ਪ੍ਰਧਾਨ ਮੰਤਰੀ ਨੂੰ ਮਨੀਪੁਰ ਨਾਲੋਂ ਇਜ਼ਰਾਈਲ ਦੀ ਵੱਧ ਫ਼ਿਕਰ ਹੋਣਾ ਸ਼ਰਮਨਾਕ: ਰਾਹੁਲ

ਪ੍ਰਧਾਨ ਮੰਤਰੀ ਨੂੰ ਮਨੀਪੁਰ ਨਾਲੋਂ ਇਜ਼ਰਾਈਲ ਦੀ ਵੱਧ ਫ਼ਿਕਰ ਹੋਣਾ ਸ਼ਰਮਨਾਕ: ਰਾਹੁਲ

ਕਾਂਗਰਸ ਆਗੂ ਨੇ ਚੋਣਾਂ ਵਾਲੇ ਸੂਬੇ ਮਿਜ਼ੋਰਮ ਵਿਚ ਭਾਜਪਾ ਤੇ ਪ੍ਰਧਾਨ ਮੰਤਰੀ ’ਤੇ ਸੇਧਿਆ ਨਿਸ਼ਾਨਾ
ਐਜ਼ਾਲ- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਨੀਪੁਰ ਤੋਂ ਵੱਧ ਇਜ਼ਰਾਈਲ ਦੀਆਂ ਘਟਨਾਵਾਂ ਬਾਰੇ ਚਿੰਤਤ ਹਨ। ਕਾਂਗਰਸ ਆਗੂ ਨੇ ਸ਼ਹਿਰ ਦੀਆਂ ਸੜਕਾਂ ਉਤੇ ਦੋ ਕਿਲੋਮੀਟਰ ਦੀ ਪਦਯਾਤਰਾ ਤੋਂ ਬਾਅਦ ਐਜ਼ਾਲ ਵਿਚ ਰਾਜ ਭਵਨ ਦੇ ਨੇੜੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਆਂਢੀ ਰਾਜ ਮਨੀਪੁਰ ਹੁਣ ਇਕ ਸੰਗਠਿਤ ਰਾਜ ਨਹੀਂ ਰਹਿ ਗਿਆ ਹੈ, ਬਲਕਿ ਜਾਤੀ ਅਧਾਰ ਉਤੇ ਦੋ ਰਾਜਾਂ ਵਿਚ ਵੰਡਿਆ ਗਿਆ ਹੈ। ਚੋਣ ਵਾਲੇ ਰਾਜ ਮਿਜ਼ੋਰਮ ਵਿਚ ਦੋ ਦਿਨਾਂ ਦੀ ਯਾਤਰਾ ਉਤੇ ਪਹੁੰਚੇ ਰਾਹੁਲ ਨੇ ਇਸ ਗੱਲ ਉਤੇ ਵੀ ਜ਼ੋਰ ਦਿੱਤਾ ਕਿ ਕਾਂਗਰਸ ਨੇ 1986 ਵਿਚ ਸ਼ਾਂਤੀ ਸਮਝੌਤੇ ਉਤੇ ਸਹੀ ਪਾ ਕੇ ਹਿੰਸਾ ਪ੍ਰਭਾਵਿਤ ਉੱਤਰ-ਪੂਰਬੀ ਰਾਜਾਂ ਵਿਚ ਸ਼ਾਂਤੀ ਬਹਾਲੀ ਦਾ ਰਾਹ ਖੋਲ੍ਹਿਆ ਸੀ। ਰਾਹੁਲ ਨੇ ਕਿਹਾ ਕਿ ਮਨੀਪੁਰ ਵਿਚ ਲੋਕਾਂ ਦੀ ਹੱਤਿਆ ਹੋ ਗਈ, ਮਹਿਲਾਵਾਂ ਦਾ ਜਨਿਸੀ ਸ਼ੋਸ਼ਣ ਕੀਤਾ ਗਿਆ ਤੇ ਬੱਚਿਆਂ ਨੂੰ ਮਾਰ ਦਿੱਤਾ ਗਿਆ, ਪਰ ਸ਼ਰਮ ਦੀ ਗੱਲ ਹੈ ਕਿ ਮਨੀਪੁਰ ਵਿਚ ਜੋ ਕੁਝ ਵੀ ਹੋਇਆ, ਉਸ ਤੋਂ ਬਾਅਦ ਵੀ ਸਾਡੇ ਦੇਸ਼ ਦੇ ਨੇਤਾ ਉੱਥੇ ਨਹੀਂ ਗਏ। ਉਨ੍ਹਾਂ ਕਿਹਾ ਕਿ ਮਨੀਪੁਰ ਸਮੱਸਿਆ ਦਾ ਇਕ ਲੱਛਣ ਹੈ ਤੇ ਅਜਿਹੀਆਂ ਹੀ ਸਮੱਸਿਆਵਾਂ ਦੇਸ਼ ਦੇ ਕਈ ਹਿੱਸਿਆਂ ਵਿਚ ਛੋਟੇ ਰੂਪ ਵਿਚ ਦੇਖੀਆਂ ਜਾ ਸਕਦੀਆਂ ਹਨ। ਰਾਹੁਲ ਨੇ ਨਾਲ ਹੀ ਕਿਹਾ ਕਿ ਭਾਰਤ ਦੇਸ਼ ਦੇ ਵਿਚਾਰ ਉਤੇ ਭਾਜਪਾ ਵੱਲੋਂ ਸਮਾਜਿਕ, ਧਾਰਮਿਕ ਤੇ ਭਾਸ਼ਾਈ ਅਧਾਰ ਉਤੇ ਹਮਲਾ ਕੀਤਾ ਜਾ ਰਿਹਾ ਹੈ। ਰਾਹੁਲ ਨੇ ਇਸ ਮੌਕੇ ਸੱਤਾਧਾਰੀ ਮਿਜ਼ੋ ਨੈਸ਼ਨਲ ਫਰੰਟ ਉਤੇ ਵੀ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ ਕਿ ਕਾਂਗਰਸ ‘ਖ਼ੋਖਲੀਆਂ ਗੱਲਾਂ’ ਨਹੀਂ ਕਰਦੀ ਬਲਕਿ ਉਨ੍ਹਾਂ ਕੋਲ ਮਿਜ਼ੋਰਮ ਲਈ ਇਕ ਯੋਜਨਾ ਹੈ। ਉਨ੍ਹਾਂ ਵੱਖ-ਵੱਖ ਸੂਬਿਆਂ ਵਿਚ ਕਾਂਗਰਸ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਵੀ ਜ਼ਿਕਰ ਕੀਤਾ।

ਇਸੇ ਦੌਰਾਨ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਭਾਜਪਾ ਤੇ ਇਸ ਦੇ ਸਾਥੀ ਸੱਤਾ ਤੇ ਲਾਲਚ ਵਿਚ ਉੱਤਰ-ਪੂਰਬੀ ਰਾਜਾਂ ’ਚ ਸ਼ਾਂਤੀ ਭੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਉੱਤਰ-ਪੂਰਬ ਵਿਚ ਸ਼ਾਂਤੀ ਤੇ ਸਦਭਾਵਨਾ ਯਕੀਨੀ ਬਣਾਉਣ ਪ੍ਰਤੀ ਵਚਨਬੱਧ ਹੈ।