ਮਨਪ੍ਰੀਤ ਨੂੰ ਸਿਆਸੀ ਪਿੜ ’ਚੋਂ ਬਾਹਰ ਕਰਨ ਦੀ ਤਿਆਰੀ

ਮਨਪ੍ਰੀਤ ਨੂੰ ਸਿਆਸੀ ਪਿੜ ’ਚੋਂ ਬਾਹਰ ਕਰਨ ਦੀ ਤਿਆਰੀ

ਬਠਿੰਡਾ- ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਬਠਿੰਡਾ ਦੇ ਸਿਆਸੀ ਪਿੜ ’ਚੋਂ ਬਾਹਰ ਕਰਨ ਲਈ ਉਨ੍ਹਾਂ ਦੇ ਸਿਆਸੀ ਵਿਰੋਧੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਖੇਮਾ ਸਰਗਰਮ ਹੋ ਗਿਆ ਹੈ। ਮਨਪ੍ਰੀਤ ਬਾਦਲ ਨੇ ਆਪਣੇ ਨੇੜਲਿਆਂ ਵਜੋਂ ਜਾਣੇ ਜਾਂਦੇ ਮਹਿਲਾ ਆਗੂ ਸ੍ਰੀਮਤੀ ਰਮਨ ਗੋਇਲ ਨੂੰ ਬਠਿੰਡਾ ਨਿਗਮ ਦਾ ਮੇਅਰ ਬਣਾਇਆ ਸੀ ਜਿਸ ਨੂੰ ਗੱਦੀ ਤੋਂ ਲਾਹੁਣ ਲਈ ਅੱਜ ਕਾਂਗਰਸੀਆਂ ਨੇ ਕਾਰਵਾਈ ਵਿੱਢ ਦਿੱਤੀ ਹੈ। ਉਕਤ ਆਗੂਆਂ ਨੇ 50 ਕੌਂਸਲਰਾਂ ਵਾਲੀ ਨਿਗਮ ਦੀ ਮੇਅਰ ਖ਼ਿਲਾਫ਼ 31 ਕਾਂਗਰਸੀ ਕੌਂਸਲਰਾਂ ਦੇ ਦਸਤਖ਼ਤਾਂ ਵਾਲਾ ਬੇਭਰੋਸਗੀ ਪੱਤਰ ਅੱਜ ਡੀਸੀ -ਕਮ-ਕਮਿਸ਼ਨਰ ਨਗਰ ਨਿਗਮ ਸ਼ੌਕਤ ਅਹਿਮਦ ਪਰੇ ਨੂੰ ਸੌਂਪ ਦਿੱਤਾ ਹੈ। ਕਾਂਗਰਸੀ ਕੌਂਸਲਰਾਂ ਤੋਂ ਇਲਾਵਾ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਪ੍ਰਧਾਨ ਅਤੇ ਡਿਪਟੀ ਮੇਅਰ ਮਾਸਟਰ ਹਰਿਮੰਦਰ ਸਿੰਘ ਸਿੱਧੂ ਵੀ ਮੌਜੂਦ ਸਨ। ਇਸ ਕਾਰਵਾਈ ਲਈ ਜ਼ਿਲ੍ਹਾ ਕਾਂਗਰਸ (ਸ਼ਹਿਰੀ) ਦੇ ਪ੍ਰਧਾਨ ਐਡਵੋਕੇਟ ਰਾਜਨ ਗਰਗ ਕਾਫੀ ਸਰਗਰਮ ਰਹੇ। ਗੌਰਤਲਬ ਹੈ ਕਿ ਬੇਭਰੋਸਗੀ ਮਤਾ ਲਿਆਉਣ ਲਈ ਦੋ ਤਿਹਾਈ ਕੌਂਸਲਰਾਂ ਦੀ ਜ਼ਰੂਰਤ ਹੁੰਦੀ ਹੈ। ਖਾਸ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਨੂੰ ਮੇਅਰ ਖ਼ਿਲਾਫ਼ ਬੇਭਰੋਸਗੀ ਦੇ ਮਤੇ ’ਚ ਕੌਂਸਲਰਾਂ ਵੱਲੋਂ ਕਿੰਨਾ ਕੁ ਸਮਰਥਨ ਮਿਲਦਾ ਹੈ, ਇਹ ਭਵਿੱਖ ਵਿੱਚ ਪਤਾ ਲੱਗੇਗਾ। ਉਂਜ ਕਾਂਗਰਸੀ ਆਗੂ ਆਪਣੇ ਕੋਲ ਸਪਸ਼ਟ ਬਹੁਮਤ ਹੋਣ ਦਾ ਦਾਅਵਾ ਜ਼ਰੂਰ ਕਰ ਰਹੇ ਹਨ। ਸਾਲ 2021 ਵਿੱਚ ਹੋਈਆਂ ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਸਮੇਂ 50 ਵਿੱਚੋਂ 43 ਕਾਂਗਰਸੀ ਕੌਂਸਲਰਾਂ ਨੂੰ ਜਿੱਤ ਮਿਲੀ ਸੀ। ਉਦੋਂ ਮਨਪ੍ਰੀਤ ਬਾਦਲ ’ਤੇ ਦੋਸ਼ ਲੱਗਦੇ ਸਨ ਕਿ ਉਨ੍ਹਾਂ ਸੀਨੀਅਰ ਕਾਂਗਰਸੀਆਂ ਨੂੰ ਨਜ਼ਰਅੰਦਾਜ਼ ਕਰਕੇ ਕਾਂਗਰਸ ਵਿੱਚ ਅਸਲੋਂ ਨਵੀਂ ਆਈ ਆਗੂ ਰਮਨ ਗੋਇਲ ਨੂੰ ਮੇਅਰ ਦੀ ਕੁਰਸੀ ਦਿੱਤੀ ਹੈ। ‘ਆਪ’ ਦੇ ਮੌਜੂਦਾ ਵਿਧਾਇਕ (ਤਤਕਾਲੀ ਕਾਂਗਰਸੀ ਕੌਂਸਲਰ) ਜਗਰੂਪ ਸਿੰਘ ਗਿੱਲ ਨੇ ਇਸ ਕਵਾਇਦ ਵਿਰੁੱਧ ਜਬਰਦਸਤ ਰੋਸ ਦਰਜ ਕਰਾਉਂਦਿਆਂ, ਪਾਰਟੀ ਛੱਡ ਦਿੱਤੀ ਸੀ। ਸਾਲ 2019 ਦੀਆਂ ਲੋਕ ਸਭਾ ਚੋਣਾਂ ਸਮੇਂ ਬਠਿੰਡਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਸ ਸਮੇਂ ਮਨਪ੍ਰੀਤ ਸਿੰਘ ਬਾਦਲ ’ਤੇ ਉਨ੍ਹਾਂ ਦੀ ਮੁਖ਼ਾਲਫ਼ਤ ਕਰਨ ਦੇ ਗੰਭੀਰ ਦੋਸ਼ ਲਾਏ ਸਨ। ਉਧਰ, ਜ਼ਿਲ੍ਹਾ ਕਾਂਗਰਸ (ਸ਼ਹਿਰੀ) ਬਠਿੰਡਾ ਦੇ ਪ੍ਰਧਾਨ ਐਡਵੋਕੇਟ ਰਾਜਨ ਗਰਗ ਨੇ ‘ਆਪ’ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਤੋਂ ਇਲਾਵਾ ਅਕਾਲੀ ਕੌਂਸਲਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ‘ਹੁਣ ਸਭ ਤੋਂ ਵਧੀਆ ਮੌਕਾ ਹੈ ਕਿ ਬੇਭਰੋਸਗੀ ਦੇ ਮਤੇ ’ਤੇ ਚੋਣ ਸਮੇਂ ਲੋਕਾਂ ਨਾਲ ਖੜ੍ਹਿਆ ਜਾਵੇ।’