ਯੂਕਰੇਨ ਜੰਗ ਤੇ ਅਮਰੀਕੀ ਕੰਪਨੀਆਂ ਦੀ ਵਧਦੀ ਕਮਾਈ

ਯੂਕਰੇਨ ਜੰਗ ਤੇ ਅਮਰੀਕੀ ਕੰਪਨੀਆਂ ਦੀ ਵਧਦੀ ਕਮਾਈ

ਮਾਰੂਫ਼ ਰਜ਼ਾ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਨਿ ਨੇ ਜੂਨ ਮਹੀਨੇ ਆਪਣੇ ਦੇਸ਼ ਦੇ ਸ਼ਹਿਰ ਸੋਚੀ ਵਿਖੇ ਬੜੀ ਸਾਫ਼ਗੋਈ ਨਾਲ ਕਬੂਲ ਕੀਤਾ ਸੀ ਕਿ ਉਨ੍ਹਾਂ ਦੀ ਫ਼ੌਜ ਨੂੰ ਆਧੁਨਿਕ ਹਥਿਆਰਾਂ ਦੀ ਘਾਟ ਮਹਿਸੂਸ ਹੋ ਰਹੀ ਹੈ ਅਤੇ ਉਮੀਦ ਜਤਾਈ ਸੀ ਕਿ ਦੇਸ਼ ਦੀ ਘਰੋਗੀ ਫ਼ੌਜੀ ਸਨਅਤ ਜਲਦੀ ਹੀ ਯੂਕਰੇਨ ਜੰਗ ਦੇ ਮੱਦੇਨਜ਼ਰ ਵਧ ਰਹੀ ਮੰਗ ਦੀ ਪੂਰਤੀ ਕਰਨ ਦੇ ਯੋਗ ਹੋ ਜਾਵੇਗੀ। ਘਾਟ ਦੀ ਇਕ ਮੁੱਖ ਵਜ੍ਹਾ ਆਲਮੀ ਪਾਬੰਦੀਆਂ ਹਨ ਜਨਿ੍ਹਾਂ ਕਰ ਕੇ ਵੱਖੋ-ਵੱਖਰੇ ਹਥਿਆਰਾਂ ਅਤੇ ਉਨ੍ਹਾਂ ਦੀਆਂ ਸਹਾਇਕ ਪ੍ਰਣਾਲੀਆਂ ਦੇ ਉਤਪਾਦਨ ਵਿਚ ਵਰਤੇ ਜਾਣ ਵਾਲੇ ਸੂਖਮ ਪੁਰਜ਼ੇ ਖਰੀਦਣ ’ਤੇ ਰੋਕਾਂ ਲਾਈਆਂ ਗਈਆਂ ਸਨ। ਇਸ ਕਰ ਕੇ ਮੁੱਖ ਜੰਗੀ ਟੈਂਕਾਂ ਅਤੇ ਬੈਲਿਸਟਿਕ ਮਿਜ਼ਾਈਲਾਂ ਵਿਚ ਕਮੀ ਆ ਗਈ ਹੈ। ਇਸ ਤੋਂ ਇਲਾਵਾ ਕਰੂਜ਼ ਮਿਜ਼ਾਈਲਾਂ ਦੀ ਵਰਤੋਂ ਵੀ ਮਹਿੰਗਾ ਸੌਦਾ ਹੈ। ਇਸੇ ਕਰ ਕੇ ਹਾਲ ਹੀ ਵਿਚ ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ ਦੀ ਮਾਸਕੋ ਫੇਰੀ ਨੂੰ ਬਹੁਤ ਤਵੱਜੋ ਮਿਲੀ ਸੀ। ਉੱਤਰੀ ਕੋਰੀਆ ਤੋਂ ਇਲਾਵਾ ਰੂਸ ਨੂੰ ਆਪਣੇ ਅਸਲ੍ਹੇ ਅਤੇ ਹਥਿਆਰਾਂ ਦੇ ਜ਼ਖ਼ੀਰੇ ਬਰਕਰਾਰ ਰੱਖਣ ਲਈ ਬੇਲਾਰੂਸ, ਚੀਨ ਅਤੇ ਇਰਾਨ ਤੋਂ ਵੀ ਮਦਦ ਮਿਲ ਰਹੀ ਹੈ।

ਮਾਨਵ ਸੰਚਾਲਿਤ ਅਤੇ ਮਾਨਵ ਰਹਿਤ ਹਵਾਈ ਜਹਾਜ਼ਾਂ, ਮਿਜ਼ਾਈਲਾਂ ਅਤੇ ਬਿਜਲਈ ਜੰਗੀ ਉਪਕਰਨਾਂ ਵਾਸਤੇ ਮਾਈਕਰੋ ਚਿਪਾਂ ਅਤੇ ਬਾਲ ਬੈਰਿੰਗਾਂ ਜਿਹੇ ਆਧੁਨਿਕ ਉੱਚ ਤਕਨੀਕੀ ਪੁਰਜ਼ੇ ਦਰਕਾਰ ਹਨ। ਯੂਕਰੇਨ ਨਾਲ ਟਕਰਾਅ ਸ਼ੁਰੂ ਹੋਣ ਤੋਂ ਪਹਿਲਾਂ ਦੇ ਅਰਸੇ ਦੇ ਮੁਕਾਬਲੇ ਰੂਸ ਨੂੰ ਪਾਬੰਦੀਆਂ ਕਰ ਕੇ ਇਹ ਪੁਰਜ਼ੇ ਘਰੋਗੀ ਸਪਲਾਇਰਾਂ ਅਤੇ ਉੱਤਰੀ ਅਮਰੀਕਾ ਅਤੇ ਯੂਰੋਪ ਬਾਹਰੋਂ ਮੰਗਵਾਉਣ ਵਿਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਰੂਸ ਨੂੰ ਚੀਨ ਅਤੇ ਮਲੇਸ਼ੀਆ ਤੋਂ ਖ਼ਾਸ ਪੁਰਜ਼ੇ ਮੰਗਵਾਉਣੇ ਪੈ ਰਹੇ ਹਨ ਪਰ ਇਨ੍ਹਾਂ ਦਾ ਮਿਆਰ ਪੱਛਮ ਦੇ ਉਪਕਰਨਾਂ ਜਿੰਨਾ ਉੱਚਾ ਨਹੀਂ ਹੈ। ਮਾਸਕੋ ਨੂੰ ਆਪਣੇ ਰਵਾਇਤੀ ਸਰੋਤਾਂ ਦੀ ਬਜਾਇ ਹੋਰਨਾਂ ਸਰੋਤਾਂ ਤੋਂ ਅਸਲ੍ਹਾ ਖਰੀਦਣ ਦੀ ਫੌਰੀ ਲੋੜ ਇਸ ਲਈ ਵੀ ਪਈ ਹੈ ਕਿਉਂਕਿ ਰੂਸੀ ਫ਼ੌਜ ਨੇ ਜੰਗ ਦੌਰਾਨ ਤੋਪਖਾਨੇ ਦਾ ਕੁਝ ਜਿ਼ਆਦਾ ਹੀ ਇਸਤੇਮਾਲ ਕੀਤਾ ਹੈ।

ਮਾਸਕੋ ਨੂੰ ਸ਼ਹੀਦ 136 ਡਰੋਨਾਂ ਦੇ ਝੁੰਡ ਇਰਾਨ ਵਲੋਂ ਮੁਹੱਈਆ ਕਰਵਾਏ ਗਏ ਸਨ ਅਤੇ ਇਨ੍ਹਾਂ ਨੇ ਯੂਕਰੇਨ ਦੇ ਕਈ ਸ਼ਹਿਰਾਂ ਵਿਚ ਬਹੁਤ ਤਬਾਹੀ ਮਚਾਈ ਸੀ। ਮਾਸਕੋ ਨੇ ਜਦੋਂ ਆਪਣੇ ਗੁਆਂਢੀ ਮੁਲਕ ’ਤੇ ਹਮਲਾ ਵਿੱਢ ਦਿੱਤਾ ਸੀ ਤਾਂ ਚੀਨ ਵਲੋਂ ਉਦੋਂ ਤੋਂ ਹੀ ਉਸ ਨੂੰ ਫ਼ੌਜੀ ਇਮਦਾਦ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਹਾਲਾਂਕਿ ਦੋਵਾਂ ਮੁਲਕਾਂ ਵਿਚਕਾਰ ਫਰਵਰੀ 2022 ਵਿਚ ਹੀ ‘ਅਸੀਮਤ ਸਾਂਝੇਦਾਰੀ’ ਦਾ ਸਮਝੌਤਾ ਸਹੀਬੰਦ ਹੋਇਆ ਸੀ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਇਸ ਸਾਲ ਦੇ ਸ਼ੁਰੂ ਵਿਚ ਚੀਨ ਨੂੰ ਚਿਤਾਵਨੀ ਦਿੱਤੀ ਸੀ ਕਿ ਜੇ ਪੇਈਚਿੰਗ ਨੇ ਯੂਕਰੇਨ ਜੰਗ ਦੌਰਾਨ ਰੂਸ ਨੂੰ ਸਾਜ਼ੋ-ਸਾਮਾਨ ਮੁਹੱਈਆ ਕਰਵਾਇਆ ਤਾਂ ਉਸ ਨੂੰ ਇਸ ਦੇ ‘ਸਿੱਟੇ’ ਭੁਗਤਣੇ ਪੈਣਗੇ।

ਰੂਸ ਨੂੰ ਸੀਤ ਯੁੱਧ ਜ਼ਮਾਨੇ ਦੇ ਆਪਣੇ ਅਸਲ੍ਹੇ ਦੇ ਜ਼ਖੀਰਿਆਂ ਅਤੇ ਪੁਰਾਣੀਆਂ ਹਥਿਆਰ ਪ੍ਰਣਾਲੀਆਂ ਦਾ ਸਹਾਰਾ ਲੈਣਾ ਪੈ ਸਕਦਾ ਹੈ। ਜੰਗੀ ਮੁਹਾਜ਼ ’ਤੇ ਹੋਈਆਂ ਹਾਰਾਂ ਅਤੇ ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਕਰ ਕੇ ਰੂਸੀ ਫ਼ੌਜ ਕਮਜ਼ੋਰ ਹੋ ਗਈ ਹੈ ਪਰ ਸੈਂਟਰ ਫਾਰ ਸਟ੍ਰੈਟਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ (ਸੀਐੱਸਆਈਐੱਸ) ਮੁਤਾਬਕ ਮਾਸਕੋ ਕੋਲ ਯੂਕਰੇਨ ਜੰਗ ਨੂੰ ਲੰਮਾ ਖਿੱਚਣ ਦਾ ਦਮ ਖ਼ਮ ਹੈ। ਸੈਂਟਰ ਦਾ ਕਹਿਣਾ ਹੈ ਕਿ ਅਨੁਮਾਨ ਮੁਤਾਬਕ ਜੰਗ ਵਿਚ ਰੂਸ ਫ਼ੌਜ ਦੇ ਕਰੀਬ 10 ਹਜ਼ਾਰ ਟੈਂਕ, ਟਰੱਕ, ਤੋਪਾਂ ਅਤੇ ਹਵਾਈ ਡਰੋਨ ਨਸ਼ਟ ਹੋ ਗਏ ਹਨ।

ਇਸ ਦੇ ਨਾਲ ਹੀ ਸੈਂਟਰ ਦਾ ਇਹ ਵੀ ਕਹਿਣਾ ਹੈ ਕਿ ਇਸ ਨੁਕਸਾਨ ਦੀ ਪੂਰਤੀ ਕਰਨ ਲਈ ਰੂਸ ਸੀਤ ਯੁੱਧ ਕਾਲ ਦੇ ਆਪਣੇ ਪੁਰਾਣੇ ਅਸਲ੍ਹਾ ਭੰਡਾਰਾਂ ਦਾ ਇਸਤੇਮਾਲ ਕਰ ਸਕਦਾ ਹੈ। ਸੀਐੱਸਆਈਐੱਸ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਆਉਣ ਵਾਲੇ ਕੁਝ ਅਰਸੇ ਦੌਰਾਨ ਨਵੀਨਤਮ ਉਪਕਰਨਾਂ ਦੇ ਲਿਹਾਜ਼ ਤੋਂ ਰੂਸੀ ਫ਼ੌਜੀ ਦੀ ਗੁਣਵੱਤਾ ਵਿਚ ਹੋਰ ਨਿਘਾਰ ਆਉਣ ਦਾ ਖ਼ਦਸ਼ਾ ਹੈ। ਇਸ ਵਿਚ ਕਿਹਾ ਗਿਆ ਹੈ- “ਮਾਸਕੋ ’ਤੇ ਕੌੜਾ ਘੁੱਟ ਭਰਨ, ਅਕਸਰ ਘੱਟ ਭਰੋਸੇਮੰਦ ਅਤੇ ਵਧੇਰੇ ਮਹਿੰਗੀ ਪੂਰਤੀ ਅਤੇ ਸਪਲਾਈ ਮਾਰਗਾਂ, ਹਲਕੇ ਪੱਧਰ ਦੀਆਂ ਦਰਾਮਦਾਂ ਜਾਂ ਦੇਸ਼ ਦੇ ਅੰਦਰ ਹੀ ਪੱਛਮੀ ਉਪਕਰਨ ਮੁੜ ਤਿਆਰ ਕਰਨ ਦਾ ਦਬਾਓ ਹੈ। ਇਸ ਕਰ ਕੇ ਰੂਸੀ ਰੱਖਿਆ ਉਤਪਾਦਨ ਦੀ ਦਰ ਅਤੇ ਗੁਣਵੱਤਾ ਉਪਰ ਮਾੜਾ ਅਸਰ ਪੈਣ ਦਾ ਖ਼ਦਸ਼ਾ ਹੈ।”

ਰਿਪੋਰਟ ਵਿਚ ਖ਼ਬਰਦਾਰ ਕੀਤਾ ਗਿਆ ਹੈ ਕਿ ਯੂਕਰੇਨ ਅਤੇ ਇਸ ਦੇ ਯੂਰੋਪੀਅਨ ਹਮਾਇਤੀਆਂ ਨੂੰ ਫ਼ੌਜੀ ਸਾਜ਼ੋ-ਸਾਮਾਨ ਦੀ ਪੂਰਤੀ ਦੇ ਮੁੱਦਿਆਂ ਕਰ ਕੇ ਜੰਗ ਛੇਤੀ ਖਤਮ ਹੋਣ ਦੀ ਉਮੀਦ ਨਹੀਂ ਕਰਨੀ ਚਾਹੀਦੀ। ਯੂਕਰੇਨ ਦੇ ਮੁਕਾਬਲੇ ਰੂਸ ਦਾ ਪਲੜਾ ਅਜੇ ਵੀ ਭਾਰੂ ਹੈ ਕਿਉਂਕਿ ਇਸ ਕੋਲ ਰਾਖਵੇਂ ਭੰਡਾਰ ਬਹੁਤ ਜਿ਼ਆਦਾ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਵਾਈ, ਥਲ ਅਤੇ ਜਲ ਸੈਨਾ ਦੇ ਜਿ਼ਆਦਾਤਰ ਪੈਮਾਨਿਆਂ ’ਤੇ ਯੂਕਰੇਨ ਦੇ ਮੁਕਾਬਲੇ ਰੂਸ ਦੀ ਫ਼ੌਜੀ ਸਮੱਰਥਾ ਹਾਲੇ ਵੀ ਕਾਫ਼ੀ ਜਿ਼ਆਦਾ ਹੈ।”

ਸੀਐੱਸਆਈਐੱਸ ਦੀ ਰਿਪੋਰਟ ਵਿਚ ਦਰਜ ਹੈ ਕਿ ਹਾਲਾਂਕਿ ਮਾਸਕੋ ਦੇ ਮੌਜੂਦਾ ਫ਼ੌਜੀ ਭੰਡਾਰਾਂ ਦਾ ਸਹੀ ਲੇਖਾ ਜੋਖਾ ਜਨਤਕ ਤੌਰ ’ਤੇ ਉਪਲਬਧ ਨਹੀਂ ਹੈ ਪਰ ਅਨੁਮਾਨ ਲਾਇਆ ਜਾਂਦਾ ਹੈ ਕਿ ਫਰਵਰੀ 2023 ਤੱਕ ਕ੍ਰੈਮਲਨਿ ਕੋਲ ਕੀਵ ਦੇ ਮੁਕਾਬਲੇ 13-15 ਗੁਣਾ ਜਿ਼ਆਦਾ ਹਵਾਈ ਜਹਾਜ਼ ਮੌਜੂਦ ਸਨ। ਰੂਸ ਕੋਲ ਸੱਤ ਤੋਂ ਅੱਠ ਗੁਣਾ ਜਿ਼ਆਦਾ ਟੈਂਕ ਅਤੇ ਚਾਰ ਗੁਣਾ ਜਿ਼ਆਦਾ ਬਖ਼ਤਰਬੰਦ ਲੜਾਕੂ ਵਾਹਨ ਹਨ; ਇਸ ਦੀ ਜਲ ਸੈਨਾ ਦੇ ਜੰਗੀ ਬੇੜੇ ਦਾ ਆਕਾਰ ਯੂਕਰੇਨ ਦੇ ਜੰਗੀ ਬੇੜੇ ਨਾਲੋਂ 12-16 ਗੁਣਾ ਜਿ਼ਆਦਾ ਵੱਡਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ “ਹਥਿਆਰਾਂ ਦੇ ਸੰਖਿਆ ਬਲ ਦੇ ਆਧਾਰ ’ਤੇ ਮਾਸਕੋ

ਅਗਲੇ ਸਾਲ ਤੱਕ ਲੜਾਈ ਖਿੱਚ ਸਕਦਾ ਹੈ ਬਸ਼ਰਤੇ ਉਦੋਂ ਤੱਕ ਯੂਕਰੇਨ ਘੱਟ ਨੁਕਸਾਨ ਦੇ ਬਾਵਜੂਦ ਆਪਣਾ ਮਾਲ ਮੱਤਾ ਗੁਆ ਨਾ ਬੈਠੇ।”

ਰੂਸ ਦਾ ਫ਼ੌਜੀ ਸਨਅਤੀ ਕੰਪਲੈਕਸ ਡਿਕਡੋਲੇ ਖਾਂਦਾ ਦਿਖਾਈ ਦੇ ਰਿਹਾ ਹੈ; ਦੂਜੇ ਪਾਸੇ ਅਮਰੀਕੀ ਫ਼ੌਜੀ ਸਨਅਤੀ ਕੰਪਲੈਕਸ ਇਸ ਦਾ ਪੂਰਾ ਲਾਹਾ ਲੈ ਰਿਹਾ ਹੈ। ਅਮਰੀਕੀ ਸੰਸਦ (ਕਾਂਗਰਸ) ਦੀ ਖੋਜ ਸੇਵਾ (ਸੀਆਰਐੱਸ) ਦੀ ਸੱਜਰੀ ਰਿਪੋਰਟ ‘ਯੂਕਰੇਨ ਨੂੰ ਅਮਰੀਕੀ ਸੁਰੱਖਿਆ ਇਮਦਾਦ’ ਵਿਚ ਵੀ ਇਹ ਗੱਲ ਉਭਰੀ ਹੈ। ਖ਼ਾਸਕਰ 24 ਫਰਵਰੀ 2022 ਵਿਚ ਰੂਸ ਵਲੋਂ ਯੂਕਰੇਨ ’ਤੇ ਹਮਲਾ ਵਿੱਢਣ ਤੋਂ ਬਾਅਦ ਯੂਕਰੇਨ ਨੂੰ ਸੁਰੱਖਿਆ ਇਮਦਾਦ ਮੁਹੱਈਆ ਕਰਾਉਣ ਵਾਲੇ ਮੁਲਕਾਂ ਵਿਚ ਅਮਰੀਕਾ ਮੋਹਰੀ ਹੈ। ਅਮਰੀਕੀ ਵਿਦੇਸ਼ ਵਿਭਾਗ ਮੁਤਾਬਕ 2014 ਵਿਚ ਜਦੋਂ ਰੂਸ ਨੇ ਯੂਕਰੇਨ ਦੇ ਕੁਝ ਖੇਤਰਾਂ ਉਪਰ ਹਮਲਾ ਕਰ ਕੇ ਕਬਜ਼ਾ ਕਰ ਲਿਆ ਸੀ, ਉਦੋਂ ਤੋਂ ਲੈ ਕੇ 22 ਅਗਸਤ 2023 ਤੱਕ ਅਮਰੀਕਾ ਨੇ ਯੂਕਰੇਨ ਨੂੰ 46 ਅਰਬ ਡਾਲਰ ਦੀ ਫ਼ੌਜੀ ਇਮਦਾਦ ਦਿੱਤੀ ਹੈ ਤਾਂ ਕਿ “ਉਸ (ਯੂਕਰੇਨ) ਨੂੰ ਆਪਣੀ ਇਲਾਕਾਈ ਅਖੰਡਤਾ ਨੂੰ ਬਰਕਰਾਰ ਰੱਖਣ, ਆਪਣੀ ਸਰਹੱਦਾਂ ਦੀ ਰਾਖੀ ਕਰਨ ਅਤੇ ਨਾਟੋ ਨਾਲ ਤਾਲਮੇਲ ਵਧਾਉਣ ਵਿਚ ਮਦਦ ਦਿੱਤੀ ਜਾ ਸਕੇ।”

ਯੂਕਰੇਨ ਜੰਗ ਕਰ ਕੇ ਆਲਮੀ ਸੁਰੱਖਿਆ ਦੇ ਹਾਲਾਤ ਖਰਾਬ ਹੋ ਜਾਣ ਨਾਲ ਅਮਰੀਕੀ ਹਥਿਆਰਾਂ ਦੀ ਵਿਕਰੀ ਵਿਚ ਭਾਰੀ ਵਾਧਾ ਹੋਇਆ ਹੈ। ਪਿਛਲੇ ਸਾਲ ਅਮਰੀਕੀ ਰੱਖਿਆ ਕੰਪਨੀਆਂ ਨੇ ਏਸ਼ੀਆ, ਯੂਰੋਪ ਅਤੇ ਅਫਰੀਕਾ ਵਿਚ ਆਪਣੇ ਗਾਹਕਾਂ ਨੂੰ ਹਥਿਆਰ ਅਤੇ ਰੱਖਿਆ ਪਲੈਟਫਾਰਮ ਵੇਚ ਕੇ ਭਾਰੀ ਮੁਨਾਫ਼ੇ ਕਮਾਏ ਹਨ। ਤਾਜ਼ਾਤਰੀਨ ਅੰਕੜਿਆਂ ਮੁਤਾਬਕ 2022 ਵਿਚ ਹਥਿਆਰਾਂ ਦੀ ਵਿਕਰੀ ਵਿਚ 51.9 ਅਰਬ ਡਾਲਰ ਦਾ ਇਜ਼ਾਫ਼ਾ ਹੋਇਆ ਹੈ। ਜਿ਼ਆਦਾਤਰ ਹਥਿਆਰ ਰੂਸ-ਯੂਕਰੇਨ ਜੰਗ ਕਰ ਕੇ ਵਿਕੇ ਹਨ ਜਿਸ ਵਿਚ ਅਮਰੀਕਾ ਵਲੋਂ ਯੂਕਰੇਨ ਦੀ ਮਦਦ ਕੀਤੀ ਜਾ ਰਹੀ ਹੈ।

ਰੂਸ ਦੇ ਖ਼ਤਰੇ ਦੇ ਮੱਦੇਨਜ਼ਰ ਕਈ ਯੂਰੋਪੀਅਨ ਮੁਲਕਾਂ ਨੇ ਵੀ ਹਥਿਆਰ ਖਰੀਦਣੇ ਸ਼ੁਰੂ ਕਰ ਦਿੱਤੇ ਹਨ ਜਿਸ ਕਰ ਕੇ ਅਮਰੀਕੀ ਰੱਖਿਆ ਕੰਪਨੀਆਂ ਦੇ ਵਾਰੇ ਨਿਆਰੇ ਹੋ ਰਹੇ ਹਨ। ਇਨ੍ਹਾਂ ਮੁਲਕਾਂ ਵਲੋਂ ਆਪਣੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਫ਼ੌਜੀ ਉਪਕਰਨਾਂ ਦੇ ਆਰਡਰ ਦਿੱਤੇ ਜਾ ਰਹੇ ਹਨ। ਅੰਕੜਿਆਂ ਮੁਤਾਬਕ ਅਮਰੀਕਾ ਨੇ 2022 ਵਿਚ 153.7 ਅਰਬ ਡਾਲਰ ਦੇ ਮੁੱਲ ਦਾ ਫ਼ੌਜੀ ਸਾਜ਼ੋ-ਸਾਮਾਨ, ਸੇਵਾਵਾਂ ਅਤੇ ਤਕਨੀਕੀ ਡੇਟਾ ਆਪਣੇ ਗਾਹਕਾਂ ਨੂੰ ਵੇਚਿਆ ਸੀ। ਵਿਦੇਸ਼ ਵਿਭਾਗ ਦੇ ਅੰਕੜਿਆਂ ਵਿਚ ਕਿਹਾ ਗਿਆ ਹੈ ਕਿ ਯੂਕਰੇਨ ਵਿਚ ਮੌਜੂਦਾ ਸੰਕਟ ਕਰ ਕੇ ਰੱਖਿਆ ਉਤਪਾਦਾਂ ਦੀ ਵਿਕਰੀ ਵਿਚ ਵਾਧਾ ਹੋਇਆ ਹੈ। ਯੂਕਰੇਨ ਜੰਗ ਕਰ ਕੇ ਜਰਮਨੀ, ਪੋਲੈਂਡ ਅਤੇ ਸਪੇਨ ਜਿਹੇ ਯੂਰੋਪੀਅਨ ਦੇਸ਼ਾਂ ਅੰਦਰ ਅਸੁਰੱਖਿਆ ਦਾ ਮਾਹੌਲ ਹੈ ਜਿਸ ਕਰ ਕੇ ਇਨ੍ਹਾਂ ਨੇ ਆਪੋ-ਆਪਣੀ ਸੁਰੱਖਿਆ ਦੀ ਮਜ਼ਬੂਤੀ ਲਈ ਹਥਿਆਰ ਖਰੀਦਣੇ ਸ਼ੁਰੂ ਕੀਤੇ ਹਨ। ਇਨ੍ਹਾਂ ਨੂੰ ਡਰ ਹੈ ਕਿ ਜੇ ਯੂਕਰੇਨ ਜੰਗ ਲੰਮਾ ਸਮਾਂ ਚਲਦੀ ਰਹੀ ਤਾਂ ਇਸ ਦਾ ਅਸਰ ਉਨ੍ਹਾਂ ਦੀਆਂ ਸਰਹੱਦਾਂ ’ਤੇ ਵੀ ਹੋ ਸਕਦਾ ਹੈ।