ਇਜ਼ਰਾਇਲ ਤੇ ਫਲਸਤੀਨ ਦੀ ਲੜਾਈ ’ਚ ਦੁਨੀਆ ਦੋ ਹਿੱਸਿਆਂ ’ਚ ਵੰਡੀ ਗਈ

ਇਜ਼ਰਾਇਲ ਤੇ ਫਲਸਤੀਨ ਦੀ ਲੜਾਈ ’ਚ ਦੁਨੀਆ ਦੋ ਹਿੱਸਿਆਂ ’ਚ ਵੰਡੀ ਗਈ

ਖਾਨ ਯੂਨਿਸ : ਹਮਾਸ ਵੱਲੋਂ ਚਲਾਏ ਜਾ ਰਹੇ ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਗਾਜ਼ਾ ਸਿਟੀ ਦੇ ਇਕ ਹਸਪਤਾਲ ਵਿਚ ਇਜ਼ਰਾਈਲ ਦੇ ਹਵਾਈ ਹਮਲੇ ਵਿਚ ਘੱਟੋ-ਘੱਟ 500 ਲੋਕਾਂ ਦੀ ਮੌਤ ਹੋ ਗਈ ਹੈ। ਹਮਲੇ ਵੇਲੇ ਅਲ-ਆਹਲੀ ਹਸਪਤਾਲ ਵਿਚ ਸੈਂਕੜੇ ਲੋਕਾਂ ਨੇ ਸ਼ਰਨ ਲਈ ਹੋਈ ਸੀ। ਏਜੰਸੀ ਨੂੰ ਭੇਜੀਆਂ ਗਈਆਂ ਤਸਵੀਰਾਂ ਵਿਚ ਹਸਪਤਾਲ ਦੇ ਹਾਲ ਵਿਚ ਅੱਗ ਲੱਗੀ ਹੋਈ ਹੈ, ਟੁੱਟਿਆ ਹੋਇਆ ਕੱਚ ਖਿੱਲਰਿਆ ਹੋਇਆ ਹੈ। ਇਜ਼ਰਾਇਲੀ ਸੈਨਾ ਨੇ ਹਾਲੇ ਤੱਕ ਇਸ ਉਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਇਜ਼ਰਾਈਲ ਨੇ ਅੱਜ ਦੱਖਣੀ ਗਾਜ਼ਾ ਦੇ ਇਲਾਕਿਆਂ ਵਿਚ ਵੀ ਬੰਬਾਰੀ ਕੀਤੀ, ਜਿੱਥੇ ਇਸ ਵੱਲੋਂ ਫਲਸਤੀਨੀਆਂ ਨੂੰ ਆਪਣੇ ਸੰਭਾਵੀ ਹਮਲਿਆਂ ਤੋਂ ਪਹਿਲਾਂ ਖੇਤਰ ਖਾਲੀ ਕਰਨ ਲਈ ਕਹਿਣ ਦਾ ਦਾਅਵਾ ਵੀ ਕੀਤਾ ਗਿਆ ਹੈ। ਹਮਲੇ ਵਿਚ ਕਈ ਲੋਕ ਮਾਰੇ ਗਏ ਹਨ। ਜ਼ਿਕਰਯੋਗ ਹੈ ਕਿ ਹਮਾਸ ਕੱਟੜਵਾਦੀਆਂ ਦੇ ਹਮਲੇ ਤੋਂ ਬਾਅਦ ਗਾਜ਼ਾ ਖੇਤਰ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਤੇ ਇਹ ਇਜ਼ਰਾਇਲੀ ਬੰਬਾਰੀ ਦਾ ਸਾਹਮਣਾ ਕਰ ਰਿਹਾ ਹੈ। ਇਜ਼ਰਾਇਲੀ ਹਵਾਈ ਹਮਲੇ ਵਿਚ ਹਮਾਸ ਦੀ ਫ਼ੌਜੀ ਸ਼ਾਖਾ ਦਾ ਇਕ ਚੋਟੀ ਦਾ ਕਮਾਂਡਰ ਵੀ ਮਾਰਿਆ ਗਿਆ ਹੈ। ਉਸ ਦੀ ਸ਼ਨਾਖਤ ਅਬੂ ਮਹਿਮੂਦ ਵਜੋਂ ਹੋਈ ਹੈ। ਲਬਿਨਾਨ ਨਾਲ ਲੱਗੀ ਇਜ਼ਰਾਈਲ ਦੀ ਸਰਹੱਦ ਉਤੇ ਹਿੰਸਾ ਵਧਣ ਨਾਲ ਖੇਤਰੀ ਟਕਰਾਅ ਦਾ ਦਾਇਰਾ ਵਧਣ ਦੀਆਂ ਚਿੰਤਾਵਾਂ ਪੈਦਾ ਹੋ ਗਈਆਂ ਹਨ, ਤੇ ਇਸ ਨੂੰ ਕੂਟਨੀਤਕ ਪੱਧਰ ਉਤੇ ਰੋਕਣ ਲਈ ਜੱਦੋਜਹਿਦ ਕੀਤੀ ਜਾ ਰਹੀ ਹੈ। ਸਿਹਤ ਮੰਤਰਾਲੇ ਮੁਤਾਬਕ ਗਾਜ਼ਾ ਵਿਚ 7 ਅਕਤੂਬਰ ਤੋਂ ਸ਼ੁਰੂ ਹੋਏ ਇਜ਼ਰਾਇਲੀ ਹਮਲਿਆਂ ਵਿਚ ਹੁਣ ਤੱਕ 3000 ਫਲਸਤੀਨੀ ਮਾਰੇ ਗਏ ਹਨ ਤੇ 12500 ਫੱਟੜ ਹਨ। ਸਿਹਤ ਮੰਤਰਾਲੇ ਮੁਤਾਬਕ ਮ੍ਰਿਤਕਾਂ ਵਿਚ ਦੋ-ਤਿਹਾਈ ਬੱਚੇ ਹਨ। ਕਰੀਬ 1200 ਲੋਕ ਮਲਬੇ ਵਿਚ ਦਫ਼ਨ ਹੋ ਗਏ ਹਨ। ਇਜ਼ਰਾਇਲੀ ਜਹਾਜ਼ਾਂ ਨੇ ਵੀ ਗਾਜ਼ਾ ਉਤੇ ਹਮਲੇ ਕੀਤੇ ਹਨ ਤੇ ਲੋਕ ਮਾਰੇ ਗਏ ਹਨ।