ਇਜ਼ਰਾਇਲੀ ਪ੍ਰਧਾਨ ਮੰਤਰੀ ਨੇਤਨਯਾਹੂ ਵੱਲੋਂ ਇਰਾਨ ਅਤੇ ਹਿਜ਼ਬੁੱਲਾ ਨੂੰ ਚਿਤਾਵਨੀ

ਇਜ਼ਰਾਇਲੀ ਪ੍ਰਧਾਨ ਮੰਤਰੀ ਨੇਤਨਯਾਹੂ ਵੱਲੋਂ ਇਰਾਨ ਅਤੇ ਹਿਜ਼ਬੁੱਲਾ ਨੂੰ ਚਿਤਾਵਨੀ

ਹਮਾਸ ਨੂੰ ਹਰਾਉਣ ਲਈ ਸਮੁੱਚੀ ਦੁਨੀਆ ਨੂੰ ਇਕਜੁੱਟ ਹੋਣ ਦਾ ਦਿੱਤਾ ਸੱਦਾ
ਯੇਰੂਸ਼ਲੱਮ-ਗਾਜ਼ਾ ਦੀ ਮੁਕੰਮਲ ਘੇਰਾਬੰਦੀ ਅਤੇ ਹਵਾਈ ਹਮਲਿਆਂ ਦਰਮਿਆਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਨਿ ਨੇਤਨਯਾਹੂ ਨੇ ਇਰਾਨ ਅਤੇ ਹਿਜ਼ਬੁੱਲਾ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਉਨ੍ਹਾਂ ਦਾ ਇਮਤਿਹਾਨ ਨਾ ਲੈਣ। ਨੇਤਨਯਾਹੂ ਨੇ ਇਜ਼ਰਾਇਲੀ ਸੰਸਦ ਨੈਸੇਟ ’ਚ ਭਾਸ਼ਨ ਦਿੰਦਿਆਂ ਕੁੱਲ ਆਲਮ ਨੂੰ ਸੱਦਾ ਦਿੱਤਾ ਕਿ ਉਹ ਹਮਾਸ ਨੂੰ ਹਰਾਉਣ ਲਈ ਇਕਜੁੱਟ ਹੋ ਜਾਵੇ। ਹਮਾਸ ਦੀ ਨਾਜ਼ੀਆਂ ਨਾਲ ਤੁਲਨਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਜੰਗ ਪੂਰੀ ਦੁਨੀਆ ਦੀ ਹੈ। ਗਾਜ਼ਾ ਖਾਲੀ ਕਰਨ ਦੇ ਦਿੱਤੇ ਹੁਕਮਾਂ ਦੀ ਮਿਆਦ ਖ਼ਤਮ ਹੋਣ ਮਗਰੋਂ ਲੋਕਾਂ ਨੇ ਹਸਪਤਾਲਾਂ ਅਤੇ ਸਕੂਲਾਂ ’ਚ ਪਨਾਹ ਲੈ ਲਈ ਹੈ ਜਿਥੇ ਭੋਜਨ, ਪਾਣੀ ਅਤੇ ਈਂਧਣ ਤਕਰੀਬਨ ਖ਼ਤਮ ਹੋ ਗਏ ਹਨ। ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਨਸੀਰ ਕਨਾਨੀ ਨੇ ਕਿਹਾ ਕਿ ਜੇਕਰ ਇਜ਼ਰਾਈਲ ਗਾਜ਼ਾ ’ਤੇ ਹਵਾਈ ਹਮਲੇ ਰੋਕਦਾ ਹੈ ਤਾਂ ਹਮਾਸ ਬੰਦੀਆਂ ਨੂੰ ਰਿਹਾਅ ਕਰਨ ਬਾਰੇ ਵਿਚਾਰ ਕਰ ਸਕਦਾ ਹੈ। ਉਂਜ ਹਮਾਸ ਨੇ ਕਿਹਾ ਕਿ ਉਹ ਇਜ਼ਰਾਈਲ ਵੱਲੋਂ ਫੜੇ ਗਏ ਹਜ਼ਾਰਾਂ ਫਲਸਤੀਨੀਆਂ ਦੇ ਬਦਲੇ ’ਚ ਬੰਦੀਆਂ ਨੂੰ ਛੱਡੇਗਾ। ਇਰਾਨ ਨੇ ਇਹ ਧਮਕੀ ਵੀ ਦਿੱਤੀ ਹੈ ਕਿ ਜੇਕਰ ਇਜ਼ਰਾਈਲ ਨੇ

ਆਉਣ ਵਾਲੇ ਦਿਨਾਂ ’ਚ ਗਾਜ਼ਾ ਪੱਟੀ ਅੰਦਰ ਜ਼ਮੀਨੀ ਹਮਲੇ ਕੀਤੇ ਤਾਂ ਉਹ ਵੀ ਜੰਗ ’ਚ ਸ਼ਾਮਲ ਹੋ ਸਕਦਾ ਹੈ। ਇਜ਼ਰਾਇਲੀ ਫ਼ੌਜ ਨੇ ਕਿਹਾ ਹੈ ਕਿ ਹਮਾਸ ਅਤੇ ਹੋਰ ਫਲਸਤੀਨੀ ਦਹਿਸ਼ਤਗਰਦਾਂ ਨੇ 199 ਵਿਅਕਤੀਆਂ ਨੂੰ ਗਾਜ਼ਾ ’ਚ ਬੰਦੀ ਬਣਾਇਆ ਹੋਇਆ ਹੈ। ਪਹਿਲਾਂ ਤੋਂ ਲਾਏ ਗਏ ਅੰਦਾਜ਼ੇ ਨਾਲੋਂ ਇਹ ਗਿਣਤੀ ਕਿਤੇ ਜ਼ਿਆਦਾ ਹੈ। ਫ਼ੌਜ ਦੇ ਤਰਜਮਾਨ ਰੀਅਰ ਐਡਮਿਰਲ ਡੇਨੀਅਲ ਹਗਾਰੀ ਨੇ ਕਿਹਾ ਕਿ ਪਰਿਵਾਰਾਂ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ। ਉਂਜ ਉਨ੍ਹਾਂ ਇਹ ਨਹੀਂ ਦੱਸਿਆ ਕਿ ਬੰਦੀ ਬਣਾਏ ਗਏ ਵਿਅਕਤੀਆਂ ’ਚ ਵਿਦੇਸ਼ੀ ਸ਼ਾਮਲ ਹਨ ਜਾਂ ਨਹੀਂ। ਇਹ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਉਨ੍ਹਾਂ ਨੂੰ ਕਿਸ ਧੜੇ ਨੇ ਬੰਦੀ ਬਣਾਇਆ ਹੈ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਹਮਾਸ ਦਹਿਸ਼ਤੀ ਗੁੱਟ ਨੇ ਉਨ੍ਹਾਂ ਨੂੰ ਫੜਿਆ ਹੋਇਆ ਹੈ। ਉਧਰ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਛੇ ਅਰਬ ਮੁਲਕਾਂ ਦੇ ਦੌਰੇ ਮਗਰੋਂ ਦੂਜੀ ਵਾਰ ਇਜ਼ਰਾਈਲ ਪਰਤ ਆਏ ਹਨ। ਉਹ ਅਰਬ ਮੁਲਕਾਂ ਨਾਲ ਜੰਗ ਬਾਰੇ ਹੋਈ ਵਾਰਤਾ ਦੀ ਜਾਣਕਾਰੀ ਨੇਤਨਯਾਹੂ ਅਤੇ ਇਜ਼ਰਾਈਲ ਦੇ ਹੋਰ ਆਗੂਆਂ ਨਾਲ ਸਾਂਝਾ ਕਰ ਸਕਦੇ ਹਨ। ਜਾਰਡਨ, ਫਲਸਤੀਨ ਅਥਾਰਿਟੀ, ਕਤਰ, ਬਹਿਰੀਨ, ਯੂਏਈ, ਸਾਊਦੀ ਅਰਬ ਅਤੇ ਮਿਸਰ ਦੇ ਆਗੂਆਂ ਨੇ ਬਲਿੰਕਨ ਨੂੰ ਕਿਹਾ ਹੈ ਕਿ ਗਾਜ਼ਾ ਦੇ ਲੋਕਾਂ ਦੀ ਇਜ਼ਰਾਇਲ ਹਮਲਿਆਂ ਤੋਂ ਸੁਰੱਖਿਆ ਕੀਤੀ ਜਾਵੇ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਹਿਜ਼ਬੁੱਲਾ ਅਤੇ ਇਜ਼ਰਾਇਲੀ ਫ਼ੌਜ ਵਿਚਕਾਰ ਝੜਪਾਂ ਤੇਜ਼ ਹੋਣ ਕਾਰਨ ਬੇਰੂਤ ’ਚ ਮੈਡੀਕਲ ਸਪਲਾਈ ਦੇ ਦੋ ਬੇੜੇ ਭੇਜੇ ਹਨ। ਡਬਲਿਊਐੱਚਓ ਨੇ ਕਿਹਾ ਕਿ ਭਾਰੀ ਤਬਾਹੀ ਕਾਰਨ ਉੱਤਰੀ ਗਾਜ਼ਾ ਦੇ ਚਾਰ ਹਸਪਤਾਲ ਕੰਮ ਨਹੀਂ ਕਰ ਰਹੇ ਹਨ ਅਤੇ 21 ਹਸਪਤਾਲ ਖਾਲੀ ਕਰਨ ਦੇ ਹੁਕਮ ਮਿਲੇ ਹਨ। ਸੰਯੁਕਤ ਰਾਸ਼ਟਰ ਦੀ ਫਲਸਤੀਨੀ ਸ਼ਰਨਾਰਥੀਆਂ ਲਈ ਰਾਹਤ ਅਤੇ ਕੰਮਕਾਰ ਏਜੰਸੀ ਨੇ ਕਿਹਾ ਹੈ ਕਿ ਉਨ੍ਹਾਂ ਇਕ ਟੀਮ ਮਿਸਰ ਭੇਜੀ ਹੈ ਤਾਂ ਜੋ ਗਾਜ਼ਾ ਪੱਟੀ ’ਚ ਇਜ਼ਰਾਇਲੀ ਬੰਬਾਰੀ ਦਰਮਿਆਨ ਮਾਨਵੀ ਸਹਾਇਤਾ ਪਹੁੰਚਾਉਣ ਲਈ ਲਾਂਘਾ ਖੋਲ੍ਹਿਆ ਜਾ ਸਕੇ। ਇਜ਼ਰਾਇਲੀ ਫ਼ੌਜ ਨੇ ਲਬਿਨਾਨ ਦੀ ਸਰਹੱਦ ਨੇੜੇ ਰਹਿੰਦੇ 28 ਫਿਰਕਿਆਂ ਨੂੰ ਇਲਾਕਾ ਖਾਲੀ ਕਰਨ ਦੇ ਹੁਕਮ ਦਿੱਤੇ ਹਨ। ਇਸ ਹੁਕਮ ਨਾਲ ਸਰਹੱਦ ਦੇ ਦੋ ਕਿਲੋਮੀਟਰ ਦੇ ਘੇਰੇ ਅੰਦਰ ਰਹਿੰਦੇ ਫਿਰਕਿਆਂ ’ਤੇ ਅਸਰ ਪਵੇਗਾ। ਹਿਜ਼ਬੁੱਲਾ ਨੇ ਕਿਹਾ ਕਿ ਹਮਲਿਆਂ ’ਚ ਵਾਧਾ ਚਿਤਾਵਨੀ ਸੀ ਅਤੇ ਇਸ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਜੰਗ ਦਾ ਫ਼ੈਸਲਾ ਕਰ ਲਿਆ ਹੈ। ਤਣਾਅ ਫੈਲਣ ਮਗਰੋਂ ਲਬਿਨਾਨ ਦੀ ਦਹਿਸ਼ਤੀ ਜਥੇਬੰਦੀ ਹਿਜ਼ਬੁੱਲਾ ਨੇ ਸਰਹੱਦ ’ਤੇ ਕਈ ਇਜ਼ਰਾਇਲੀ ਚੌਕੀਆਂ ਦੇ ਕੈਮਰਿਆਂ ਨੂੰ ਤੋੜ ਦਿੱਤਾ। ਹਿਜ਼ਬੁੱਲਾ ਨੇ ਇਸ ਸਬੰਧੀ ਵੀਡੀਓ ਜਾਰੀ ਕੀਤਾ ਹੈ ਜਿਸ ’ਚ ਨਿਸ਼ਾਨਚੀ ਲਬਿਨਾਨ-ਇਜ਼ਰਾਇਲੀ ਸਰਹੱਦ ’ਤੇ ਪੰਜ ਥਾਵਾਂ ’ਤੇ ਲਾਏ ਗਏ ਕੈਮਰਿਆਂ ਨੂੰ ਨਸ਼ਟ ਕਰਦੇ ਦਿਖਾਈ ਦੇ ਰਹੇ ਹਨ। ਇੰਜ ਜਾਪਦਾ ਹੈ ਕਿ ਹਿਜ਼ਬੁੱਲਾ ਲਬਿਨਾਨ ਵਾਲੇ ਪਾਸੇ ਆਪਣੀਆਂ ਕਾਰਵਾਈਆਂ ਨੂੰ ਇਜ਼ਰਾਈਲ ਦੀ ਨਜ਼ਰ ਤੋਂ ਬਚਾਉਣਾ ਚਾਹੁੰਦਾ ਹੈ। ਹਿਜ਼ਬੁੱਲਾ ਆਗੂ ਹਸਨ ਫੜਲਾਲਾ ਨੇ ਐਤਵਾਰ ਨੂੰ ਕਿਹਾ ਕਿ ਗਾਜ਼ਾ ਦੇ ਹਾਲਾਤ ਮੁਤਾਬਕ ਹੀ ਹਿਜ਼ਬੁੱਲਾ ਅਗਲੀ ਕਾਰਵਾਈ ਕਰੇਗਾ।