਬਹੁਤ ਔਖੀ ਹੈ। ਇਜ਼ਰਾਈਲ ਬਦਲਾ ਲੈਣ ਲਈ ਦ੍ਰਿੜ ਜਾਪ ਰਿਹਾ ਹੈ ਭਾਵੇਂ ਗਾਜ਼ਾ ਵਿਚ ਸਮੂਹਕ ਸਜ਼ਾ ਅਤੇ ਭਾਰੀ ਜਾਨੀ ਨੁਕਸਾਨ ਦੇ ਰੂਪ ਵਿਚ ਇਸ ਦਾ ਮਤਲਬ ਕੌਮਾਂਤਰੀ ਕਾਨੂੰਨ ਦੀ ਬੱਜਰ ਅਵੱਗਿਆ ਕਿਉਂ ਨਾ ਗਿਣੀ ਜਾਵੇ। ਹਵਾਈ ਫ਼ੌਜ ਅਤੇ ਤੋਪਖਾਨੇ ਦੀ ਜ਼ਬਰਦਸਤ ਬੰਬਾਰੀ ਤੋਂ ਬਾਅਦ ਜਦੋਂ ਇਜ਼ਰਾਇਲੀ ਫ਼ੌਜ ਗਾਜ਼ਾ ਵਿਚ ਦਾਖ਼ਲ ਹੋਵੇਗੀ ਤਾਂ ਉਹ ਇਸ ਦੀ ਬਦਤਰੀਨ ਸੂਰਤ ਹੋਵੇਗੀ। ਇਸ ਨਾਲ ਹਮਾਸ ਵਲੋਂ ਬੰਦੀ ਬਣਾਏ ਇਜ਼ਰਾਇਲੀਆਂ ਦੇ ਬਚਣ ਦੀਆਂ ਸੰਭਾਵਨਾਵਾਂ ਖ਼ਤਮ ਹੋ ਜਾਣਗੀਆਂ ਅਤੇ ਇੰਝ ਇਹ ਮਾਨਵੀ ਸੰਕਟ ਲੰਮਾ ਖਿੱਚਿਆ ਜਾਵੇਗਾ। ਜੇ ਲਬਿਨਾਨ ਦਾ ਹਿਜ਼ਬੁੱਲਾ ਗਰੁੱਪ ਇਸ ਟਕਰਾਅ ਵਿਚ ਸ਼ਾਮਲ ਹੋ ਗਿਆ ਤਾਂ ਹਾਲਾਤ ਹੋਰ ਵਿਗੜ ਸਕਦੇ ਹਨ ਅਤੇ ਇਜ਼ਰਾਈਲ ਨੂੰ ਇਕ ਹੋਰ ਮੋਰਚੇ ’ਤੇ ਲੜਨਾ ਪਵੇਗਾ। ਹਾਲਾਤ ਬੇਕਾਬੂ ਹੋ ਜਾਣ ਤੋਂ ਰੋਕਣ ਲਈ ਗਹਿਗੱਚ ਕੂਟਨੀਤਕ ਕੋੋਸ਼ਿਸ਼ਾਂ ਚੱਲ ਰਹੀਆਂ ਹਨ ਪਰ ਇਨ੍ਹਾਂ ਕੋਸ਼ਿਸ਼ਾਂ ਦੇ ਕੋਈ ਠੋਸ ਨਤੀਜੇ ਸਾਹਮਣੇ ਆਉਣ ਦਾ ਕਿਆਸ ਲਾਉਣਾ ਮੁਸ਼ਕਿਲ ਹੈ ਕਿਉਂਕਿ ਇਜ਼ਰਾਈਲ ਦਾ ਰੁਖ਼ ਬਦਲਾ ਲੈਣ ’ਤੇ ਹੀ ਟਿਕਿਆ ਹੋਇਆ ਹੈ।

ਤੇ ਇਸ ਤੋਂ ਬਾਅਦ ਕੀ ਵਾਪਰੇਗਾ? ਕੀ ਇਜ਼ਰਾਈਲ ਇਕ ਵਾਰ ਫਿਰ ਗਾਜ਼ਾ ’ਤੇ ਕਬਜ਼ਾ ਕਰ ਲਵੇਗਾ? ਕੀ ਇਹ ਹਮਾਸ ਨੂੰ ਮਲੀਆਮੇਟ ਕਰਨ ਅਤੇ ਫ਼ਲਸਤੀਨੀਆਂ ਦੇ ਪ੍ਰਤੀਰੋਧ ਦੀ ਜਵਾਲਾ ਨੂੰ ਬੁਝਾ ਦੇਣ ਦਾ ਆਪਣਾ ਮਨੋਰਥ ਹਾਸਲ ਕਰ ਸਕੇਗਾ? ਫਿ਼ਲਹਾਲ, ਅਜਿਹੀ ਉਮੀਦ ਦੀ ਕੋਈ ਕਿਰਨ ਦਿਖਾਈ ਨਹੀਂ ਦੇ ਰਹੀ। ਯੌਮ ਕਿੱਪਰ ਜੰਗ ਨੇ ਯਥਾ-ਸਥਿਤੀ ਦੀਆਂ ਚੂਲਾਂ ਹਿਲਾ ਦਿੱਤੀਆਂ ਸਨ ਜਿਸ ਕਰ ਕੇ 1978 ਦੀ ਕੈਂਪ ਡੇਵਿਡ ਸੰਧੀ ਤੈਅ ਹੋਈ ਸੀ ਅਤੇ ਇਜ਼ਰਾਈਲ ਤੇ ਮਿਸਰ ਵਿਚਕਾਰ ਹੰਢਣਸਾਰ ਸ਼ਾਂਤੀ ਕਾਇਮ ਹੋਈ ਸੀ। ਕੀ 2023 ਦੇ ਇਸ ਕਤਲੇਆਮ ਕਰ ਕੇ ਨੇਤਨਯਾਹ ਨੂੰ ਬੇਆਬਰੂ ਹੋ ਕੇ ਰੁਖ਼ਸਤ ਹੋਣਾ ਪਵੇਗਾ ਅਤੇ ਇਸ ਨਾਲ ਇਜ਼ਰਾਇਲੀ ਰਾਜਨੀਤੀ ਵਿਚ ਆਈ ਉਥਲ ਪੁਥਲ ਸਦਕਾ ਯਿਤਜ਼ਾਕ ਰਬੀਨ ਜਿਹੇ ਮੱਧ ਮਾਰਗੀ ਆਗੂ ਮੁੜ ਮੰਜ਼ਰ ’ਤੇ ਉਭਰਨਗੇ? ਕੀ ਪੱਛਮੀ ਕੰਢੇ ਵਿਚ ਨਕਾਰਾ ਮਹਿਮੂਦ ਅਬਾਸ ਅਤੇ ਗਾਜ਼ਾ ਵਿਚ ਕੱਟੜਪੰਥੀ ਹਮਾਸ ਦੀ ਥਾਂ ਫ਼ਲਸਤੀਨੀ, ਬਿਹਤਰ ਲੀਡਰਸ਼ਿਪ ਲੈਣ ਲਈ ਜਥੇਬੰਦ ਹੋ ਸਕਣਗੇ? ਫਿ਼ਲਹਾਲ ਤਾਂ ਇਹ ਖ਼ਾਮ ਖਿਆਲੀ ਹੀ ਜਾਪਦੀ ਹੈ ਪਰ ਇਸ ਖ਼ਾਮ ਖਿਆਲੀ ਦਾ ਬਦਲ ਅਗਲੀ ਵਾਰ ਅਤੇ ਉਸ ਤੋਂ ਬਾਅਦ ਦੀ ਅਟੱਲ ਸਚਾਈ ਹੈ।