ਕਿਸਾਨਾਂ ਦੀ ਆਵਾਜ਼ ਦਬਾ ਨਹੀਂ ਸਕਦੀ ਸਰਕਾਰ: ਟਿਕੈਤ

ਕਿਸਾਨਾਂ ਦੀ ਆਵਾਜ਼ ਦਬਾ ਨਹੀਂ ਸਕਦੀ ਸਰਕਾਰ: ਟਿਕੈਤ

ਨੋਇਡਾ- ਕਿਸਾਨ ਨੇਤਾ ਰਾਕੇਸ਼ ਟਿਕੈਤ ਅੱਜ ਇੱਥੇ ਕਿਸਾਨਾਂ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਚੱਲ ਰਹੇ ਰੋਸ ਪ੍ਰਦਰਸ਼ਨ ’ਚ ਸ਼ਾਮਲ ਹੋਏ। ਭਾਰਤੀ ਕਿਸਾਨ ਯੂਨੀਅਨ ਦੇ ਤਰਜਮਾਨ ਟਿਕੈਤ ਟਰੈਕਟਰ ’ਤੇ ਸਵਾਰ ਹੋ ਕੇ ਜ਼ੀਰੋ ਪੁਆਇੰਟ ਪਹੁੰਚੇ ਜਿੱਥੇ ਹਜ਼ਾਰਾਂ ਪ੍ਰਦਰਸ਼ਨਕਾਰੀ ਧਰਨੇ ’ਤੇ ਬੈਠੇ ਹੋਏ ਹਨ।

ਰਾਕੇਸ਼ ਟਿਕੈਤ ਨੇ ਐਕਸ ’ਤੇ ਪੋਸਟ ’ਚ ਕਿਹਾ, ‘‘ਸਰਕਾਰ ਝੂਠੇ ਕੇਸ ਦਰਜ ਕਰਕੇ ਕਿਸਾਨਾਂ ਦੀ ਆਵਾਜ਼ ਨੂੰ ਦਬਾਅ ਨਹੀਂ ਸਕਦੀ। ਦੇਸ਼ ਦੇ ਕਿਸਾਨਾਂ ਲਈ ਸਾਡਾ ਸੰਘਰਸ਼ ਸਾਡੇ ਆਖਰੀ ਸਾਹ ਤੱਕ ਜਾਰੀ ਰਹੇਗਾ।’’

ਯੂਨੀਅਨ ਦੇ ਸਥਾਨਕ ਅਹੁਦੇਦਾਰ ਸੁਭਾਸ਼ ਚੌਧਰੀ ਨੇ ਕਿਹਾ ਕਿ ਬੀਕੇਯੂ ਮੈਂਬਰ ਲੰਘੇ ਸਮੇਂ ’ਚ ਸਰਕਾਰ ਵੱਲੋਂ ਪਿੰਡ ਦੇ ਲੋਕਾਂ ਦੀ ਐਕੁਆਇਰ ਕੀਤੀ ਜ਼ਮੀਨ ਦੇ ਵੱਧ ਮੁਆਵਜ਼ੇ ਸਣੇ ਹੋਰ ਕਿਸਾਨੀ ਮੁੱਦਿਆਂ ਨੂੰ ਲੈ ਕੇ ਗਰੇਟਰ ਨੋਇਡਾ ’ਚ ਅਣਮਿਥੇ ਸਮੇਂ ਲਈ ਧਰਨਾ ਦੇ ਰਹੇ ਹਨ।

ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਗਰੇਟਰ ਨੋਇਡਾ ਦੇ ਅਧਿਕਾਰਤ ਦੌਰੇ ਦੌਰਾਨ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਕਿਹਾ ਸੀ ਕਿ ਸਰਕਾਰ ਨੇ ਨੋਇਡਾ, ਗਰੇਟਰ ਨੋਇਡਾ ਅਤੇ ਯਮੁਨਾ ਐਕਸਪ੍ਰੈੱਸਵੇਅ ’ਚ ਸਥਾਨਕ ਅਧਿਕਾਰੀਆਂ ਨੂੰ ਕਿਸਾਨਾਂ ਦੇ ਮੁੱਦੇ ਤਰਜੀਹੀ ਤੌਰ ’ਤੇ ਹੱਲ ਕਰਨ ਦਾ ਨਿਰਦੇਸ਼ ਦਿੱਤਾ ਹੈ।