ਜੇਲ੍ਹ ’ਚ ਤਲਾਸ਼ੀ ਲੈ ਕੇ ਲੋਕ ਨੁਮਾਇੰਦਿਆਂ ਨੂੰ ਜ਼ਲੀਲ ਕੀਤਾ: ਵੜਿੰਗ

ਜੇਲ੍ਹ ’ਚ ਤਲਾਸ਼ੀ ਲੈ ਕੇ ਲੋਕ ਨੁਮਾਇੰਦਿਆਂ ਨੂੰ ਜ਼ਲੀਲ ਕੀਤਾ: ਵੜਿੰਗ

ਰੂਪਨਗਰ- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਸਣੇ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ, ਕੈਪਟਨ ਸੰਦੀਪ ਸਿੰਘ ਸੰਧੂ ਅਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਅੱਜ ਜ਼ਿਲ੍ਹਾ ਜੇਲ੍ਹ ਰੂਪਨਗਰ ਵਿੱਚ ਬੰਦ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਮਿਲਣ ਲਈ ਪੁੱਜੇ।

ਇਸ ਮੌਕੇ ਜੇਲ੍ਹ ਦੇ ਬਾਹਰ ਰਾਜਾ ਵੜਿੰਗ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੋਸ਼ ਲਗਾਇਆ ਕਿ ਜੇਲ੍ਹ ਵਿੱਚ ਦਾਖ਼ਲ ਹੁੰਦੇ ਸਮੇਂ ਸਰਕਾਰੀ ਸਾਜ਼ਿਸ਼ ਤਹਿਤ ਉਨ੍ਹਾਂ ਦੀ ਅਤੇ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਦੀ ਤਲਾਸ਼ੀ ਲੈ ਕੇ ਉਨ੍ਹਾਂ ਨੂੰ ਜ਼ਲੀਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ। ਉਨ੍ਹਾਂ ਕਿਹਾ ਕਿ ਡੀਜੀਪੀ (ਜੇਲ੍ਹਾਂ) ਨੇ ਉਨ੍ਹਾਂ ਦਾ ਫੋਨ ਚੁੱਕਣਾ ਵੀ ਮੁਨਾਸਬਿ ਨਹੀਂ ਸਮਝਿਆ ਅਤੇ ਜਦੋਂ ਆਈਜੀ ਨੂੰ ਦੱਸਿਆ ਗਿਆ ਤਾਂ ਉਨ੍ਹਾਂ ਮਹਿਸੂਸ ਕੀਤਾ ਕਿ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦਿਆਂ ਦੀ ਤਲਾਸ਼ੀ ਨਹੀਂ ਲੈਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਉਹ ਹਰ ਤਰ੍ਹਾਂ ਦੀ ਤਲਾਸ਼ੀ ਲਈ ਤਿਆਰ ਹਨ ਪਰ ਇਹ ਰਵਾਇਤ ਗ਼ਲਤ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਨਾ ਤਾਂ ਲਾਲ ਡਾਇਰੀ ਹੈ ਅਤੇ ਨਾ ਹੀ ਲਾਲ ਪੈਨ, ਪਰ ਇਸ ਘਟਨਾ ਨੂੰ ਉਹ ਹਮੇਸ਼ਾ ਯਾਦ ਰੱਖਣਗੇ ਅਤੇ ਸਮਾਂ ਆਉਣ ’ਤੇ ‘ਅਕਲਮੰਦ’ ਇਨਸਾਨ ਬਖਸ਼ਦਾ ਨਹੀਂ ਹੈ।