ਪਾਕਿਸਤਾਨ ਨੂੰ ਆਰਥਿਕ ਸੰਕਟ ਤੋਂ ਉਭਾਰਨ ਦਾ ਖ਼ਾਕਾ ਪੇਸ਼ ਕਰਨਗੇ ਨਵਾਜ਼

ਪਾਕਿਸਤਾਨ ਨੂੰ ਆਰਥਿਕ ਸੰਕਟ ਤੋਂ ਉਭਾਰਨ ਦਾ ਖ਼ਾਕਾ ਪੇਸ਼ ਕਰਨਗੇ ਨਵਾਜ਼

ਸਾਬਕਾ ਪ੍ਰਧਾਨ ਮੰਤਰੀ ਦੀ ਮੀਨਾਰ-ਏ-ਪਾਕਿਸਤਾਨ ਰੈਲੀ 21 ਨੂੰ
ਲਾਹੌਰ-
ਪਾਕਿਸਤਾਨ ਦੇ ਸਵੈ-ਜਲਾਵਤਨ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ 21 ਅਕਤੂਬਰ ਨੂੰ ਪੰਜਾਬ ਸੂਬੇ ਦੀ ਰਾਜਧਾਨੀ ਵਿਚ ਆਪਣੀ ਰੈਲੀ ਦੌਰਾਨ ਵਿੱਤੀ ਸੰਕਟ ਨਾਲ ਜੂਝ ਰਹੇ ਦੇਸ਼ ਅੱਗੇ ਆਰਥਿਕ ਸੰਕਟ ਤੋਂ ਬਾਹਰ ਨਿਕਲਣ ਦਾ ਖਾਕਾ ਪੇਸ਼ ਕਰਨਗੇ। ‘ਡਾਨ ਨਿਊਜ਼’ ਦੀ ਖਬਰ ਮੁਤਾਬਕ ਲਾਹੌਰ ਜ਼ਿਲ੍ਹਾ ਪ੍ਰਸ਼ਾਸਨ ਨੇ ਐਤਵਾਰ ਨੂੰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਪਾਰਟੀ ਨੂੰ ਮੀਨਾਰ-ਏ-ਪਾਕਿਸਤਾਨ ਵਿਚ ਇਕ ਰੈਲੀ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਮੁਸਤਫ਼ਾਬਾਦ ਵਿਚ ਪੀਐਮਐਲ-ਐੱਨ ਵਰਕਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਉਪ ਪ੍ਰਧਾਨ ਹਮਜ਼ਾ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਇਸ ਹਫਤੇ ਦੇ ਅਖੀਰ ਵਿਚ ਉਨ੍ਹਾਂ ਦੇ ਸਿਖ਼ਰਲੇ ਆਗੂ ਦੀ ਵਾਪਸੀ ਤੋਂ ਬਾਅਦ ਪਾਕਿਸਤਾਨ ਤਰੱਕੀ ਤੇ ਖੁਸ਼ਹਾਲੀ ਵੱਲ ਆਪਣੀ ਯਾਤਰਾ ਫਿਰ ਸ਼ੁਰੂ ਕਰੇਗਾ। ਪਾਰਟੀ ਆਗੂ ਮਲਿਕ ਅਹਿਮਦ ਨੇ ਕਿਹਾ ਕਿ 21 ਅਕਤੂਬਰ ਦਾ ਦਿਨ ਕੋਈ ਸਾਧਾਰਨ ਦਿਨ ਨਹੀਂ ਹੋਵੇਗਾ। ਰਿਪੋਰਟ ਮੁਤਾਬਕ ਇਸ ਰੈਲੀ ਰਾਹੀਂ ਪੀਐਮਐਲ-ਐੱਨ ਨਾ ਸਿਰਫ਼ ਨਵਾਜ਼ ਦਾ ਸਵਾਗਤ ਕਰੇਗੀ ਬਲਕਿ ਵੱਡਾ ਇਕੱਠ ਕਰ ਕੇ ਪੀਟੀਆਈ ਨੂੰ ਵੀ ਜਵਾਬ ਦੇਣਾ ਚਾਹੇਗੀ ਜੋ ਅਕਸਰ ਅਜਿਹੀਆਂ ਰੈਲੀਆਂ ਕਰਦੀ ਰਹੀ ਹੈ। –