ਸਰਪੰਚ ਤੇ ਪੰਚ ਹੱਤਿਆ ਕਾਂਡ: ਸਾਬਕਾ ਸਰਪੰਚ ਸਣੇ ਪੰਜ ਗ੍ਰਿਫ਼ਤਾਰ

ਸਰਪੰਚ ਤੇ ਪੰਚ ਹੱਤਿਆ ਕਾਂਡ: ਸਾਬਕਾ ਸਰਪੰਚ ਸਣੇ ਪੰਜ ਗ੍ਰਿਫ਼ਤਾਰ

ਮੋਗਾ- ਇੱਥੇ ਥਾਣਾ ਕੋਟ ਈਸੇ ਖਾਂ ਅਧੀਨ ਪੈਂਦੇ ਪਿੰਡ ਖੋਸਾ ਕੋਟਲਾ ਵਿੱਚ ਕਾਂਗਰਸ ਪਾਰਟੀ ਨਾਲ ਸਬੰਧਤ ਮੌਜੂਦਾ ਸਰਪੰਚ ਵੀਰ ਸਿੰਘ ਤੇ ਪੰਚ ਰਣਜੀਤ ਸਿੰਘ ਦੀ ਹੱਤਿਆ ਦੇ ਦੋਸ਼ ਹੇਠ ਪੁਲੀਸ ਨੇ ਸਾਬਕਾ ਸਰਪੰਚ ਸਣੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਵਾਰਦਾਤ ਲਈ ਵਰਤੀ ਆਲਟੋ ਕਾਰ ਅਤੇ 32 ਬੋਰ ਦੀ ਇਕ ਪਿਸਤੌਲ ਵੀ ਬਰਾਮਦ ਕਰ ਲਈ ਹੈ, ਜਦੋਂਕਿ ਮ੍ਰਿਤਕ ਸਰਪੰਚ ਦਾ ਰਿਵਾਲਵਰ ਗਾਇਬ ਹੈ।

ਐੱਸਐੱਸਪੀ ਜੇ. ਏਲਨਚੇਜ਼ੀਅਨ, ਐੱਸਪੀ ਮਨਮੀਤ ਸਿੰਘ ਢਿੱਲੋਂ ਤੇ ਐੱਸਪੀ ਅਜੈ ਰਾਜ ਸਿੰਘ ਨੇ ਇੱਥੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮੁੱਖ ਮੁਲਜ਼ਮ ਗੁਰਚਰਨ ਸਿੰਘ ਉਰਫ਼ ਸੁਖਦੇਵ ਸਿੰਘ, ਸਾਬਕਾ ਸਰਪੰਚ ਜਗਰਾਜ ਸਿੰਘ, ਗੁਰਦੀਪ ਸਿੰਘ, ਰਣਜੀਤ ਸਿੰਘ ਅਤੇ ਬਲਜੀਤ ਸਿੰਘ ਉਰਫ਼ ਜੀਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਸੁਰਿੰਦਰ ਸਿੰਘ ਉਰਫ਼ ਕਿੰਦੀ ਦਾ ਪੀਜੀਆਈ ਚੰਡੀਗੜ੍ਹ ਅਤੇ ਮਲਕੀਤ ਸਿੰਘ ਉਰਫ ਮੀਤਾ ਦਾ ਸਥਾਨਕ ਨਿੱਜੀ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਤਿੰਨ ਮੁਲਜ਼ਮ ਰਾਜੂ ਖਾਲਸਾ, ਡਾ. ਗੁਰਪ੍ਰੀਤ ਸਿੰਘ ਉਰਫ਼ ਪ੍ਰੀਤ ਅਤੇ ਭਾਗ ਸਿੰਘ ਦੀ ਗ੍ਰਿਫ਼ਤਾਰੀ ਲਈ ਟੀਮਾਂ ਵੱਲੋਂ ਛਾਪੇ ਮਾਰੇ ਜਾ ਰਹੇ ਹਨ ਅਤੇ ਸੱਤ-ਅੱਠ ਅਣਪਛਾਤੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਸਰਪੰਚ ਕੋਲ ਵੀ ਰਿਵਾਲਵਰ ਸੀ, ਜਿਸ ਦਾ ਹਾਲੇ ਕੁਝ ਵੀ ਪਤਾ ਨਹੀਂ ਲੱਗਾ ਅਤੇ ਵਾਰਦਾਤ ਦੌਰਾਨ 12 ਬੋਰ ਦੀ ਬੰਦੂਕ ਦੀ ਵਰਤੋਂ ਹੋਣ ਬਾਰੇ ਵੀ ਪੁਲੀਸ ਤਫ਼ਤੀਸ਼ ਕਰ ਰਹੀ ਹੈ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਸਰਪੰਚ ਵੀਰ ਸਿੰਘ ਸਾਬਕਾ ਫ਼ੌਜੀ ਸੀ। ਉਸ ਨੂੰ ਰੰਜਿਸ਼ ਕਾਰਨ ਸਰਪੰਚੀ ਤੋਂ ਮੁਅੱਤਲ ਵੀ ਕਰਵਾ ਦਿੱਤਾ ਗਿਆ ਸੀ ਪਰ ਬਾਅਦ ਵਿੱਚ ਸਰਕਾਰ ਨੇ ਉਸ ਨੂੰ ਬਹਾਲ ਕਰ ਦਿੱਤਾ ਸੀ।