ਪਟਵਾਰੀਆਂ ਦੀ ਹੜਤਾਲ ਕਾਰਨ ਡੂੰਘਾ ਹੋਇਆ ਲੋਕਾਂ ਦਾ ਸੰਕਟ

ਪਟਵਾਰੀਆਂ ਦੀ ਹੜਤਾਲ ਕਾਰਨ ਡੂੰਘਾ ਹੋਇਆ ਲੋਕਾਂ ਦਾ ਸੰਕਟ

ਮੋਗਾ- ਪੰਜਾਬ ਵਿੱਚ ਮਾਲ ਪਟਵਾਰੀਆਂ ਵੱਲੋਂ ਵਾਧੂ ਹਲਕਿਆਂ ਦੇ ਚਾਰਜ ਛੱਡੇ ਨੂੰ ਮਹੀਨੇ ਤੋਂ ਵੱਧ ਸਮਾਂ ਬੀਤ ਗਿਆ ਹੈ ਪਰ ਸਰਕਾਰ ਇਸ ਮਸਲੇ ਦਾ ਹੱਲ ਕੱਢਣ ਲਈ ਸੰਜੀਦਾ ਦਿਖਾਈ ਨਹੀਂ ਦੇ ਰਹੀ ਜਿਸ ਕਾਰਨ ਲੋਕ ਤਹਿਸੀਲਾਂ ਵਿੱਚ ਖੁਆਰ ਹੋ ਰਹੇ ਹਨ। ਪਟਵਾਰੀਆਂ ਦੀ ਹੜਤਾਲ ਕਾਰਨ ਬੈਂਕਾਂ ਦੀਆਂ ਲਿਮਟਾਂ, ਭਾਰ ਮੁਕਤ ਸਰਟੀਫਿਕੇਟ ਅਤੇ ਇੰਤਕਾਲਾਂ ਦਾ ਕੰਮ ਰੁਕ ਗਿਆ ਹੈ। ਲੋਕ ਆਪਣੇ ਕੰਮ ਲਈ ਰੋਜ਼ਾਨਾ ਤਹਿਸੀਲ ਦਫ਼ਤਰ ਆਉਂਦੇ ਹਨ ਤੇ ਨਿਰਾਸ਼ ਹੋ ਕੇ ਮੁੜ ਜਾਂਦੇ ਹਨ। ਹੁਣ ਕਿਸਾਨ ਜਥੇਬੰਦੀਆਂ ਵੀ ਇਸ ਮਸਲੇ ’ਤੇ ਸੰਘਰਸ਼ ਵਿੱਢਣ ਦੇ ਰੌਂਅ ਵਿੱਚ ਹਨ। ਪਟਵਾਰੀਆਂ ਦੀ ਹੜਤਾਲ ਕਾਰਨ ਜਿਥੇ ਲੋਕਾਂ ਦੇ ਕੰਮ ਰੁਕੇ ਪਏ ਹਨ ਉਥੇ ਸਰਕਾਰ ਦੇ ਮਾਲੀਏ ਨੂੰ ਵੀ ਸੱਟ ਵੱਜੀ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਕੋਕਰੀ ਬੁੱਟਰਾਂ ਦੇ ਵਸਨੀਕ ਨਛੱਤਰ ਸਿੰਘ ਤੇ ਅਜਮੇਰ ਸਿੰਘ ਨੇ ਆਖਿਆ ਕਿ ਉਨ੍ਹਾਂ ਆਪਣੀ ਬੈਂਕ ਦੀ ਪੁਰਾਣੀ ਲਿਮਟ ਬੰਦ ਕਰ ਦਿੱਤੀ ਅਤੇ ਹੁਣ ਉਹ ਨਵੀਂ ਲਿਮਟ ਬਣਾਉਣਾ ਚਾਹੁੰਦੇ ਹਨ ਪਰ ਪੁਰਾਣੀ ਲਿਮਟ ਉਨ੍ਹਾਂ ਦੇ ਮਾਲ ਰਿਕਾਰਡ ਵਿਚ ਬੋਲਦੀ ਹੈ। ਉਨ੍ਹਾਂ ਨੂੰ ਭਾਰਮੁਕਤ ਸਰਟੀਫਿਕੇਟ ਦੀ ਤੁਰੰਤ ਲੋੜ ਹੈ ਪਰ ਉਨ੍ਹਾਂ ਰੋਜ਼ਾਨਾ ਦਫ਼ਤਰਾਂ ਦੇ ਚੱਕਰ ਕੱਟ ਕੇ ਮੁੜ ਜਾਂਦੇ ਹਨ।

ਪਟਿਆਲਾ ਜ਼ਿਲ੍ਹੇ ਦੇ ਵਸਨੀਕ ਸੁਖਵਿੰਦਰ ਸਿੰਘ ਨੇ ਆਖਿਆ ਕਿ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਨੇ ਆਪਣੀਆਂ ਦੋ ਭੈਣਾਂ ਦੇ ਵਿਆਹ ਦੀ ਤਰੀਕ ਮਿੱਥ ਦਿੱਤੀ ਹੈ। ਉਹ ਆਪਣੀ ਜ਼ਮੀਨ ਦਾ ਇੰਤਕਾਲ ਕਰਵਾਉਣਾ ਚਾਹੁੰਦਾ ਹੈ ਤਾਂ ਜੋ ਬੈਂਕ ਦੀ ਲਿਮਟ ਬਣਵਾ ਸਕੇ ਪਰ ਪਿਛਲੇ ਮਹੀਨੇ ਤੋਂ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਸ ਨੇ ਆਖਿਆ ਕਿ ਉਸ ਨੇ ਪਟਵਾਰੀ ਨਾਲ ਵੀ ਗੱਲ ਕੀਤੀ ਹੈ ਅਤੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ। ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਨੇ ਕਿਹਾ ਕਿ ਪਟਵਾਰੀਆਂ ਦੀ ਹੜਤਾਲ ਕਾਰਨ ਪੰਜਾਬ ਵਿੱਚ ਤਿੰਨ ਹਜ਼ਾਰ ਤੋਂ ਵੱਧ ਅਤੇ ਜ਼ਿਲ੍ਹਾ ਮੋਗਾ ਦੇ 134 ਪਟਵਾਰ ਹਲਕਿਆਂ ਦੇ ਲੋਕ ਪ੍ਰਭਾਵਿਤ ਹੋ ਰਹੇ ਹਨ। ਸੂਬੇ ’ਚ ਸਾਉਣੀ ਦੀ ਗਿਰਦਾਵਰੀ ਸ਼ੁਰੂ ਹੋ ਗਈ ਹੈ ਅਤੇ ਕਰੀਬ 9 ਹਜ਼ਾਰ ਪਿੰਡਾਂ ਦੀ ਗਿਰਦਾਵਰੀ ਦਾ ਕੰਮ ਵੀ ਹੁਣ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪਟਵਾਰੀਆਂ ਨੂੰ ਵਾਧੂ ਸਰਕਲਾਂ ਦਾ ਚਾਰਜ ਦੇਣ ਦੀ ਥਾਂ ਹੋਰ ਬਦਲਵਾਂ ਪ੍ਰਬੰਧ ਕਰਨਾ ਚਾਹੀਦਾ ਹੈ। ਦਿ ਰੈਵੇਨਿਊ ਪਟਵਾਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ, ਜਨਰਲ ਸਕੱਤਰ ਸੁਖਵਿੰਦਰ ਸਿੰਘ, ਜ਼ਿਲ੍ਹਾ ਮੋਗਾ ਦੇ ਪ੍ਰਧਾਨ ਗੁਰਦੇਵ ਸਿੰਘ ਭੁੱਲਰ ਨੇ ਕਿਹਾ ਕਿ ਜਥੇਬੰਦੀ ‘ਇਕ ਤਨਖਾਹ, ਇੱਕ ਹਲਕਾ’ ਫਾਰਮੂਲਾ ’ਤੇ ਕਾਇਮ ਹੈ। ਉਨ੍ਹਾਂ ਕਿਹਾ ਕਿ ਸੂਬੇ ਅੰਦਰ 3193 ਪਟਵਾਰ ਸਰਕਲ ਅਤੇ 8500 ਦੇ ਲਗਪਗ ਪਿੰਡ ਪਟਵਾਰੀਆਂ ਤੋਂ ਵਾਂਝੇ ਹਨ। ਪਟਵਾਰੀਆਂ ਦੀਆਂ ਅਸਾਮੀਆਂ 4716 ਹਨ ਪਰ ਸਰਕਾਰ ਨੇ ਘਟਾ ਕੇ 3660 ਕਰ ਦਿੱਤੀਆਂ ਹਨ ਜਦਕਿ ਸੂਬੇ ਅੰਦਰ ਜ਼ਿਲ੍ਹਿਆਂ ਦੀ ਗਿਣਤੀ 12 ਤੋਂ 23 ਅਤੇ ਤਹਿਸੀਲਾਂ ਦੀ ਗਿਣਤੀ 62 ਤੋਂ 97 ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਪਟਵਾਰੀ ਵੱਲੋਂ ਕਰਿੰਦਾ ਰੱਖਿਆ ਹੋਇਆ ਹੈ ਤਾਂ ਉਹ ਪਟਵਾਰੀ ਖੁਦ ਜ਼ਿੰਮੇਵਾਰ ਹੋਵੇਗਾ। ਇਸ ਸਬੰਧੀ ਜਦੋਂ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ। ਉਨ੍ਹਾਂ ਨੂੰ ਵਟਸਐਪ ’ਤੇ ਮੈਸੇਜ ਵੀ ਕੀਤਾ ਗਿਆ ਪਰ ਉਨ੍ਹਾਂ ਦਾ ਕੋਈ ਜਵਾਬ ਨਾ ਆਇਆ।
ਜਦੋਂ ਕਿਸਾਨ ਨੇ ਮੁੱਖ ਮੰਤਰੀ ਨੂੰ ਕੰਮ ਕਰਵਾਉਣ ਲਈ ਵਾਸਤਾ ਪਾਇਆ

ਸੋਸ਼ਲ ਮੀਡੀਆ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਕਿਸਾਨ ਆਪਣਾ ਜ਼ਮੀਨੀ ਕੰਮ ਨਾ ਹੋਣ ਉੱਤੇ ਉਨ੍ਹਾਂ ਨੂੰ ਬੇਨਤੀ ਕਰਦਾ ਦਿਖਾਈ ਦੇ ਰਿਹਾ ਹੈ। ਕਿਸਾਨ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਸ ਨੇ ਲਿਮਟ ਚੁੱਕ ਕੇ ਆਪਣੇ ਬੱਚੇ ਬਾਹਰ ਭੇਜਣੇ ਹਨ ਅਤੇ ਕੋਈ ਪਟਵਾਰੀ ਕੰਮ ਨਹੀਂ ਕਰ ਰਿਹਾ। ਉਸ ਨੇ ਆਖਿਆ ਕਿ ਜੇਕਰ ਉਸ ਦੇ ਕੰਮ ਵਿੱਚ ਦੇਰੀ ਹੋ ਗਈ ਤਾਂ ਉਸ ਦੇ ਬੱਚਿਆਂ ਦਾ ਦਾਖਲ਼ਾ ਨਹੀਂ ਹੋਵੇਗਾ। ਮੁੱਖ ਮੰਤਰੀ ਨੇ ਕਿਸਾਨ ਦੀ ਗੱਲ ਧਿਆਨ ਨਾਲ ਸੁਣੀ ਅਤੇ ਉਸ ਨੂੰ ਭਰੋਸਾ ਦੇ ਕੇ ਚਲੇ ਗਏ।