ਛੱਤੀਸਗੜ੍ਹ ’ਚ ਕਾਂਗਰਸ ‘ਪਤਿਆਉਣ’ ਦੀ ਰਾਜਨੀਤੀ ਜਾਰੀ ਰੱਖੇਗੀ: ਸ਼ਾਹ

ਛੱਤੀਸਗੜ੍ਹ ’ਚ ਕਾਂਗਰਸ ‘ਪਤਿਆਉਣ’ ਦੀ ਰਾਜਨੀਤੀ ਜਾਰੀ ਰੱਖੇਗੀ: ਸ਼ਾਹ

ਰਾਜਨੰਦਗਾਓਂ ’ਚ ਰੈਲੀ ਨੂੰ ਕੀਤਾ ਸੰਬੋਧਨ; ਸੱਤਾ ’ਚ ਆਉਣ ’ਤੇ ਭ੍ਰਿਸ਼ਟਾਚਾਰੀਆਂ ਤੋਂ ਇਕ-ਇਕ ਪੈਸਾ ਵਸੂਲਣ ਦਾ ਵਾਅਦਾ
ਰਾਜਨੰਦਗਾਓਂ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੋਸ਼ ਲਾਇਆ ਕਿ ਕਾਂਗਰਸ ਛੱਤੀਸਗੜ੍ਹ ਵਿੱਚ ‘ਪਤਿਆਉਣ’ ਦੀ ਰਾਜਨੀਤੀ ਵਿੱਚ ਸ਼ਾਮਲ ਰਹੇਗੀ। ਰਾਜਨੰਦਗਾਓਂ ਸ਼ਹਿਰ ਵਿੱਚ ਸੋਮਵਾਰ ਨੂੰ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਇੱਕ ਫੂਡ ਚੇਨ (ਰੈਸਟੋਰੈਂਟਾਂ ਦੀ) ਵਾਂਗ ਦਿੱਲੀ ਤੱਕ ਭ੍ਰਿਸ਼ਟਾਚਾਰ ਦੀ ਲੜੀ ਬਣਾਈ ਹੈ। ਉਨ੍ਹਾਂ ਕਿਹਾ, ‘‘ਜੇ ਛੱਤੀਸਗੜ੍ਹ ’ਚ ਭਾਜਪਾ ਸੱਤਾ ’ਚ ਆਉਂਦੀ ਹੈ ਤਾਂ ਅਸੀਂ ਭ੍ਰਿਸ਼ਟਾਚਾਰੀਆਂ ਤੋਂ ਇਕ-ਇਕ ਪੈਸਾ ਵਸੂਲ ਕਰਾਂਗੇ ਅਤੇ ਉਨ੍ਹਾਂ ਨੂੰ ਉਲਟਾ ਲਟਕਾ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਅਣਵੰਡਿਆ ਮੱਧ ਪ੍ਰਦੇਸ਼-ਛੱਤੀਸਗੜ੍ਹ ਕਾਂਗਰਸ ਦੇ ਸ਼ਾਸਨ ਦੌਰਾਨ ‘ਬਿਮਾਰ’ (ਪੱਛੜਿਆ ਹੋਇਆ) ਰਾਜ ਰਿਹਾ ਸੀ, ਪਰ ਰਮਨ ਸਿੰਘ ਦੇ ਸੱਤਾ ਵਿੱਚ ਆਉਣ ਤੋਂ 15 ਸਾਲਾਂ ਬਾਅਦ (2003 ਵਿੱਚ) ਇਹ ਇੱਕ ਵਿਕਸਤ ਰਾਜ ਬਣ ਗਿਆ। ਸ਼ਾਹ ਨੇ ਅਪਰੈਲ ‘ਚ ਬੇਮੇਤਾਰਾ ਜ਼ਿਲ੍ਹੇ ਦੇ ਪਿੰਡ ਬੀਰਨਪੁਰ ’ਚ ਫਿਰਕੂ ਹਿੰਸਾ ਨੂੰ ਲੈ ਕੇ ਭੂਪੇਸ਼ ਬਘੇਲ ਸਰਕਾਰ ’ਤੇ ਹਮਲਾ ਕੀਤਾ ਅਤੇ ਲੋਕਾਂ ਨੂੰ ਪੁੱਛਿਆ ਕਿ ਕੀ ਉਹ ਚਾਹੁੰਦੇ ਹਨ ਕਿ ਛੱਤੀਸਗੜ੍ਹ ਫਿਰ ਤੋਂ ਫਿਰਕੂ ਦੰਗਿਆਂ ਦਾ ਕੇਂਦਰ ਬਣੇ। ਇਹ ਰੈਲੀ ਰਾਜਨੰਦਗਾਓਂ ਵਿੱਚ ਸਾਬਕਾ ਮੁੱਖ ਮੰਤਰੀ ਰਮਨ ਸਿੰਘ ਅਤੇ ਤਿੰਨ ਹੋਰ ਭਾਜਪਾ ਉਮੀਦਵਾਰਾਂ ਦੇ ਨਾਮਜ਼ਦਗੀ ਫਾਰਮ ਭਰਨ ਤੋਂ ਪਹਿਲਾਂ ਕੀਤੀ ਗਈ ਸੀ। ਵਿਰੋਧੀ ਭਾਜਪਾ ਨੇ ਬੀਰਨਪੁਰ ਦੰਗਿਆਂ ਵਿੱਚ ਮਾਰੇ ਗਏ ਭੁਨੇਸ਼ਵਰ ਸਾਹੂ ਦੇ ਪਿਤਾ ਈਸ਼ਵਰ ਸਾਹੂ ਨੂੰ ਬੇਮੇਤਾਰਾ ਜ਼ਿਲ੍ਹੇ ਦੇ ਸਾਜਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਹੈ। ਛੱਤੀਸਗੜ੍ਹ ਦੀਆਂ 90 ਸੀਟਾਂ ਲਈ 7 ਅਤੇ 17 ਨਵੰਬਰ ਨੂੰ ਦੋ ਪੜਾਵਾਂ ਵਿੱਚ ਵੋਟਾਂ ਪੈਣੀਆਂ ਹਨ। ਮੰਚ ‘ਤੇ ਮੌਜੂਦ ਈਸ਼ਵਰ ਸਾਹੂ ਵੱਲ ਇਸ਼ਾਰਾ ਕਰਦਿਆਂ ਸ਼ਾਹ ਨੇ ਕਿਹਾ ਕਿ ਭੁਨੇਸ਼ਵਰ ਸਾਹੂ ਨੂੰ ਵੋਟ ਬੈਂਕ ਅਤੇ ਰਿਝਾਉਣ ਲਈ ਮਾਰਿਆ ਗਿਆ ਸੀ। ‘‘ਅਸੀਂ ਭੁਨੇਸ਼ਵਰ ਸਾਹੂ ਦੇ ਕਾਤਲ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਵਾਂਗੇ। ਅਸੀਂ ਉਸ ਦੇ ਪਿਤਾ ਨੂੰ ਟਿਕਟ ਦਿੱਤੀ ਹੈ।’’ ਉਨ੍ਹਾਂ ਕਿਹਾ, ‘‘ਕੀ ਤੁਸੀਂ ਚਾਹੁੰਦੇ ਹੋ ਕਿ ਛੱਤੀਸਗੜ੍ਹ ਇੱਕ ਵਾਰ ਫਿਰ ਫ਼ਿਰਕੂ ਦੰਗਿਆਂ ਦਾ ਕੇਂਦਰ ਬਣ ਜਾਵੇ? ਭੁਨੇਸ਼ਵਰ ਸਾਹੂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਜਾਂ ਨਹੀਂ? ਜੇਕਰ ਕਾਂਗਰਸ ਮੁੜ ਸੱਤਾ ਵਿੱਚ ਆਉਂਦੀ ਹੈ, ਤਾਂ ਇਹ ਪਤਿਆਉਣ ਅਤੇ ਵੋਟ ਬੈਂਕ ਦੀ ਰਾਜਨੀਤੀ ਜਾਰੀ ਰੱਖੇਗੀ।’’ ਸ਼ਾਹ ਨੇ ਕਿਹਾ ਕਿ ਛੱਤੀਸਗੜ੍ਹ ਵਿੱਚ ਕਾਂਗਰਸ ਦੇ ਸ਼ਾਸਨ ਦੌਰਾਨ ਕਈ ‘ਘਪਲੇ’ ਹੋਏ ਹਨ ਅਤੇ ਮੁੱਖ ਮੰਤਰੀ ਬਘੇਲ ’ਤੇ ਰਾਜ ਨੂੰ ‘ਦਿੱਲੀ ਦਰਬਾਰ ਦੇ ਏਟੀਐਮ’ ਵਿੱਚ ਬਦਲਣ ਦਾ ਦੋਸ਼ ਲਾਇਆ। –